ਗੁਜਰਾਂਵਾਲਾ-ਪਾਕਿਸਤਾਨ ਦੇ ਗੁਜਰਾਂਵਾਲਾ ‘ਚ ਇੱਕ ਦਰਜ਼ੀ ਦੀ ਦੁਕਾਨ ‘ਤੇ ਹਮਲਾਵਰਾਂ ਨੇ ਛਾਪਾ ਮਾਰ ਕੇ 25 ਸੂਟ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ। ਮੀਡੀਆ ਅਨੁਸਾਰ ਗੁਜਰਾਂਵਾਲਾ ਦੇ ਰਾਹਵਾਲੀ ‘ਚ ਇੱਕ ਦਰਜ਼ੀ ਦੀ ਦੁਕਾਨ ‘ਚ ਲੁਟੇਰੇ ਗਾਹਕ ਬਣ ਕੇ ਦਾਖ਼ਲ ਹੋਏ ਅਤੇ ਈਦ-ਉਲ-ਫਿਤਰ ਦੇ ਤਿਉਹਾਰ ਦੇ ਮੌਸਮ ਦੌਰਾਨ ਆਰਡਰ ਪੂਰਾ ਕਰਨ ਲਈ ਸਿਲਾਈ ‘ਚ ਲੱਗੇ ਦਰਜ਼ੀ ਅਤੇ ਉਸ ਦੇ ਕਰਮਚਾਰੀਆਂ ਨੂੰ ਬੰਦੂਕ ਦੀ ਨੋਕ ‘ਤੇ ਲੁੱਟ ਲਿਆ।
ਦਰਜੀ ਦੀ ਦੁਕਾਨ ‘ਚ ਸਿਲਾਈ ਲਈ ਰੱਖੇ 25 ਸੂਟ ਵੀ ਚੋਰੀ ਕਰਕੇ ਲੈ ਗਏ। ਇੰਨਾ ਹੀ ਨਹੀਂ ਚੋਰਾਂ ਨੇ ਦੁਕਾਨਦਾਰ ਦੇ ਨਾਲ-ਨਾਲ ਉਥੇ ਕੰਮ ਕਰ ਰਹੇ ਲੋਕਾਂ ਦੇ ਮੋਬਾਈਲ ਫੋਨ ਵੀ ਲੁੱਟ ਲਏ ਅਤੇ ਫ਼ਰਾਰ ਹੋ ਗਏ। ਪਾਕਿਸਤਾਨੀ ਮੀਡੀਆ ਏ.ਆਰ.ਆਈ. ਨਿਊਜ਼ ਮੁਤਾਬਕ ਦੁਕਾਨਦਾਰ ਨੇ ਅਧਿਕਾਰੀਆਂ ਨੂੰ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਪਾਕਿਸਤਾਨ ‘ਚ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਅਪਰਾਧਾਂ ਦੀ ਦਰ ਬਹੁਤ ਵੱਧ ਗਈ ਹੈ। ਇਸ ਦਾ ਇੱਕ ਮੁੱਖ ਕਾਰਨ ਪਾਕਿਸਤਾਨੀ ਰੁਪਏ ਦਾ ਡਿੱਗਣਾ ਵੀ ਹੈ।
ਬਿਜ਼ਨਸ ਬ੍ਰੇਕੋਡਰ ਦੇ ਮੁਤਾਬਕ ਪਾਕਿਸਤਾਨ ਦੇ ਕਈ ਵੱਡੇ ਸ਼ਹਿਰਾਂ ਜਿਨ੍ਹਾਂ ‘ਚ ਕਰਾਚੀ, ਇਸਲਾਮਾਬਾਦ, ਲਾਹੌਰ ਸਮੇਤ ਸਟ੍ਰੀਟ ਕ੍ਰਾਈਮ ‘ਚ ਕਾਫ਼ੀ ਵਾਧਾ ਹੋਇਆ ਹੈ। ਸਾਲ 2023 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ 21 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ। ਪਾਕਿਸਤਾਨ ‘ਚ ਲੁੱਟਖੋਹ ‘ਚ ਸ਼ਾਮਲ ਗਿਰੋਹ ਦੇ ਹੌਂਸਲੇ ਵਧ ਗਏ ਹਨ। ਉਹ ਬਿਨਾਂ ਕਿਸੇ ਡਰ ਦੇ ਅਪਰਾਧ ਕਰ ਰਹੇ ਹਨ। ਕਰਾਚੀ ਵਰਗੇ ਵੱਡੇ ਸ਼ਹਿਰ ‘ਚ ਪਿਛਲੇ ਕੁਝ ਸਮੇਂ ‘ਚ ਅਜਿਹੇ ਅਪਰਾਧਾਂ ‘ਚ ਵਾਧਾ ਹੋਇਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਲੋਕਾਂ ‘ਤੇ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।
Comment here