ਅਜਬ ਗਜਬਖਬਰਾਂਚਲੰਤ ਮਾਮਲੇ

ਪਹਿਲੀ ਵਾਰ ਤਾਜ ਮਹਿਲ ਦੀਆਂ ਕੰਧਾਂ ਤੱਕ ਪਹੁੰਚਿਆ ਯਮੁਨਾ ਦਾ ਪਾਣੀ

ਨਵੀਂ ਦਿੱਲੀ-ਭਾਰਤ ਦੇ ਕਈ ਰਾਜਾਂ ਵਿਚ ਹੜ੍ਹ ਆਏ ਹੋਏ ਹਨ। ਰਾਜਧਾਨੀ ਦਿੱਲੀ ਦੇ ਤਮਾਮ ਇਲਾਕਿਆਂ ‘ਚ ਯਮੁਨਾ ਨਦੀ ਦਾ ਪਾਣੀ ਭਰ ਗਿਆ ਹੈ। ਯਮੁਨਾ ਦੇ ਪਾਣੀ ਦਾ ਪੱਧਰ ਬੁੱਧਵਾਰ ਨੂੰ ਖ਼ਤਰੇ ਦੇ ਨਿਸ਼ਾਨ 205.33 ਮੀਟਰ ਨੂੰ ਪਾਰ ਕਰ ਗਿਆ ਹੈ। ਆਲਮ ਇਹ ਬਣ ਗਿਆ ਹੈ ਕਿ ਹੁਣ ਯਮੁਨਾ ਦਾ ਪਾਣੀ ਤਾਜ ਮਹਿਲ ਦੀਆਂ ਕੰਧਾਂ ਤੱਕ ਪਹੁੰਚ ਗਿਆ ਹੈ। ਯਮੁਨਾ ਦੇ ਪਾਣੀ ਦਾ ਪੱਧਰ 45 ਸਾਲਾਂ ‘ਚ ਪਹਿਲੀ ਵਾਰ ਇੰਨਾ ਵਧ ਗਿਆ ਹੈ ਕਿ ਇਹ ਤਾਜ ਮਹਿਲ ਤੱਕ ਪਹੁੰਚ ਗਿਆ ਹੈ। ਤਾਜ ਮਹਿਲ ਦੇ ਮੁਗਲ ਗਾਰਡਨ ‘ਚ ਵੀ ਪਾਣੀ ਭਰ ਗਿਆ ਹੈ। ਯਮੁਨਾ ਦੇ ਵਧੇਰੇ ਪਾਣੀ ਦੇ ਪੱਧਰ ਨੂੰ ਲੈ ਕੇ ਪ੍ਰਸ਼ਾਸਨ ਨੇ ਵੀ ਅਲਰਟ ਮੋਡ ਕਰ ਦਿੱਤਾ ਹੈ।
ਤਾਜ ਮਹਿਲ ਦੇ ਆਲੇ-ਦੁਆਲੇ ਬਣੇ ਹੇਠਲੇ ਇਲਾਕਿਆਂ ਵਿਚ ਵੀ ਪਾਣੀ ਭਰ ਗਿਆ ਹੈ। ਇਸ ਨਾਲ ਰਾਮਬਾਗ, ਮਹਿਤਾਬ ਬਾਗ, ਜ਼ੋਹਰਾ ਬਾਗ, ਕਾਲਾ ਗੁੰਬਦ ਅਤੇ ਚੀਨੀ ਦਾ ਰੌਜਾ ਵਰਗੇ ਸਮਾਰਕ ਵੀ ਖ਼ਤਰੇ ‘ਚ ਪੈ ਸਕਦੇ ਹਨ। ਹਾਲਾਂਕਿ ਇਸ ਦਰਮਿਆਨ ਭਾਰਤੀ ਪੁਰਾਤਤੱਵ ਸਰਵੇਖਣ (ਏ. ਐੱਸ. ਆਈ.) ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਸਮਾਰਕਾਂ ਨੂੰ ਹੁਣ ਤੱਕ ਕੋਈ ਨੁਕਸਾਨ ਨਹੀਂ ਪੁੱਜਾ ਹੈ।
ਓਧਰ ਤਾਜ ਮਹਿਲ ਦੇ ਸੰਭਾਲ ਸਹਾਇਕ ਪ੍ਰਿੰਸ ਵਾਜਪਾਈ ਮੁਤਾਬਕ ਪਾਣੀ ਤਾਜ ਮਹਿਲ ਦੀਆਂ ਕੰਧਾਂ ਦੇ ਨੇੜੇ ਆ ਗਿਆ ਅਤੇ ਸਮਾਰਕ ਦੇ ਪਿੱਛੇ ਬਗੀਚਾ ਡੁੱਬ ਗਿਆ। ਸਾਲ 2010 ਅਤੇ ਇਸ ਤੋਂ ਪਹਿਲਾਂ ਸਾਲ 1978 ਵਿਚ ਯਮੁਨਾ ਦਾ ਪਾਣੀ ਤਾਜ ਮਹਿਲ ਦੀਆਂ ਕੰਧਾਂ ਤੱਕ ਪਹੁੰਚ ਗਿਆ ਸੀ। ਇਸ ਸਾਲ ਵੀ ਤਾਜ ਮਹਿਲ ਤੱਕ ਪਾਣੀ ਪਹੁੰਚ ਗਿਆ ਹੈ ਪਰ ਸਮਾਰਕ ਨੂੰ ਕੋਈ ਖਤਰਾ ਨਹੀਂ ਹੈ।

Comment here