ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪਰਾਲੀ ਸਾੜਣ ਵਾਲਿਆਂ ਖਿਲਾਫ ਸਖ਼ਤੀ ਦੇ ਨਿਰਦੇਸ਼

ਚੰਡੀਗੜ੍ਹ-ਪਰਾਲੀ ਸਾੜਣ ਨਾਲ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਨੂੰ ਕਾਬੂ ਵਿਚ ਰੱਖਣ ਲਈ ਏਅਰ ਕੁਆਲਟੀ ਮੈਨੇਜਮੈਂਟ ਕਮਿਸ਼ਨ ਵੱਲੋਂ ਹਰਿਆਣਾ ਸਰਕਾਰ ਨੂੰ ਐੱਨਸੀਆਰ ਅਤੇ ਨਾਲ ਲਗਦੇ ਇਲਾਕਿਆਂ ਵਿਚ ਮਾਮਲਿਆਂ ਨੂੰ ਘੱਟ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਨੂੰ ਅਜਿਹੇ ਮਾਮਲੇ ਪਹਿਲਾਂ ਦੇ ਮੁਕਾਬਲੇ 50 ਫ਼ੀਸਦੀ ਘਟਾਉਣ ਦਾ ਟੀਚਾ ਦਿੱਤਾ ਗਿਆ ਹੈ।
ਬੀਤੇ ਦਿਨੀਂ ਕਮਿਸ਼ਨ ਵੱਲੋਂ ਇਕ ਵੀਡੀਓ ਕਾਨਫਰੰਸ ਰਾਹੀਂ ਇਸ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕੀਤੀ ਗਈ। ਇਸ ਵਿਚ ਕਮਿਸ਼ਨ ਦੀ ਚੇਅਰਪਰਸਨ ਐੱਮ.ਐੱਮ. ਕੁੱਟੀ, ਮੁੱਖ ਸਕੱਤਰ ਸੰਜੀਵ ਕੌਸ਼ਲ, ਵਧੀਕ ਮੁੱਖ ਸਕੱਤਰ ਸੁਮਿਤਾ ਮਿਸ਼ਰਾ, ਹਰਿਆਣਾ ਸਟੇਟ ਪਲੀਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਪੀ ਰਾਘਵਿੰਦਰ ਰਾਓ, 10 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਤੇ ਹੋਰ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਚੇਅਰਪਰਸਨ ਐੱਮ.ਐੱਮ. ਕੁੱਟੀ ਨੇ ਐੱਨ.ਸੀ.ਆਰ. ਤੇ ਨਾਲ ਲਗਦੇ ਇਲਾਕਿਆਂ ਵਿਚ ਪਰਾਲੀ ਸਾੜਣ ਦੇ ਮਾਮਲੇ 2020 ਦੇ ਮੁਕਾਬਲੇ 50 ਫ਼ੀਸਦੀ ਘਟਾਉਣ ਦਾ ਟੀਚਾ ਦਿੱਤਾ। ਨਾਲ ਹੀ ਉਨ੍ਹਾਂ ਨੇ ਸੂਬੇ ਅੰਦਰ ਫ਼ਸਲੀ ਰਹਿੰਦ ਖੂਹੰਦ ਤੋਂ ਬਿਜਲੀ ਬਣਾਉਣ ਦੇ ਪ੍ਰਾਜੈਕਟਾਂ ਦੀ ਸਹੀ ਵਰਤੋਂ ‘ਤੇ ਵੀ ਜ਼ੋਰ ਦਿੱਤਾ। ਨਾਲ ਹੀ ਸਬੰਧਤ ਅਧਿਕਾਰੀਆਂ ਨੂੰ ਚੌਕੰਨੇ ਰਹਿਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਸਾਲ 2020 ਦੇ ਖਰੀਫ਼ ਸੀਜ਼ਨ ਵਿਚ ਪਰਾਲੀ ਸਾੜਣ ਦੇ 9,898 ਮਾਮਲੇ ਸਾਹਮਣੇ ਆਏ ਸਨ।
ਮੀਟਿੰਗ ਤੋਂ ਪਹਿਲਾਂ ਕਮਿਸ਼ਨ ਵੱਲੋਂ ਪਰਾਲੀ ਸਾੜਣ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਸੂਬਿਆਂ ਨੂੰ ਚਿੱਠੀ ਲਿਖ ਕੇ ਪਰਾਲੀ ਸਾੜਣ ‘ਤੇ ਸਖ਼ਤ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਸਨ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਮੋਟੇ ਜੁਰਮਾਨੇ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਇਕ ਹੋਰ ਪੱਤਰ ਰਾਹੀਂ ਸੂਬਿਆਂ ਨੂੰ ਪਰਾਲੀ ਸਾੜਣ ਦੇ ਮਾਮਲੇ ਘਟਾਉਣ ਦੀ ਯੋਜਨਾਬੰਦੀ ਬਾਰੇ ਵੀ ਦੱਸਿਆ ਗਿਆ ਸੀ।

Comment here