ਸਿਆਸਤਖਬਰਾਂ

ਪੰਜਾਬ ਦੇ ਅਗਲੇ ਡੀ. ਜੀ. ਪੀ. ਬਣ ਸਕਦੇ ਨੇ ਭਾਵਰਾ

ਚੰਡੀਗੜ੍ਹ-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ 3 ਸੀਨੀਅਰ ਅਧਿਕਾਰੀਆਂ ਦੇ ਨਾਂ ਪੰਜਾਬ ’ਚ ਰੈਗੂਲਰ ਡੀ. ਜੀ. ਪੀ. ਤਾਇਨਾਤ ਕਰਨ ਲਈ ਭੇਜ ਦਿੱਤੇ ਹਨ ਅਤੇ ਉਸ ਪੈਨਲ ’ਚ ਨਾ ਤਾਂ ਮੌਜੂਦਾ ਕਾਰਜਕਾਰੀ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦਾ ਨਾਂ ਸ਼ਾਮਲ ਹੈ ਅਤੇ ਨਾ ਹੀ ਉਨ੍ਹਾਂ ਤੋਂ ਪਹਿਲਾਂ ਕਾਰਜਕਾਰੀ ਡੀ. ਜੀ. ਪੀ. ਦੇ ਤੌਰ ’ਤੇ ਸੇਵਾ ਨਿਭਾਅ ਰਹੇ ਆਈ. ਪੀ. ਐੱਸ. ਸਹੋਤਾ ਦਾ।
ਜਾਣਕਾਰੀ ਮੁਤਾਬਕ  ਨਵੀਂ ਦਿੱਲੀ ’ਚ ਹੋਈ ਯੂ. ਪੀ. ਐੱਸ. ਸੀ. ਕਮੇਟੀ ਦੀ ਬੈਠਕ ’ਚ ਪੰਜਾਬ ਸਰਕਾਰ ਨੂੰ ਝਟਕਾ ਲੱਗਿਆ, ਕਿਉਂਕਿ ਕਮੇਟੀ ਵਲੋਂ ਪੰਜਾਬ ਸਰਕਾਰ ਦੀ ਉਸ ਬੇਨਤੀ ਨੂੰ ਮੰਨਣ ਤੋਂ ਸਿਰੇ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ’ਚ ਕਿਹਾ ਗਿਆ ਸੀ ਕਿ ਡੀ. ਜੀ. ਪੀ. ਦੀ ਨਿਯੁਕਤੀ ਲਈ ਡੇਟ 5 ਅਕਤੂਬਰ ਦੀ ਬਜਾਏ 31 ਸਤੰਬਰ ਨੂੰ ਹੀ ਮੰਨਿਆ ਜਾਵੇ ਤਾਂ ਕਿ ਮੌਜੂਦਾ ਕਾਰਜਕਾਰੀ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦਾ ਨਾਂ ਵਿਚਾਰਿਆ ਜਾ ਸਕੇ। ਇਸ ਕਾਰਨ ਮਾਰਚ, 2022 ’ਚ ਸੇਵਾਮੁਕਤ ਹੋ ਰਹੇ ਸਿਧਾਰਥ ਚਟੋਪਾਧਿਆਏ, ਐੱਮ. ਕੇ. ਤ੍ਰਿਪਾਠੀ ਅਤੇ ਰੋਹਿਤ ਚੌਧਰੀ ਡੀ. ਜੀ. ਪੀ. ਦੀ ਦੌੜ ਤੋਂ ਹੀ ਬਾਹਰ ਹੋ ਗਏ, ਜਦੋਂ ਕਿ ਬੈਠਕ ’ਚ ਚਰਚਾ ਤੋਂ ਬਾਅਦ ਯੂ. ਪੀ. ਐੱਸ. ਸੀ. ਕਮੇਟੀ ਵਲੋਂ 87 ਬੈਚ ਦੇ ਸੀਨੀਅਰ ਅਧਿਕਾਰੀਆਂ ਵੀ. ਕੇ. ਭਾਵਰਾ ਤੇ ਦਿਨਕਰ ਗੁਪਤਾ ਅਤੇ 88 ਬੈਚ ਦੇ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਪੈਨਲ ’ਚ ਸ਼ਾਮਲ ਕਰਕੇ ਪੰਜਾਬ ਸਰਕਾਰ ਨੂੰ ਡੀ. ਜੀ. ਪੀ. ਦੀ ਨਿਯੁਕਤੀ ਕਰਨ ਲਈ ਭੇਜ ਦਿੱਤਾ ਗਿਆ ਹੈ।
ਧਿਆਨ ਰਹੇ ਕਿ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਪੁਲਸ ਫੋਰਸ ਦਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਸੀ ਪਰ ਸੱਤਾ ਤਬਦੀਲੀ ਹੋਣ ਤੋਂ ਬਾਅਦ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਛੁੱਟੀ ’ਤੇ ਜਾਣ ਲਈ ਕਿਹਾ ਗਿਆ ਅਤੇ ਬਾਅਦ ’ਚ ਉਨ੍ਹਾਂ ਦੀ ਜਗ੍ਹਾ ਕਾਰਜਕਾਰੀ ਡੀ. ਜੀ. ਪੀ. ਦੇ ਤੌਰ ’ਤੇ ਆਈ. ਪੀ. ਐੱਸ. ਸਹੋਤਾ ਨੂੰ ਤਾਇਨਾਤ ਕਰ ਦਿੱਤਾ ਗਿਆ ਪਰ ਡੀ. ਜੀ. ਪੀ. ਅਹੁਦੇ ਨੂੰ ਲੈ ਕੇ ਚੱਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰਲੀ ਖਿੱਚੋਤਾਣ ਤੋਂ ਬਾਅਦ ਆਖ਼ਰਕਾਰ ਆਈ. ਪੀ. ਐੱਸ. ਸਹੋਤਾ ਨੂੰ ਵੀ ਹਟਾ ਦਿੱਤਾ ਗਿਆ ਅਤੇ ਦਸੰਬਰ ਦੇ ਆਖ਼ਰੀ ਪੰਦਰਵਾੜੇ ’ਚ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕਰ ਦਿੱਤਾ ਗਿਆ ਸੀ।

Comment here