ਸਿਆਸਤਖਬਰਾਂਦੁਨੀਆ

ਪਾਕਿ ਤੋਂ ਭਾਰਤ ਆਉਂਦਾ ਲੈਦਰ ਇੰਡਸਟਰੀ ਦਾ ‘ਕਾਲਾ ਪਾਣੀ’ ਸੂਬੇ ਦਾ ਮਸਲਾ—ਸ਼ੇਖਾਵਤ

ਫਿਰੋਜ਼ਪੁਰ-ਕੇਂਦਰੀ ਜਲ ਸੰਸਾਧਨ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਪਾਕਿਸਤਾਨ ਦੇ ਕਸੂਰ ਤੋਂ ਦਰਿਆ ਸਤਲੁਜ ਰਾਹੀਂ ਭਾਰਤ ਵਿਚ ਆਉਂਦੇ ਲੈਦਰ ਇੰਡਸਟਰੀ ਦੇ ‘ਕਾਲੇ ਪਾਣੀ’ ਤੋਂ ਪੱਲਾ ਝਾੜਦਿਆਂ ਇਸ ਨੂੰ ਸੂਬੇ ਦਾ ਮਾਮਲਾ ਦੱਸਿਆ। ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਜਦੋਂ ਕੇਂਦਰੀ ਮੰਤਰੀ ਨੂੰ ਯਾਦ ਕਰਵਾਇਆ ਗਿਆ ਕਿ ਇਹ ਕੌਮਾਂਤਰੀ ਮਸਲਾ ਹੈ ਤਾਂ ਉਨ੍ਹਾਂ ਇੱਕ ਵਾਰੀ ਫਿਰ ਇਸ ਦਾ ਠੀਕਰਾ ਸੂਬਾ ਸਰਕਾਰ ਸਿਰ ਭੰਨ੍ਹਦਿਆਂ ਆਖਿਆ ਕਿ ਉਹ ਤਿੰਨ ਸਾਲ ਪਹਿਲੋਂ ਕੇਂਦਰੀ ਜਲ ਸੰਸਾਧਨ ਮੰਤਰੀ ਬਣੇ ਹਨ, ਪਰ ਬੀਤੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਨਾ ਤਾਂ ਚਿੱਠੀ ਪੱਤਰੀ ਰਾਹੀਂ ਅਤੇ ਨਾ ਹੀ ਟੈਲੀਫੋਨ ਦੇ ਜ਼ਰੀਏ ਇਸ ਸਬੰਧੀ ਕੋਈ ਸ਼ਿਕਾਇਤ ਹੀ ਕੀਤੀ ਹੈ।
ਕੇਂਦਰੀ ਜਲ ਸੰਸਾਧਨ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਂਦੀ ਪੰਜ ਜਨਵਰੀ ਨੂੰ ਹੋਣ ਵਾਲੀ ਰੈਲੀ ਤੋਂ ਪਹਿਲੋਂ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਪਾਕਿਸਤਾਨ ਦੇ ਕਸੂਰ ਦੀ ਲੈਦਰ ਇੰਡਸਟਰੀ ਦਾ ਪਾਣੀ ਭਾਰਤ ਵਿੱਚ ਦਰਿਆ ਸਤਲੁਜ ਦੇ ਜ਼ਰੀਏ ਵਾਪਸ ਭੇਜੇ ਜਾਣ ਸਬੰਧੀ ਕੇਂਦਰੀ ਮੰਤਰੀ ਵੱਲੋਂ ਦਿੱਤੇ ਬਿਆਨ ਨੇ ਕੇਂਦਰ ਸਰਕਾਰ ਦੀ ਕਾਰਜਸ਼ੈਲੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕੀਤਾ ਹੈ ।
ਜ਼ਿਕਰਯੋਗ ਹੈ ਕਿ ਹਿੰਦ ਪਾਕਿ ਕੌਮਾਂਤਰੀ ਸਰਹੱਦ ’ਤੇ ਸਥਿਤ ਸਰਹੱਦੀ ਪਿੰਡਾਂ ਵਿਚ ਲਗਾਤਾਰ ਖਤਰਨਾਕ ਬਿਮਾਰੀਆਂ ਫੈਲਣ ਤੋਂ ਮਗਰੋਂ ਦੈਨਿਕ ਜਾਗਰਣ ਸਮੂਹ ਵੱਲੋਂ ਮਨੁੱਖਤਾ ਦੇ ਆਧਾਰ ’ਤੇ ਇਸ ਸਟੋਰੀ ਨੂੰ ਪ੍ਰਮੁੱਖਤਾ ਨਾਲ ਪਹਿਲੇ ਪੰਨੇ ’ਤੇ ਛਾਪਿਆ ਗਿਆ ਸੀ। ਇਸ ਦੇ ਬਾਵਜੂਦ ਕੇਂਦਰੀ ਮੰਤਰੀ ਵੱਲੋਂ ਪੱਤਰਕਾਰ ਦੇ ਪੁੱਛੇ ਸਵਾਲ ’ਤੇ ਇਹ ਪ੍ਰਤੀਕਿਰਿਆ ਦੇਣੀ ਕਿ, ‘‘ਮੈਨੂੰ ਤਾਂ ਇਸ ਦੀ ਜਾਣਕਾਰੀ ਹੀ ਤੁਹਾਡੇ ਤੋਂ ਲੱਗ ਰਹੀ ਹੈ। ਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਇਹ ਗੱਲ ਤਾਂ ਸਾਫ਼ ਹੋ ਗਈ ਕਿ ਮੋਦੀ ਸਰਕਾਰ ਦੇ ਮੰਤਰੀ ਅਖ਼ਬਾਰ ਕਿੰਨਾ ਕੁ ਪੜ੍ਹਦੇ ਹਨ ਅਤੇ ਕਿੰਨਾ ਕੁ ਅਪਡੇਟ ਹੋ ਕੇ ਪ੍ਰੈੱਸ ਕਾਨਫਰੰਸ ਕਰਦੇ ਹਨ ।
ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਏ ਜਾ ਰਹੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਸੰਬੰਧੀ ਗਜੇਂਦਰ ਸਿੰਘ ਸ਼ੇਖਾਵਤ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਵਿੱਚ ਆਸਥਾ ਜਤਾਉਣ ਵਾਲੇ ਹਰ ਵਿਅਕਤੀ ਦਾ ਪਾਰਟੀ ਵਿੱਚ ਸੁਆਗਤ ਹੈ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਹੈ ਅਤੇ ਪਰਿਵਾਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਮਨ ਭੇਦ ਬਨਣ ਤੋਂ ਪਹਿਲਾਂ ਹੀ ਮਸਲਾ ਸੁਲਝਾ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਉਂਦੀ ਪੰਜ ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲਵੇ, ਪੀਜੀਆਈ ਹਸਪਤਾਲ ਅਤੇ ਨੈਸ਼ਨਲ ਹਾਈਵੇ ਤੋਂ ਇਲਾਵਾ ਹਜ਼ਾਰਾਂ ਕਰੋੜਾਂ ਰੁਪਏ ਦੇ ਦੇ ਵਿਕਾਸ ਕਾਰਜਾਂ ਦਾ ਐਲਾਨ ਕਰ ਸਕਦੇ ਹਨ। ਵਿਧਾਨ ਸਭਾ ਚੋਣਾਂ ਵਿਚ ਸੀਟਾਂ ਦੇ ਐਲਾਨ ਸਬੰਧੀ ਉਨ੍ਹਾਂ ਆਖਿਆ ਕਿ ਇਸ ਕੰਮ ਲਈ ਸਹਿਯੋਗੀ ਦਲਾਂ ਨਾਲ ਬੈਠ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਸੀਟਾਂ ਦਾ ਐਲਾਨ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਵਿੱਚ ਭਾਜਪਾ ਦੇ ਸਹਾਇਕ ਚੋਣ ਇੰਚਾਰਜ ਗੁਜਰਾਤ ਦੇ ਕੱਛ ਤੋਂ ਸੰਸਦ ਮੈਂਬਰ ਵਿਨੋਦ ਚਾਵੜਾ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸੂਬਾਈ ਮੀਤ ਪ੍ਰਧਾਨ ਅਭਿਸ਼ੇਕ ਧਵਨ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ, ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ, ਗੁਰਦੀਪ ਢਿੱਲੋਂ, ਫਿਰੋਜ਼ਪੁਰ ਕੈਂਟ ਬੋਰਡ ਦੇ ਨਵ ਨਿਯੁਕਤ ਮੈਂਬਰ ਯੋਗੇਸ਼ ਗੁਪਤਾ, ਦਵਿੰਦਰ ਬਜਾਜ, ਜਗਰਾਜ ਕਟੋਰਾ, ਇੰਦਰ ਗੁਪਤਾ, ਅਮਰਿੰਦਰ ਸਿੰਘ ‘ਮੋਨੂ ਰੱਖੜੀ’, ਸਰਬਜੀਤ ਸੰਨੀ, ਬਲਜਿੰਦਰ ਸਿੰਘ ਕੰਬੋਜ ਤੇ ਹੋਰ ਵੀ ਸੂਬਾਈ ਭਾਜਪਾ ਆਗੂ ਹਾਜ਼ਰ ਸਨ।

Comment here