ਨਵੀਂ ਦਿੱਲੀ-ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ‘ਤੇ 7 ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਬ੍ਰਿਜ ਭੂਸ਼ਣ ਨੂੰ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਚੁਣੌਤੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਬੇਕਸੂਰ ਹਨ ਤਾਂ ਉਹ ਝੂਠ ਫੜਨ ਵਾਲਾ ਨਾਰਕੋ ਟੈਸਟ ਕਰਵਾਉਣ। ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਕਿਹਾ ਕਿ ਜੇਕਰ ਬ੍ਰਿਜ ਭੂਸ਼ਣ ਮੁਕਾਬਲਿਆਂ ਦੇ ਆਯੋਜਨ ਨਾਲ ਜੁੜੇ ਹੋਣਗੇ ਤਾਂ ਉਹ ਮੁਕਾਬਲੇ ਕਰਵਾਉਣ ਦਾ ਵਿਰੋਧ ਕਰਨਗੇ। ਦਿੱਲੀ ਪੁਲਸ ਨੇ 28 ਅਪ੍ਰੈਲ ਨੂੰ ਡਬਲਿਊ.ਐੱਫ.ਆਈ.ਪ੍ਰਧਾਨ ਦੇ ਖਿਲਾਫ ਦੋ ਐੱਫਆਈਆਰ ਦਰਜ ਕੀਤੀਆਂ ਸਨ।
ਸਾਕਸ਼ੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਮੈਂ ਡਬਲਿਊ.ਐੱਫ.ਆਈ. ਪ੍ਰਧਾਨ ਨੂੰ ਨਾਰਕੋ ਟੈਸਟ ਕਰਵਾਉਣ ਦੀ ਚੁਣੌਤੀ ਦਿੰਦੀ ਹਾਂ। ਅਸੀਂ ਵੀ ਟੈਸਟ ਕਰਵਾਉਣ ਲਈ ਤਿਆਰ ਹਾਂ। ਸੱਚਾਈ ਸਾਹਮਣੇ ਆਉਣ ਦਿਓ, ਕੌਣ ਦੋਸ਼ੀ ਹੈ ਅਤੇ ਕੌਣ ਨਹੀਂ।” ਇਕ ਹੋਰ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਸਾਰੇ ਮੁਕਾਬਲੇ ਭਾਰਤੀ ਓਲੰਪਿਕ ਸੰਘ ਦੇ ਐਡ-ਹਾਕ ਪੈਨਲ ਦੇ ਅਧੀਨ ਹੋਣ। ਜੇਕਰ ਡਬਲਿਊ.ਐੱਫ.ਆਈ. ਮੁਖੀ ਕਿਸੇ ਵੀ ਤਰੀਕੇ ਨਾਲ ਇਸ ਨਾਲ ਜੁੜੇ ਹੋਣਗੇ ਤਾਂ ਅਸੀਂ ਇਸਦਾ ਵਿਰੋਧ ਕਰਾਂਗੇ।’
ਪਹਿਲਵਾਨਾਂ ਨੇ ਵੀਰਵਾਰ ਨੂੰ ਬ੍ਰਿਜ ਭੂਸ਼ਣ ਦੇ ਖਿਲਾਫ “ਤਫ਼ਤੀਸ਼ ਦੀ ਧੀਮੀ ਰਫਤਾਰ” ਦੇ ਵਿਰੋਧ ਵਿੱਚ ਬਾਂਹਾਂ ‘ਤੇ ਕਾਲੀ ਪੱਟੀ ਬੰਨ੍ਹਣ ਦਾ ਫੈਸਲਾ ਕੀਤਾ। ਪ੍ਰਦਰਸ਼ਨਕਾਰੀ ਇੱਕ ਨਾਬਾਲਗ ਸਮੇਤ 7 ਮਹਿਲਾ ਪਹਿਲਵਾਨਾਂ ਨਾਲ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਅਤੇ ਉਨ੍ਹਾਂ ਨੂੰ ਧਮਕਾਉਣ ਦੇ ਦੋਸ਼ ਵਿੱਚ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਨੂੰ ਨਾਰਕੋ ਟੈਸਟ ਕਰਵਾਉਣ ਨੂੰ ਕਿਹਾ

Comment here