ਸਿਆਸਤਖਬਰਾਂਦੁਨੀਆ

ਨਿਸ਼ਾਨਦੇਹੀ ਨਾ ਹੋਣ ਕਾਰਨ ਭਾਰਤ-ਨੇਪਾਲ ਬਾਰਡਰ ’ਤੇ ਤਣਾਅ

ਪੀਲੀਭੀਤ-ਬੀਤੇ ਦਿਨੀ ਭਾਰਤ-ਨੇਪਾਲ ਬਾਰਡਰ ’ਤੇ ਖੇਤਾਂ ਦੀ ਵਾੜ ਸਾੜਨ ਕਾਰਨ ਤਣਾਅ ਵੱਧ ਗਿਆ ਹੈ। ਮਾਹੌਲ ਨੂੰ ਸੁਚਾਰੂ ਬਣਾਏ ਰੱਖਣ ਲਈ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਬੈਠਕ ਕੀਤੀ। ਨੇਪਾਲ ਦੇ ਅਧਿਕਾਰੀਆਂ ਨੇ ਵਾੜ ਸਾੜੇ ਜਾਣ ਦੇ ਮਾਮਲੇ ’ਚ ਜਾਂਚ ਦਾ ਭਰੋਸਾ ਦਿੱਤਾ। ਨਾਲ ਹੀ ਸਰਹੱਦੀ ਪਿੰਡ ਦੇ ਲੋਕਾਂ ਨੂੰ ਕਿਹਾ ਹੈ ਕਿ ਸਰਹੱਦ ਦੀ ਨਿਸ਼ਾਨਦੇਹੀ ਹੋਣ ਤਕ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਨਾ ਕਰਨ ਤੇ ਮੌਜੂਦਾ ਸਥਿਤੀ ਨੂੰ ਜਿਉਂ ਦੀ ਤਿਉਂ ਬਣਾਈ ਰੱਖਣ। ਬਾਰਡਰ ਸਕਿਓਰਿਟੀ ਫੋਰਸ ਦੇ ਕਮਾਂਡੈਂਟ ਗੋਵਿੰਦ ਸਿੰਘ ਭੰਡਾਰੀ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਰਿਪੋਰਟ ਦਫਤਰ ਭੇਜ ਦਿੱਤੀ ਹੈ। ਬਾਰਡਰ ’ਤੇ ਗਸ਼ਤ ਵਧਾ ਦਿੱਤੀ ਹੈ।
ਦੋਵਾਂ ਦੇਸ਼ਾਂ ਦੀ ਫੋਰਸ ਸਾਂਝੇ ਤੌਰ ’ਤੇ ਗਸ਼ਤ ਵੀ ਕਰੇਗੀ। ਪੀਲੀਭੀਤ ’ਚ ਸ਼ਾਰਦਾ ਪਾਰ ਭਾਰਤ-ਨੇਪਾਲ ਸਰਹੱਦ ਦੇ ਕੌਮਾਂਤਰੀ ਖੰਭੇ ਨੰਬਰ 28 ਦੇ ਨੇੜੇ ਰਮਨਗਰਾ ਇਲਾਕੇ ਦੇ ਲੋਕਾਂ ਦੇ ਖੇਤ ਹੈ। ਪਸ਼ੂਆਂ ਤੋਂ ਬਚਾਅ ਲਈ ਉਨ੍ਹਾਂ ਘਾਹ ਤੇ ਝਾੜੀਆਂ ਦੀ ਵਾੜ ਲਾ ਦਿੱਤੀ ਹੈ। ਇਸ ਖੇਤਰ ਦੇ ਇਕ ਹਿੱਸੇ ਨੂੰ ਨੇਪਾਲੀ ਲੋਕ ਆਪਣਾ ਦੱਸਦੇ ਹਨ। ਇਸੇ ਵਿਵਾਦ ’ਚ ਮੰਗਲਵਾਰ ਨੂੰ ਕੁਝ ਨੇਪਾਲੀ ਲੜਕਿਆਂ ਨੇ ਵਾੜ ’ਚ ਅੱਗ ਲਾ ਦਿੱਤੀ ਸੀ। ਬੁੱਧਵਾਰ ਨੂੰ ਬੀਐੱਸਐੱਫ ਦੀ 49ਵੀਂ ਬਟਾਲੀਅਨ ਦੇ ਕਮਾਂਡੈਂਟ ਗੋਵਿੰਦ ਸਿੰਘ ਭੰਡਾਰੀ ਨੇ ਨੇਪਾਲ ਦੀ ਆਰਮਡ ਪੁਲਿਸ ਫੋਰਸ (ਏਪੀਐੱਫ) ਨਾਲ ਸੰਪਰਕ ਕੀਤਾ। ਦੁਪਹਿਰ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰ ਖੰਭਾ ਨੰਬਰ 28 ਪੁੱਜੇ। ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨੇੜੇ ਹੀ ਨੇਪਾਲ ਦਾ ਜੰਗਲ ਹੈ। ਉੱਥੇ ਪਸ਼ੂਆਂ ਦੀ ਆਵਾਜਾਈ ਰਹਿੰਦੀ ਹੈ, ਇਸ ਲਈ ਵਾੜ ਲਗਾਈ ਸੀ, ਜਿਸ ਨੂੰ ਨੇਪਾਲੀਆਂ ਨੇ ਸਾੜ ਦਿੱਤਾ।
ਸਰਹੱਦ ’ਤੇ ਨਵੇਂ ਸਿਰੇ ਤੋਂ ਨਿਸ਼ਾਨਦੇਹੀ ਹੋਣੀ ਹੈ। ਉੱਤਰਖੰਡ ਦੇ ਖਟੀਮਾ ਬਾਰਡਰ ਤੋਂ ਇਹ ਕੰਮ ਸ਼ੁਰੂ ਕੀਤਾ ਗਿਆ ਪਰ ਕੋਰੋਨਾ ਇਨਫੈਕਸ਼ਨ ਕਾਰਨ ਰੁਕ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਸ਼ਾਨਦੇਹੀ ਨਾ ਹੋਣ ਕਾਰਨ ਦੋਵਾਂ ਦੇਸ਼ਾਂ ਦੇ ਸਰਹੱਦ ਨੇੜੇ ਰਹਿਣ ਵਾਲੇ ਪਿੰਡ ਵਾਸੀ ਆਸਪਾਸ ਦੀ ਜਗ੍ਹਾ ਨੂੰ ਆਪਣੀ ਦੱਸਦੇ ਹਨ। ਇਸ ਕਾਰਨ ਵਿਵਾਦ ਹੋ ਜਾਂਦਾ ਹੈ। ਮੌਕੇ ’ਤੇ ਹੀ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਬੈਠਕ ’ਚ ਤੈਅ ਕੀਤਾ ਕਿ ਕਿਸੇ ਧਿਰ ਦੇ ਲੋਕ ਨਵਾਂ ਫ਼ੈਸਲਾ ਨਹੀਂ ਕਰਨਗੇ। ਨਾ ਹੀ ਕਿਸੇ ਦਾ ਨੁਕਸਾਨ ਕਰਨਗੇ।

Comment here