ਸਿਆਸਤਖਬਰਾਂਪ੍ਰਵਾਸੀ ਮਸਲੇ

ਪੰਜਾਬ ’ਚ ਮੁੰਡਿਆਂ ਨੂੰ ਨਹੀਂ ਲੱਭ ਰਹੀਆਂ ਲਾੜੀਆਂ

ਜਨਗਣਾ ਮੁਤਾਬਕ 1000 ਪਿੱਛੇ 882 ਲੜਕੀਆਂ ਦਾ ਸੀ, ਹੁਣ 875 ਰਹਿ ਗਈਆਂ
ਅਮਲੋਹ-ਪਹਿਲਾਂ ਪਿੰਡਾਂ ਚ ਇਕ ਕਹਾਵਤ ਸੀ ਕਿ ‘ਰਿਸਤੇ ਮੁੰਡਿਆਂ ਨੂੰ ਨਹੀਂ ਜ਼ਮੀਨਾਂ ਨੂੰ ਹੁੰਦੇ ਹਨ’ ਪਰ ਹੁਣ ਮੁਰੱਬਿਆਂ ਵਾਲਿਆਂ ਤੇ ਕੁੜੀ ਵਾਲੇ ਭਾਰੂ ਪੈਣ ਲੱਗ ਪਏ ਹਨ ਤੇ ਰਿਸਤੇ ਲਈ ਅੰਤਿਮ ਹਾਂ ਜਾਂ ਨਾਂਹ ਕਰਨ ਦਾ ਹੱਕ ਸਮੇ ਨੇ ਕੁੜੀ ਵਾਲਿਆਂ ਨੂੰ ਦੇ ਦਿੱਤਾ ਹੈ। ਪੈਦਾ ਹੋਏ ਇਨ੍ਹਾਂ ਹਾਲਤਾਂ ਲਈ ਭਾਵੇਂ ਲਿੰਗ ਅਨੁਪਾਤ ਮੁੱਖ ਤੌਰ ਤੇ ਜਿੰੰਮੇਵਾਰ ਹੈ ਜਿਹੜਾ 1991 ਦੀ ਜਨਗਣਨਾ ਚ ਪੰਜਾਬ ’ਚ 1000 ਲੜਕਿਆਂ ਪਿੱਛੇ 882 ਲੜਕੀਆਂ ਦਾ ਸੀ ਅਤੇ 2001 ’ਚ ਇਹ ਅਨੁਪਾਤ 875 ਲੜਕੀਆਂ ਦਾ ਰਹਿ ਗਿਆ। 1991 ਤੋਂ ਲੈ ਕੇ 2001 ਤੱਕ ਜਨਮੇ ਇਹ ਬੱਚੇ ਹੁਣ ਜਵਾਨ ਹੋ ਕੇ ਵਿਆਹ ਦੇ ਯੋਗ ਹੋ ਚੁੱਕੇ ਹਨ ਤੇ ਇਹ 125 ਦਾ ਫਰਕ ਹੀ ਇਸ ਸੰਕਟ ਕਾ ਮੁੱਖ ਕਾਰਨ ਬਣ ਰਿਹਾ ਹੈ।
ਲਿੰਗ ਅਨੁਪਾਤ ਤੋਂ ਬਿਨਾਂ ਹੋਰ ਵੀ ਹਨ ਕਾਰਨ
ਇਹ ਸਮੱਸਿਆ ਸਿਰਫ ਲਿੰਗ ਅਨੁਪਾਤ ਕਰਕੇ ਹੀ ਨਹੀਂ ਪੈਦਾ ਹੋਈ ਬਲਕਿ ਇਸ ਲਈ ਕੁਝ ਹੋਰ ਵੀ ਕਾਰਨ ਜ਼ਿੰਮੇਵਾਰ ਹੈ। ਜਿਵੇਂ ਕੁੜੀਆਂ ਦਾ ਹੋਰਨਾਂ ਦੇਸ਼ਾਂ ’ਚ ਪ੍ਰਵਾਸ, ਉਨ੍ਹਾਂ ਦਾ ਆਤਮ ਨਿਰਭਰ ਹੋਣਾ ਤੇ ਬੌਧਿਕ ਵਿਕਾਸ। ਇਸਤੋਂ ਇਲਾਵਾ ਰਾਸਟਰੀ ਤੇ ਅੰਤਰਰਾਸਟਰੀ ਮੀਡੀਆ ’ਚ ਪੰਜਾਬੀ ਨੌਜਵਾਨਾਂ ਦਾ ਦਾ ਨਸ਼ਿਾਆਂ ’ਚ ਗਲਤਾਨ ਹੋਣ ਦਾ ਅਕਸ ਪੇਸ਼ ਕਰਨਾ ਵੀ ਇਸ ਸੰਕਟ ਦੇ ਵੱਡੇ ਕਾਰਨ ਹਨ।
ਹਰ ਵਰਗ ਦੇ ਪਰਿਵਾਰ ਹੋ ਰਹੇ ਪ੍ਰਭਾਵਿਤ-ਗਰਗ
ਭਾਜਪਾ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਪ੍ਰਦੀਪ ਗਰਗ ਮੁਤਾਬਕ ਇਹ ਸਮੱਸਿਆ ਸਿਰਫ ਕਿਸਾਨ ਪਰਿਵਾਰਾਂ ਚ ਹੀ ਨਹੀ ਸਗੋਂ ਮਹਾਜਨ ਵੀ ਇਸ ਸੰਕਟ ਚ ਫਸ ਗਏ ਹਨ। ਉਨ੍ਹਾਂ ਦੇ ਨੇੜਲੇ ਪਰਿਵਾਰ ਦੇ ਚਾਰ ਲੜਕੇ ਜਿਨ੍ਹਾਂ ਚੋਂ ਇਕ ਇੰਜੀਨੀਅਰ, ਇਕ ਨੇਵੀ ਚ, ਇਕ ਉੱਚ ਵਿੱਦਿਆ ਪ੍ਰਾਪਤ ਕਰ ਰਿਹਾ ਤੇ ਚੌਥੇ ਦਾ ਬਹੁਤ ਵਧਿਆ ਆਪਣਾ ਕਾਰੋਬਾਰ ਹੈ, ਵਿਆਹੁਣਯੋਗ ਹਨ। ਇਨ੍ਹਾਂ ਲਈ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਜਿਸ ਕਾਰਨ ਮਾਪੇ ਚਿੰਤਾ ਚ ਹਨ ਕਿਉਂਕਿ ਉਮਰ ਵੱਧ ਰਹੀ ਹੈ। ਗਰਗ ਨੇ ਦੱਸਿਆ ਕਿ ਸਿਰਫ ਵੱਡੇ ਸਹਿਰਾਂ ਚ ਰਿਸ਼ਤੇ ਹੋ ਰਹੇ ਹਨ ਛੋਟੇ ਸਹਿਰਾਂ ਤੇ ਮੰਡੀਆਂ ਚ ਸਮੱਸਿਆ ਵਧੇਰੇ ਗੰਭੀਰ ਹੋ ਚੁੱਕੀ ਹੈ।
ਉੱਚ ਸਿੱਖਿਆ ਤੇ ਆਤਮਨਿਰਭਰਤਾ ਨਾਲ ਕੁੜੀਆਂ ਦੀ ਬਦਲ ਰਹੀ ਤਰਜੀਹ
ਸੋਸ਼ੋਲੋਜੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਬਤੌਰ ਪ੍ਰੋਫੈਸਰ ਸੇਵਾ ਮੁਕਤ ਹੋਏ ਡਾ ਹਰਵਿੰਦਰ ਸਿੰਘ ਭੱਟੀ ਮੁਤਾਬਕ ਆਈਲੈਟਸ ਪਾਸ ਕਰਕੇ ਵਿਦੇਸਾਂ ਚ ਪੜ੍ਹਨ ਲਈ ਜਾ ਰਹੀਆਂ ਕੁੜੀਆਂ ਦੀ ਸੰਖਿਆ ਮੁੰਡਿਆਂ ਨਾਲੋਂ ਕਈ ਗੁਣਾ ਵੱਧ ਹੈ। ਪੜ੍ਹਾਈ ਦੌਰਾਨ ਅਤੇ ਸਮਾਜ ਵਿਚ ਵਿਚਰਦਿਆਂ ਵਿਸ਼ਵੀ ਅਨੁਭਵ ਨਾਲ ਉਹ ਖੁਦ ਨੂੰ ਵਧੇਰੇ ਸੁਤੰਤਰ ਤੇ ਆਤਮ ਨਿਰਭਰ ਮਹਿਸੂਸ ਕਰਦੀਆਂ ਹਨ। ਆਪਣਾ ਜੀਵਨ ਸਾਥੀ ਚੁਣਨ ਲਈ ਉਨ੍ਹ?ਰਾਂ ਨੂੰ ਪੰਜਾਬ ਤੋਂ ਬਿਨ੍ਹਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਕਲਪ ਵੀ ਆਕਰਸ਼ਿਤ ਕਰਦੇ ਹਨ ਅਤੇ ਬਹੁਤ ਸਾਰੀਆਂ ਕੁੜੀਆਂ ਗੈਰ ਪੰਜਾਬੀਆਂ ਨਾਲ ਵਿਆਹ ਵੀ ਕਰਵਾ ਰਹੀਆਂ ਹਨ ਜਦਕਿ ਪੰਜਾਬੀ ਮੁੰਡਿਆਂ ਦੀ ਵਿਆਹ ਲਈ ਪਹਿਲੀ ਤਰਜੀਹ ਪੰਜਾਬੀ ਕੁੜੀਆਂ ਹੀ ਹਨ।
ਦਾਜ ਪ੍ਰਥਾ ਨੂੰ ਵੱਜ ਰਹੀ ਸੱਟ
ਪੰਜਾਬੀ ਯੂਨੀਵਰਸਿਟੀ ਦੇ ਚੁੰਨੀ ਕਲਾਂ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਡਾ ਰੂਪਕਮਲ ਨੇ ਦੱਸਿਆ ਕਿ ਕੁੜੀਆਂ ਦੀ ਘਟੀ ਗਿਣਤੀ ਨੇ ਪੰਜਾਬ ਚ ਦਾਜ ਪ੍ਰਥਾ ਨੂੰ ਬਹੁਤ ਵੱਡੀ ਠੱਲ੍ਹ ਪਾਈ ਹੈ। ਪੰਜਾਬੀ ਹੁਣ ਦਾਜ ਨਹੀਂ ਸਿਰਫ ਦੁਲਹਨਾਂ ਦੀ ਭਾਲ ਚ ਹਨ। ਹਰ ਰੋਜ ਅਜਿਹੇ ਮੈਟਰੋਮੋਨੀਅਲ ਪੜ੍ਹਨ ਨੂੰ ਮਿਲ ਰਹੇ ਹਨ ਜਿਨ੍ਹਾਂ ਚ ਲਿਖਿਆ ਹੁੰਦਾ ਹੈ ਲੜਕੇ ਲਈ ਆਈਲੈਟਸ ਪਾਸ ਕੁੜੀ ਚਾਹੀਦੀ ਹੈ ਵਿਦੇਸ਼ ਜਾਣ ਤੇ ਪੜ੍ਹਾਈ ਦਾ ਸਾਰਾ ਖਰਚਾ ਲੜਕੇ ਵਾਲਿਆਂ ਦਾ। ਪਰ ਜੇ ਅਸੀਂ ਕੁਝ ਦਹਾਕੇ ਪਿੱਛੇ ਝਾਤ ਮਾਰੀਏ ਤਾਂ ਮੱਧ ਵਰਗੀ ਪਰਿਵਾਰਾਂ ਚ ਵੀ, ਘਰੇਲੂ ਵਰਤੋਂ ਦੀ ਨਿੱਕੀ ਚੀਜ ਤੋਂ ਲੈ ਕੇ ਮੋਟਰਸਾਈਕਲ, ਕਾਰ, ਮੁੰਡੇ ਕੁੜੀ ਤੋ ਇਲਾਵਾ ਸਾਕ ਸੰਬੰਧੀਆਂ ਲਈ ਵੀ ਸੋਨੇ ਦੇ ਗਹਿਣਿਆਂ ਤੱਕ ਕੁੜੀ ਵਾਲਿਆਂ ਨੂੰ ਦਾਜ ਦੇਣਾ ਪੈਦਾ ਸੀ। ਇਹ ਇਹ ਹਾਂ ਪੱਖੀ ਰੁਝਾਨ ਹੈ।

Comment here