ਅਪਰਾਧਸਿਆਸਤਖਬਰਾਂ

ਬਾਗਚੀ ਨੇ ਖਾਲਿਸਤਾਨੀ ਪ੍ਰਦਰਸ਼ਨਾਂ ਦਾ ਮੁੱਦਾ ਆਸਟ੍ਰੇਲੀਆ ਕੋਲ ਚੁੱਕਿਆ

ਨਵੀਂ ਦਿੱਲੀ-ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਬ੍ਰਿਸਬੇਨ ਸਥਿਤ ਆਪਣੇ ਆਨਰੇਰੀ ਕੌਂਸਲੇਟ ਦੇ ਬਾਹਰ ਖਾਲਿਸਤਾਨ ਪੱਖੀ ਤੱਤਾਂ ਵੱਲੋਂ ਪ੍ਰਦਰਸ਼ਨਾਂ ਦਾ ਮੁੱਦਾ ਆਸਟ੍ਰੇਲੀਆ ਕੋਲ ਉਠਾਇਆ ਹੈ। ਬਾਗਚੀ ਕਿਹਾ ਕਿ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕੌਂਸਲੇਟ ਦਾ ਕੰਮ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਾਰਚ ਨੂੰ ਆਪਣੇ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਅਲਬਾਨੀਜ਼ ਕੋਲ ਆਸਟ੍ਰੇਲੀਆ ‘ਚ ਮੰਦਰਾਂ ‘ਤੇ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ ਦੇ ਨਾਲ-ਨਾਲ ਉਸ ਦੇਸ਼ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ ਦਾ ਮੁੱਦਾ ਉਠਾਇਆ ਸੀ।
ਅਲਬਾਨੀਜ਼ ਨੇ ਅਗਲੇ ਦਿਨ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਾ ਮੋਦੀ ਨੂੰ ਭਰੋਸਾ ਦਿਵਾਇਆ ਸੀ ਕਿ ਆਸਟ੍ਰੇਲੀਆ ਧਾਰਮਿਕ ਅਸਥਾਨਾਂ ‘ਤੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਅਜਿਹੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ “ਕਾਨੂੰਨ ਦੀ ਪੂਰੀ ਸਖ਼ਤੀ” ਦਾ ਸਾਹਮਣਾ ਕਰਨਾ ਪਵੇਗਾ। ਬਾਗਚੀ ਨੇ ਇਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ, “ਇੱਥੇ ਇਕ ਆਨਰੇਰੀ ਕੌਂਸਲੇਟ ਹੈ, ਨਾ ਕਿ ਭਾਰਤ ਦਾ ਕੌਂਸਲੇਟ ਜਨਰਲ। ਮੈਂ ਸਮਝਦਾ ਹਾਂ ਕਿ ਪ੍ਰਦਰਸ਼ਨਕਾਰੀ ਘੱਟ ਗਿਣਤੀ ਵਿੱਚ ਸਨ। ਕੁਝ ਸਮੇਂ ਲਈ ਕੁਝ ਗੜਬੜ ਰਹੀ ਪਰ ਇਹ ਬੰਦ ਨਹੀਂ ਹੋਇਆ ਹੈ।”
ਉਨ੍ਹਾਂ ਪ੍ਰਦਰਸ਼ਨ ਦੇ ਕੁਝ ਵੀਡੀਓਜ਼ ਦਾ ਹਵਾਲਾ ਦਿੰਦਿਆਂ ਕਿਹਾ, “ਆਨਰੇਰੀ ਕੌਂਸਲੇਟ ਆਮ ਰੂਪ ‘ਚ ਕੰਮ ਕਰਦਿਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਮੈਂ ਫੁਟੇਜ ‘ਤੇ ਟਿੱਪਣੀ ਨਹੀਂ ਕਰਨਾ ਚਾਹਾਂਗਾ, ਖਾਸ ਤੌਰ ‘ਤੇ ਵੀਡੀਓ ਫੁਟੇਜ ‘ਤੇ, ਜਿਸ ਦੀ ਪੁਸ਼ਟੀ ਨਹੀਂ ਹੋਈ ਹੈ।” ਭਾਰਤ ਨੇ ਇਹ ਮੁੱਦਾ ਆਸਟ੍ਰੇਲੀਆਈ ਅਧਿਕਾਰੀਆਂ ਕੋਲ ਉਠਾਇਆ ਹੈ। ਬਾਗਚੀ ਨੇ ਕਿਹਾ, “ਅਸੀਂ ਇਸ ਨੂੰ ਸਰਕਾਰ ਕੋਲ ਉਠਾਇਆ ਹੈ। ਤੁਸੀਂ ਪ੍ਰਧਾਨ ਮੰਤਰੀ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਇਹ ਗੱਲ ਉਠਾਉਂਦਿਆਂ ਸੁਣਿਆ ਹੈ ਅਤੇ ਜਦੋਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਅਸੀਂ ਲਗਾਤਾਰ ਇਸ ਨੂੰ ਉਠਾਉਂਦੇ ਰਹੇ ਹਾਂ। ਬਦਕਿਸਮਤੀ ਨਾਲ ਉਹ ਬਹੁਤ ਵਾਰ ਹੋ ਚੁੱਕੀਆਂ ਹਨ।”
ਉਨ੍ਹਾਂ ਕਿਹਾ, “ਸਾਡੀਆਂ ਟੀਮਾਂ ਸੰਪਰਕ ਵਿੱਚ ਹਨ ਤੇ ਇਸ ਲਈ ਅਸੀਂ ਇਸ ਨੂੰ ਇੰਨੀ ਜਲਦੀ ਚੁੱਕਣ ਦੇ ਯੋਗ ਹੋ ਗਏ ਹਾਂ। ਮੈਂ ਟੀਮਾਂ ਦੇ ਸੁਮੇਲ ਜਾਂ ਪੱਧਰ ਵਿੱਚ ਨਹੀਂ ਜਾ ਰਿਹਾ ਹਾਂ ਪਰ ਉਹ ਸੰਪਰਕ ਵਿੱਚ ਹਨ।” ਖਾਲਿਸਤਾਨ ਸਮਰਥਕਾਂ ਵੱਲੋਂ ਅਖੌਤੀ ਰਾਇਸ਼ੁਮਾਰੀ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ, “ਜਿਥੋਂ ਤੱਕ ਅਖੌਤੀ ਜਨਸੰਖਿਆ ਦਾ ਸਬੰਧ ਹੈ, ਇਸ ਬਾਰੇ ਸਾਡੇ ਵਿਚਾਰ ਬਿਲਕੁਲ ਸਪੱਸ਼ਟ ਹਨ।”

Comment here