ਅਪਰਾਧਸਿਆਸਤਵਿਸ਼ੇਸ਼ ਲੇਖ

ਫਿਰਕੂ ਹਿੰਸਾ ਨੂੰ ਚੁਣੌਤੀ ਦੇਣ ਲਈ ਲੋਕ ਲਹਿਰ ਦੀ ਜ਼ਰੂਰਤ

ਡਾਕਟਰ ਅਰੁਣ ਮਿਤਰਾ
ਅਤੀਤ ਵਿਚ, ਰਾਜੇ ਉਨ੍ਹਾਂ ਲੋਕਾਂ ਖ਼ਿਲਾਫ਼ ਬਲ ਦੀ ਵਰਤੋਂ ਕਰਦੇ ਸਨ, ਜੋ ਉਨ੍ਹਾਂ ਤੋਂ ਕਿਸੇ ਵੀ ਮੁੱਦੇ ’ਤੇ ਸਵਾਲ ਕਰਦੇ ਸਨ। ਚੰਦਰਗੁਪਤ ਮੌਰਿਆ ਦੇ ਕਾਲ ਵਿਚ ਤਤਕਾਲੀਨ ਰਾਜਾ ਧਨਾਨੰਦ ਨੇ ਵੀ ਅਜਿਹਾ ਹੀ ਕੀਤਾ ਸੀ, ਉਨ੍ਹਾਂ ਨੇ ਉਸ ਸਮੇਂ ਦੇ ਬੁੱਧੀਮਾਨ ਚਾਣਕਿਆ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੀ।
ਅਜਿਹਾ ਕਿਹਾ ਜਾਂਦਾ ਹੈ ਕਿ ਰਾਜਾ ਅਸ਼ੋਕ ਨੇ ਕਾਲਿੰਗਾ ਦੀ ਲੜਾਈ ਦੌਰਾਨ ਇਕ ਲੱਖ ਲੋਕਾਂ ਨੂੰ ਮਾਰ ਦਿੱਤਾ ਸੀ। ਜਦੋਂ ਵਿਦੇਸ਼ੀ ਹਮਲਾਵਰ ਭਾਰਤ ਆਏ ਤਾਂ ਉਨ੍ਹਾਂ ਨੇ ਲੋਕਾਂ ’ਤੇ ਕੋਈ ਦਇਆ ਨਹੀਂ ਕੀਤੀ। ਮੁਗ਼ਲਾਂ ਨੇ ਇਸ ਖੇਤਰ ’ਤੇ ਕੰਟਰੋਲ ਕਰਨ ਲਈ ਬਲ ਅਤੇ ਕੂਟਨੀਤੀ ਦੀ ਵਰਤੋਂ ਕੀਤੀ। ਬਾਅਦ ’ਚ ਉਨ੍ਹਾਂ ਨੇ ਖ਼ੁਦ ਨੂੰ ਭਾਰਤੀ ਐਲਾਨ ਦਿੱਤਾ ਅਤੇ ਇੱਥੇ ਹੀ ਰਹਿ ਗਏ ਅਤੇ ਭਾਰਤੀ ਸਮਾਜ ਤੇ ਭਾਰਤੀ ਸੱਭਿਆਚਾਰ ਵਿਚ ਵਲੀਨ ਹੋ ਗਏ। ਪਰ ਬਰਤਾਨਵੀ ਸਾਮਰਾਜਵਾਦੀ ਵੱਖ ਸਨ। ਉਨ੍ਹਾਂ ਨੇ ਕੂਟਨੀਤੀ ਅਤੇ ਬਲ ਰਾਹੀਂ ਭਾਰਤ ’ਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਸਾਡੀ ਸੰਪਤੀ ਲੁੱਟੀ ਅਤੇ ਸਭ ਕੁਝ ਇੰਗਲੈਂਡ ਲੈ ਗਏ ਅਤੇ ਸਾਡੇ ਲੋਕਾਂ ਦੀ ਕੀਮਤ ’ਤੇ ਖ਼ੁਦ ਨੂੰ ਖ਼ੁਸ਼ਹਾਲ ਬਣਾਇਆ। ਸਾਡੇ ਸੁਤੰਤਰਤਾ ਸੈਨਾਨੀਆਂ ’ਤੇ ਉਨ੍ਹਾਂ ਦੇ ਹਿੰਸਕ ਅੱਤਿਆਚਾਰਾਂ ਦੀ ਸੂਚੀ ਬਹੁਤ ਲੰਬੀ ਹੈ।
ਸੁਤੰਤਰਤਾ ਤੋਂ ਬਾਅਦ ਲੋਕਤੰਤਰਿਕ ਸਿਧਾਂਤਾਂ ’ਤੇ ਆਧਾਰਿਤ ਰਾਸ਼ਟਰ ਦਾ ਨਿਰਮਾਣ ਇਕ ਵੱਡੀ ਚੁਣੌਤੀ ਸੀ, ਜਿਸ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਗਿਆ। ਸੰਵਿਧਾਨ ਵਿਚ ਕਿਸੇ ਵੀ ਧਰਮ, ਜਾਤੀ ਜਾਂ ਲਿੰਗ ਨਾਲ ਸੰਬੰਧਿਤ ਦੇਸ਼ ਦੇ ਹਰੇਕ ਨਾਗਰਿਕ ਨੂੰ ਸਮਾਨ ਅਧਿਕਾਰ ਦਿੱਤੇ ਗਏ ਸਨ। ਏਨਾ ਹੀ ਨਹੀਂ, ਜੋ ਸਦੀਆਂ ਤੋਂ ਪੀੜਤ ਸਨ, ਉਨ੍ਹਾਂ ਨੂੰ ਖ਼ਾਸ ਸਹੂਲਤਾਂ ਦੇਣ ਦੀ ਵਿਵਸਥਾ ਕੀਤੀ ਗਈ ਸੀ। ਨਤੀਜੇ ਵਜੋਂ, ਕਮੀਆਂ ਦੇ ਬਾਵਜੂਦ ਉਨ੍ਹਾਂ ਵਿਚੋਂ ਕਈਆਂ ਨੂੰ ਇਕ ਹੱਦ ਤੱਕ ਉੱਪਰ ਉਠਾਇਆ ਜਾ ਸਕਿਆ। ਇਸ ਨਾਲ ਸਮਾਜ ’ਚ ਭੇਦਭਾਵ ’ਚ ਕਮੀ ਆਈ ਅਤੇ ਸਦਭਾਵਨਾ ਵਿਚ ਵਾਧਾ ਹੋਇਆ। ਪਰ ਸਥਿਤੀ ਫਿਰ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਇਨ੍ਹਾਂ ਉਪਲਬਧੀਆਂ ਨੂੰ ਘੱਟ ਕਰਨ ਅਤੇ ਤਬਾਹ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਤੰਗ ਸੋਚ ਥੋਪੀ ਜਾ ਰਹੀ ਹੈ ਅਤੇ ਰਾਸ਼ਟਰਵਾਦ ਦੇ ਨਾਂਅ ’ਤੇ ਇਕ ਅਖੰਡ ਸਮਾਜ ਦੇ ਨਿਰਮਾਣ ਦੀ ਅਟੁੱਟ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀ ਕੋਸ਼ਿਸ਼ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਉਹ ਸਾਰੇ ਦੇਸ਼ ਜਿਨ੍ਹਾਂ ਨੇ ਆਪਣੇ ਸਾਰੇ ਲੋਕਾਂ ਨੂੰ ਨਾਲ ਲਿਆ ਹੈ, ਉਨ੍ਹਾਂ ਨੇ ਉੱਨਤੀ ਕੀਤੀ ਹੈ ਜਦਕਿ ਜੋ ਸੰਪਰਦਾਇਕ ਸਿਧਾਂਤਾਂ ’ਤੇ ਬਣੇ ਹਨ, ਉਹ ਪਛੜ ਗਏ ਹਨ।
ਵਰਤਮਾਨ ਵਿਚ ਅਸੀਂ ਦੇਖਦੇ ਹਾਂ ਕਿ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਅਜਿਹੀਆਂ ਤਾਕਤਾਂ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਅਤੇ ਧਰਮ ਬਦਲਣ ਬਾਰੇ ਭਰਮ ਫੈਲਾਉਣ ਵਾਲੀ ਜਾਣਕਾਰੀ ਫੈਲਾਈ ਜਾ ਰਹੀ ਹੈ। ਪਿਆਰ ਅਤੇ ਸਨੇਹ ਦੇ ਇੱਛੁਕ ਨੌਜਵਾਨਾਂ ਤੋਂ ਪ੍ਰਹੇਜ਼ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਉਲਟ ’ਲਵ ਜਿਹਾਦ’ ਵਰਗੇ ਮੁੱਦੇ ਉਛਾਲੇ ਜਾ ਰਹੇ ਹਨ। ਅਜਿਹੇ ਕੰਮਾਂ ਲਈ ਗਰੋਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜੋ ਹਿੰਸਾ ਕਰਦੇ ਹਨ। ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੁਸਲਮਾਨ ਦੇਸ਼ ਧ੍ਰੋਹੀ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ। ਉਨ੍ਹਾਂ ਵਿਚੋਂ ਕਈਆਂ ਨੂੰ ਤਾਂ ਘਿਨੌਣੇ ਦੋਸ਼ਾਂ ’ਚ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਅਤੇ ਲੰਬੇ ਸਮੇਂ ਤੱਕ ਜੇਲ੍ਹਾਂ ’ਚ ਰੱਖਿਆ ਗਿਆ ਹੈ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਖ਼ਾਲਿਤਾਨੀਆਂ ਦੀ ਅਗਵਾਈ ਵਿਚ ਚਲਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ। ਇਸ ਅੰਦੋਲਨ ਖ਼ਿਲਾਫ਼ ਕਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਹਾਲ ਹੀ ਵਿਚ ਜਦੋਂ ਗ੍ਰਹਿ ਰਾਜ ਮੰਤਰੀ ਦੇ ਬੇਟੇ ਅਜੈ ਮਿਸ਼ਰਾ ਨੇ ਲਖੀਮਪੁਰ ਖੀਰੀ ’ਚ ਆਪਣੀ ਗੱਡੀ ਹੇਠ ਕਿਸਾਨਾਂ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ, ਤਾਂ ਉਸ ਦੇ ਪਿਤਾ ਨੇ ਇਹ ਕਹਿ ਕੇ ਅਪਰਾਧ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕਿਸਾਨ ਬੱਬਰ ਖ਼ਾਲਸਾ ਨਾਲ ਸੰਬੰਧਿਤ ਹਨ। ਇਸ ਦੇਸ਼ ਵਿਚ ਹੁਣ ਤੱਕ ਅਣਜਾਣੀ ਭੀੜ ਹਿੰਸਕ (ਮਾਬ ਲਿੰਚਿੰਗ) ਕਿਸੇ ਨਾ ਕਿਸੇ ਬਹਾਨੇ ਨਾਲ ਹੋ ਰਹੀ ਹੈ। ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਪੁਲਿਸ ਦੇ ਨਾਲ-ਨਾਲ ਨਿਆਂਪਾਲਿਕਾ ਵੀ ਧਿਆਨ ਨਹੀਂ ਦਿੰਦੀ। ਕਈ ਵਾਰ ਪੀੜਤਾਂ ਨੂੰ ਹੀ ਦੋਸ਼ੀ ਬਣਾਇਆ ਜਾ ਚੁੱਕਾ ਹੈ। ਰਾਜ ਦੇ ਸਮਰਥਨ ਵਿਚ ਅਜਿਹੀਆਂ ਤਾਕਤਾਂ ਦਾ ਹੌਸਲਾ ਵਧਿਆ ਹੈ, ਜੋ ਜਨ ਅੰਦੋਲਨਾਂ ਨੂੰ ਦਬਾਉਣ ਲਈ ਪੂਰੀ ਤਰ੍ਹਾਂ ਤਿਆਰ ਰਹਿੰਦੇ ਹਨ। ‘ਟਾਈਮਜ਼ ਨਾਓ’ ਨੂੰ ਦਿੱਤੇ ਇਕ ਇੰਟਰਵਿਊ ’ਚ ਰੱਖਿਆ ਸਟਾਫ਼ ਦੇ ਮੁਖੀ ਜਨਰਲ ਬਿਪਿਨ ਰਾਵਤ ਦੇ ਹਾਲ ਹੀ ਦਿੱਤੇ ਬਿਆਨ ਵਿਚ ਨਾਜ਼ੀ ਮਾਨਸਿਕਤਾ ਸਪੱਸ਼ਟ ਹੁੰਦੀ ਹੈ, ਜੋ ਭੀੜਤੰਤਰ ਨੂੰ ਸਹੀ ਠਹਿਰਾਉਂਦਾ ਹੈ ਅਤੇ ਉਤਸ਼ਾਹਿਤ ਕਰਦਾ ਹੈ।
ਹੁਣ ਹਿੰਦੂਆਂ ਵਿਚ ਬਹੁਗਿਣਤੀ ਸੰਪਰਦਾਇਕ ਜ਼ਹਿਰ ਫੈਲਾਉਣ ਦੇ ਬਹੁਤ ਸੂਖਮ ਯਤਨ ਹੋ ਰਹੇ ਹਨ। ਪਰ ਇਹ ਸਾਫ਼ ਹੁੰਦਾ ਜਾ ਰਿਹਾ ਹੈ ਕਿ ਇਨ੍ਹਾਂ ਦੇ ਨਿਸ਼ਾਨੇ ’ਤੇ ਹਿੰਦੂ ਵੀ ਹਨ। ਉਨ੍ਹਾਂ ਵਿਚੋਂ ਵੀ ਸਵਾਲ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਕਰਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਕਈ ਲੋਕਾਂ ਨੂੰ ਅਰਬਨ ਨਕਸਲੀ ਦੱਸ ਕੇ ਜੇਲ੍ਹ ਵਿਚ ਪਾ ਦਿੱਤਾ ਗਿਆ ਹੈ। ਕਲਬੁਰਗੀ, ਦਾਭੋਲਕਰ, ਗੌਰੀ ਲੰਕੇਸ਼ ਅਤੇ ਗੋਵਿੰਦ ਪਾਨਸਰੇ ਸਾਰੇ ਹਿੰਦੂ ਸਨ, ਪਰ ਹਿੰਦੂਤਵ ਦੀਆਂ ਤਾਕਤਾਂ ਨੇ ਉਨ੍ਹਾਂ ਦਾ ਸਫ਼ਾਇਆ ਕਰ ਦਿੱਤਾ। ਬੁਲੰਦ ਸ਼ਹਿਰ ਵਿਚ ਭੀੜ ਵਲੋਂ ਮਾਰੇ ਗਏ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਵੀ ਇਕ ਹਿੰਦੂ ਹੀ ਸਨ। ਕਾਨਪੁਰ ਦੇ ਇਕ ਵਪਾਰੀ ਮਨੀਸ਼ ਕੁਮਾਰ ਨੂੰ ਗੋਰਖਪੁਰ ’ਚ ਪੁਲਿਸ ਨੇ ਮਾਰ ਦਿੱਤਾ ਸੀ, ਉਹ ਵੀ ਇਕ ਹਿੰਦੂ ਸਨ। ਹਾਲ ਹੀ ਵਿਚ ਮੱਧ ਪ੍ਰਦੇਸ਼ ’ਚ ਫ਼ਿਲਮ ਨਿਰਮਾਤਾ ਪ੍ਰਕਾਸ਼ ਝਾਅ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ (ਸਾਰੇ ਹਿੰਦੂ) ਖ਼ਿਲਾਫ਼ ਹਿੰਸਾ ਹੋਈ। ਜੋ ਕੋਈ ਵੀ ਉਨ੍ਹਾਂ ਤੋਂ ਸਵਾਲ ਕਰਦਾ ਹੈ, ਉਨ੍ਹਾਂ ਖ਼ਿਲਾਫ਼ ਉਨ੍ਹਾਂ ਦੀ ਨਫ਼ਰਤ ਭੜਕ ਉੱਠਦੀ ਹੈ। ਇਹ ਸਭ ਇਕ ਹੀ ਭਾਈਚਾਰੇ ਦੇ ਲੋਕਾਂ ਦੇ ਵਿਚਾਲੇ ਸਮਾਜ ’ਚ ਸ਼ਾਂਤੀ, ਪ੍ਰੇਮ, ਅਤੇ ਸਦਭਾਵਨਾ ਦੀ ਭਾਵਨਾ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ। ਅਜਿਹਾ ਹੀ ਪੰਜਾਬ ਵਿਚ ਅੱਤਵਾਦੀ ਹਿੰਸਾ ਦੇ ਦੌਰ ’ਚ ਹੋਇਆ ਸੀ ਜਾਂ ਫਿਰ ਜੰਮੂ-ਕਸ਼ਮੀਰ ਵਿਚ ਹੋ ਰਿਹਾ ਹੈ।
ਹਿੰਸਕ ਮਾਨਸਿਕਤਾ ਗੰਭੀਰ ਨਤੀਜੇ ਪੈਦਾ ਕਰ ਸਕਦੀ ਹੈ। ਅਜਿਹੇ ਦਿਮਾਗ਼ ਵਾਲੇ ਲੋਕ ਜਾਂ ਸੰਗਠਨ ਸਭ ਤੋਂ ਪਹਿਲਾਂ ਆਪਣੇ ਹੀ ਭਾਈਚਾਰੇ ਦੋ ਲੋਕਾਂ ਨੂੰ ਮਾਰਦੇ ਅਤੇ ਧਮਕਾਉਂਦੇ ਹਨ। ਇਹ ਸੋਮਾਲੀਆ ’ਚ ਦੇਖਿਆ ਗਿਆ ਹੈ, ਜਿੱਥੇ ਤੁਤਸੀ ਅਤੇ ਹੁਤੂ ਜਨਜਾਤੀਆਂ ਵਿਚਾਲੇ ਜਨਜਾਤੀ ਲੜਾਈ ਦੌਰਾਨ ਲਗਭਗ 8 ਲੱਖ ਲੋਕ ਮਾਰੇ ਗਏ ਹਨ। ਗੁਆਂਢੀਆਂ ਨੇ ਗੁਆਂਢੀਆਂ ਨੂੰ ਮਾਰ ਦਿੱਤਾ, ਦੋਸਤਾਂ ਨੇ ਦੋਸਤਾਂ ਨੂੰ ਮਾਰ ਦਿੱਤਾ, ਇੱਥੋਂ ਤੱਕ ਕਿ ਪਤੀਆਂ ਨੇ ਵੀ ਆਪਣੀਆਂ ਪਤਨੀਆਂ ਨੂੰ ਇਹ ਕਹਿ ਕੇ ਮਾਰ ਦਿੱਤਾ ਕਿ ਨਹੀਂ ਤਾਂ ਉਨ੍ਹਾਂ ਨੂੰ ਆਪਣੇ ਹੀ ਕਬੀਲੇ ਦੀ ਭੀੜ ਵਲੋਂ ਖ਼ਤਮ ਕਰ ਦਿੱਤਾ ਜਾਵੇਗਾ। ਅਜਿਹਾ ਹੀ ਜੰਮੂ-ਕਸ਼ਮੀਰ ਜਾਂ ਪੰਜਾਬ ਵਿਚ 1980 ਦੇ ਦਹਾਕੇ ’ਚ ਗੜਬੜ ਵਾਲੇ ਦੌਰ ’ਚ ਹੋਇਆ ਸੀ। 1947 ’ਚ ਵੰਡ ਦੇ ਸਮੇਂ ਲੱਖਾਂ ਹਿੰਦੂ, ਮੁਸਲਿਮ ਅਤੇ ਸਿੱਖ ਸਾਰੇ ਮਾਰੇ ਗਏ ਸਨ। ਦੂਜੀ ਵਿਸ਼ਵ ਜੰਗ ਦੌਰਾਨ ਅਪਰਾਧੀ ਤੇ ਜੰਗ ਦੇ ਸ਼ਿਕਾਰ ਦੋਵੇਂ ਮਾਰੇ ਗਏ। ਹਕੀਕਤ ’ਚ ਹਿੰਸਾ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ। ਰਾਜਾ ਅਸ਼ੋਕ ਨੇ ਇਸ ਨੂੰ ਮਹਿਸੂਸ ਕੀਤਾ ਸੀ। ਉਨ੍ਹਾਂ ਨੇ ਬੋਧ ਧਰਮ ਨੂੰ ਸ਼ਾਂਤੀ ਦਾ ਧਰਮ ਸਮਝ ਕੇ ਅਪਣਾਇਆ ਅਤੇ ਫੈਲਾਇਆ। ਹਿੰਸਾ ਦੀ ਧਾਰਨਾ ਖ਼ਿਲਾਫ਼ ਜਨ ਅੰਦੋਲਨਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਜ਼ਰੂਰਤ ਹੈ। ਭਾਰਤ ਦਾ ਸੁਤੰਤਰਤਾ ਸੰਗਰਾਮ ਵੱਡੀ ਪੱਧਰ ’ਤੇ ਅਹਿੰਸਕ ਰਿਹਾ। ਸਿਹਤ, ਸਿੱਖਿਆ, ਰੁਜ਼ਗਾਰ ਜਿਹੇ ਕਈ ਮੁੱਦੇ ਹਨ, ਜਿਨ੍ਹਾਂ ਨੂੰ ਇਨ੍ਹਾਂ ਫਿਰਕੂਆਂ  ਦਾ ਮੁਕਾਬਲਾ ਕਰਨ ਲਈ ਪ੍ਰਭਾਵੀ ਢੰਗ ਨਾਲ ਚੁੱਕਿਆ ਜਾਣਾ ਚਾਹੀਦਾ ਹੈ।
ਪੁਲਿਸ ਦੇ ਨਾਲ ਨਾਲ ਨਿਆਂਪਾਲਿਕਾ ਵਿਚ ਵੀ ਸੁਧਾਰ ਲਈ ਅੰਦੋਲਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਦੁਰਵਰਤੋਂ ਨਾ ਹੋਵੇ। ਹਿੰਸਾ ਦੀ ਸਥਿਤੀ ਵਿਚ ਸਿਹਤ ਸਭ ਤੋਂ ਵੱਡਾ ਸ਼ਿਕਾਰ ਬਣਦੀ ਹੈ। ਲੋਕ ਜ਼ਖ਼ਮੀ ਹੁੰਦੇ ਹਨ ਅਤੇ ਕਈ ਆਪਣੀਆਂ ਜਾਨਾਂ ਗਵਾਉਂਦੇ ਹਨ। ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਸੰਪਰਦਾਇਕ ਜਨੂੰਨ ਤੇ ਪਾਗਲਪਣ ਦਾ ਸਮੂਹਿਕ ਯਤਨਾਂ ਨਾਲ ਮੁਕਾਬਲਾ ਕਰਨਾ ਹੋਵੇਗਾ। ਸਾਰਿਆਂ ਦੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦਾ ਕੋਈ ਦੂਜਾ ਤਰੀਕਾ ਨਹੀਂ ਹੈ।

Comment here