ਨਵੀਂ ਦਿੱਲੀ-ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸਲਾਮਿਕ ਸਹਿਯੋਗ ਸੰਗਠਨ ਦੇ ਰਾਮਨੌਮੀ ਮੌਕੇ ‘ਤੇ ਜਾਰੀ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਓਆਈਸੀ ਦੀ ਫ਼ਿਰਕੂ ਮਾਨਸਿਕਤਾ ਤੇ ਭਾਰਤ ਵਿਰੋਧੀ ਏਜੰਡੇ ਦੀ ਇਕ ਹੋਰ ਮਿਸਾਲ ਕਰਾਰ ਦਿੱਤਾ। ਅਰਿੰਦਮ ਬਾਗਚੀ ਨੇ ਕਿਹਾ ਕਿ ਓਆਈਸੀ ਸਿਰਫ਼ ਭਾਰਤ ਵਿਰੋਧੀ ਤਾਕਤਾਂ ਵੱਲੋਂ ਲਗਾਤਾਰ ਹੇਰਫ਼ੇਰ ਕਰ ਕੇ ਆਪਣੇ ਮਾਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ, “ਅਸੀਂ ਭਾਰਤ ਸਬੰਧੀ ਓਆਈਸੀ ਸਕੱਤਰੇਤ ਵੱਲੋਂ ਅੱਜ ਜਾਰੀ ਕੀਤੇ ਬਿਆਨ ਦੀ ਸਖ਼ਤ ਨਿਖੇਧੀ ਕਰਦੇ ਹਾਂ। ਇਹ ਉਨ੍ਹਾਂ ਦੀ ਫ਼ਿਰਕੂ ਮਾਨਸਿਕਤਾ ਤੇ ਭਾਰਤ ਵਿਰੋਧੀ ਏਜੰਡੇ ਦੀ ਇਕ ਹੋਰ ਮਿਸਾਲ ਹੈ।”
ਉਕਤ ਪ੍ਰਤੀਕਰਮ ਓਆਈਸੀ ਜਨਰਲ ਸਕੱਤਰੇਤ ਦੇ ਉਸ ਬਿਆਨ ‘ਤੇ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਰਾਮਨੌਮੀ ਮੌਕੇ ਸ਼ੋਭਾਯਾਤਰਾ ਦੌਰਾਨ ਭਾਰਤ ਦੇ ਕਈ ਸੂਬਿਆਂ ਵਿਚ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਤੇ ਭੰਨਤੋੜ ਦੀਆਂ ਸਰਗਰਮੀਆਂ ‘ਤੇ ਡੂੰਘੀ ਚਿੰਤਾ ਜਤਾਈ ਗਈ। ਇਸ ਵਿਚ 31 ਮਾਰਚ 2023 ਨੂੰ ਬਿਹਾਰਸ਼ਰੀਫ਼ ਵਿਚ ਇਕ ਭੀੜ ਵੱਲੋਂ ਮਦਰਸੇ ਤੇ ਉਸ ਦੀ ਲਾਇਬ੍ਰੇਰੀ ਨੂੰ ਫ਼ੂਕਨਾ ਵੀ ਸ਼ਾਮਲ ਹੈ। ਓਆਈਸੀ ਨੇ ਰਾਮਨੌਮੀ ਦੌਰਾਨ ਹੋਈ ਹਿੰਸਾ ਦੀ ਨਿਖੇਧੀ ਕਰਦਿਆਂ ਇਸ ਨੂੰ ਭਾਰਤ ਵਿਚ ਵੱਧਦੇ ਇਸਲਾਮੋਫ਼ੋਬੀਆ ਦੀ ਮਿਸਾਲ ਦੱਸਦਿਆਂ ਭਾਰਤੀ ਅਧਿਕਾਰੀਆਂ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
Comment here