ਇਸਲਾਮਾਬਾਦ-ਪਾਕਿਸਤਾਨ ਸਰਕਾਰ ਨੇ ਚੋਣਵੇਂ ਲਗਜ਼ਰੀ ਸਾਮਾਨ ‘ਤੇ ਸੇਲ ਟੈਕਸ 17 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰ ਦਿੱਤਾ ਹੈ। ਦਿ ਨਿਊਜ਼ ਇੰਟਰਨੈਸ਼ਨਲ ਮੁਤਾਬਕ ਫੈਡਰਲ ਬੋਰਡ ਆਫ ਰੈਵੇਨਿਊ (ਐੱਫ.ਬੀ.ਆਰ) ਨੇ ਬੁੱਧਵਾਰ ਨੂੰ ਟੈਕਸ ਵਧਾਉਣ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਹਨ। ਡਾਨ ਅਖਬਾਰ ਨੇ ਦੱਸਿਆ ਕਿ ਟੈਕਸ ਵਾਧੇ ‘ਚ ਮੋਬਾਈਲ ਫੋਨ, ਆਯਾਤ ਭੋਜਨ, ਸਜਾਵਟ ਦਾ ਸਾਮਾਨ ਅਤੇ ਹੋਰ ਲਗਜ਼ਰੀ ਸਾਮਾਨ ਮਹਿੰਗੇ ਹੋ ਗਏ ਹਨ। ਸਥਾਨਕ ਤੌਰ ‘ਤੇ ਨਿਰਮਿਤ ਵਸਤੂਆਂ ਦੀਆਂ ਤਿੰਨ ਸ਼੍ਰੇਣੀਆਂ ‘ਤੇ ਵੀ ਜੀ.ਐੱਸ.ਟੀ. ਲਗਾਇਆ ਗਿਆ ਹੈ। ਸਥਾਨਕ ਤੌਰ ‘ਤੇ ਨਿਰਮਿਤ ਜਾਂ ਅਸੈਂਬਲ ਐੱਸ.ਯੂ.ਵੀ. ਅਤੇ ਸੀ.ਯੂ.ਵੀ, 1,400ਸੀਸੀ ਅਤੇ ਉਸ ਤੋਂ ਵੱਧ ਦੀ ਇੰਜਣ ਸਮਰੱਥਾ ਵਾਲੇ ਸਥਾਨਕ ਤੌਰ ‘ਤੇ ਨਿਰਮਿਤ ਜਾਂ ਅਸੈਂਬਲ ਕੀਤੇ ਵਾਹਨਾਂ ਅਤੇ ਸਥਾਨਕ ਤੌਰ ‘ਤੇ ਨਿਰਮਿਤ ਜਾਂ ਅਸੈਂਬਲ ਕੀਤੇ ਗਏ ਡਬਲ ਕੈਬਿਨ (434) ਪਿਕ-ਅੱਪ ਵਾਹਨਾਂ ਸਮੇਤ ਸਥਾਨਕ ਤੌਰ ‘ਤੇ ਨਿਰਮਿਤ ਤਿੰਨ ਸ਼੍ਰੇਣੀਆਂ ‘ਤੇ 25 ਫ਼ੀਸਦੀ ਦਾ ਜੀ.ਐੱਸ.ਟੀ. ਲਗਾਇਆ ਗਿਆ ਹੈ।
ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਆਈ.ਐੱਮ.ਐੱਫ) ਤੋਂ ਵਿੱਤੀ ਮਦਦ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਕਈ ਕਦਮ ਚੁੱਕੇ ਹਨ ਜਿਸ ‘ਚ ਈਂਧਨ ਦੀਆਂ ਕੀਮਤਾਂ ‘ਚ ਵਾਧਾ, ਬਰਾਮਦ ਅਤੇ ਬਿਜਲੀ ਖੇਤਰਾਂ ‘ਚ ਸਬਸਿਡੀ ਦੀ ਵਾਪਸੀ ਸ਼ਾਮਲ ਹੈ। 31 ਜਨਵਰੀ ਤੋਂ 9 ਫਰਵਰੀ ਤੱਕ ਇਸਲਾਮਾਬਾਦ ‘ਚ ਆਈ.ਐੱਮ.ਐੱਫ ਪ੍ਰਤੀਨਿਧੀਮੰਡਲ ਦੇ ਨਾਲ ਦੋਵਾਂ ਪੱਖਾਂ ਦੀ 10 ਦਿਨਾਂ ਦੀ ਗੱਲਬਾਤ ਤੋਂ ਬਾਅਦ ਪਾਕਿਸਤਾਨ ਅਤੇ ਆਈ.ਐੱਮ.ਐੱਫ. ਵਰਚੁਅਲ ਗੱਲਬਾਤ ਕਰ ਰਹੇ ਹਨ, ਪਰ ਆਈ.ਐੱਮ.ਐੱਫ. ਨਾਲ ਸਹਾਇਤਾ ਲਈ ਸਹਿਮਤੀ ਨਹੀਂ ਬਣ ਸਕੀ ਹੈ। ਇਸ ਦੌਰਾਨ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਦੇ ਇਸ ਹਫ਼ਤੇ ਆਈ.ਐੱਮ.ਐੱਫ ਨਾਲ ਬੇਲਆਊਟ ਸੌਦੇ ‘ਤੇ ਦਸਤਖ਼ਤ ਹੋਣ ਦੀ ਉਮੀਦ ਹੈ। ਡਾਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਆਈ.ਐੱਮ.ਐੱਫ. ਦੇ ਨਾਲ ਸੱਤ ਅਰਬ ਡਾਲਰ ਦੇ ਬੇਲਆਊਟ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ” ਹੈ।
Comment here