ਖੰਨਾ-ਪੰਜਾਬ ਭਰ ਵਿੱਚ ਆਏ ਦਿਨ ਨਸ਼ੇ ਨਾਲ ਡੱਕੇ ਨੌਜਵਾਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਇਸੇ ਤਰ੍ਹਾਂ ਦੀ ਵੀਡੀਓ ਅੱਜ ਲੁਧਿਆਣਾ-ਚੰੜੀਗੜ੍ਹ ਨੈਸ਼ਨਲ ਹਾਈਵੇਅ ਉੱਤੇ ਪੈਂਦੇ ਸਮਰਾਲਾ ਬਾਈਪਾਸ ਉੱਤੇ ਦੇਖਣ ਨੂੰ ਮਿਲੀ। ਇਸ ਵੀਡੀਓ ਵਿੱਚ ਤਿੰਨ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਬੇਸੁੱਧ ਰੋਡ ਦੇ ਕਿਨਾਰੇ ਉੱਤੇ ਪਏ ਦਿਖਾਈ ਦੇ ਰਹੇ ਸਨ। ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਵਿਚਕਾਰ ਹੈ, ਨਸ਼ੇ ਨਾਲ ਗਲਤਾਨ ਹੋਏ ਤਿੰਨ ਨੌਜਵਾਨ ਵਿੱਚੋਂ ਇੱਕ ਨੌਜਵਾਨ ਸਮਰਾਲਾ ਦੇ ਪਿੰਡ ਬੋਂਦਾਲੀ ਦਾ ਰਹਿਣ ਵਾਲਾ ਹੈ ਅਤੇ ਦੋ ਨੌਜਵਾਨ ਚੰਡੀਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਸੂਚਨਾ ਮਿਲਣ ਦੇ ਨਾਲ ਹੀ ਸਮਾਜ ਸੇਵੀ ਪਰਮਜੀਤ ਸਿੰਘ ਢਿੱਲੋਂ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚੇ। ਮੌਕੇ ਉੱਤੇ ਪਹੁੰਚ ਕੇ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਮਰਾਲਾ ਪੁਲਿਸ ਨੇ ਤਿੰਨੇ ਨੌਜਵਾਨਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿੱਚ ਦਾਖਲ ਕਰਵਾ ਦਿੱਤਾ। ਸਮਾਜ ਸੇਵੀ ਪਰਮਜੀਤ ਸਿੰਘ ਢਿੱਲੋਂ ਨੇ ਬੋਲਦੇ ਦੱਸਿਆ ਕਿ ਸਮਰਾਲਾ ਲਈ ਇਹ ਮਾੜਾ ਸੰਕੇਤ ਹੈ, ਕਿਉਂਕਿ ਚੰਡੀਗੜ੍ਹ ਤੋਂ ਨਸ਼ਾ ਕਰਨ ਲਈ ਇਹ ਨੌਜਵਾਨ ਇੱਥੇ ਖਾਸ ਤੌਰ ਉੱਤੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਲਈ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕਿਉਂਕਿ ਵੀਡੀਓ ਨੇ ਜਵਾਨੀ ਦੇ ਕੁਰਾਹੇ ਪੈਣ ਦਾ ਸਬੂਤ ਦਿੱਤਾ ਹੈ।
ਨਸ਼ੇ ਵਿੱਚ ਬੇਸੁੱਧ ਹੋਏ ਇੱਕ ਮੁੰਡੇ ਦੀ ਮਾਂ ਨੇ ਦੱਸਿਆ ਕਿ ਨੌਜਵਾਨਾਂ ਨੇ ਬਿਨਾਂ ਨੰਬਰ ਪਲੇਟ ਤੋਂ ਇੱਕ ਮੋਟਸਾਈਕਲ ਲਿਆ ਕੇ 2500 ਰੁਪਏ ਵਿੱਚ ਵੇਚਿਆ ਹੈ ਅਤੇ ਉਹ ਵੀ ਸ਼ਾਇਦ ਚੋਰੀ ਦਾ ਨਾ ਹੋਵੇ, ਇਸ ਸਬੰਧੀ ਵੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ। ਲੜਕੇ ਦੀ ਮਾਤਾ ਨੇ ਕਿਹਾ ਕਿ ਅੱਜ ਉਸ ਦਾ ਪੁੱਤਰ 4 ਦਿਨ ਬਾਅਦ ਘਰ ਆਇਆ ਸੀ ਅਤੇ ਇਸ ਦੇ ਪਿੱਛੇ 2 ਲੜਕੇ ਉਨ੍ਹਾਂ ਦੇ ਘਰ ਆ ਗਏ ਅਤੇ ਕਹਿਣ ਲੱਗੇ ਕਿ ਅਸੀਂ 2500 ਦਾ ਮੋਟਸਾਈਕਲ ਵੇਚਿਆ ਹੈ। ਇਸ ਤੋਂ ਬਾਅਦ ਦੋਵੇਂ ਨੌਜਵਾਨ ਉਸ ਦੇ ਪੁੱਤਰ ਨੂੰ ਵੀ ਨਾਲ ਲੈ ਗਏ ਅਤੇ ਫਿਰ ਨਸ਼ੇ ਵਿੱਚ ਚੂਰ ਵਿਖਾਈ ਦਿੱਤੇ।
ਮਾਮਲੇ ਸਬੰਧੀ ਐੱਸਐੱਚਓ ਸਮਰਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ 3 ਨੌਜਵਾਨ ਸੜਕ ਉੱਤੇ ਨਸ਼ੇ ਦੀ ਹਾਲਤ ਵਿੱਚ ਡਿੱਗੇ ਪਏ ਨੇ ਜਿਸ ਤੋਂ ਬਾਅਦ ਪੁਲਿਸ ਪਾਰਟੀ ਉਹਨਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਲਿਆਈ ਅਤੇ ਦਾਖਿਲ ਕਰਵਾ ਦਿੱਤਾ ਹੈ। ਬਾਕੀ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨੇ ਕਿਹੜਾ ਨਸ਼ਾ ਕੀਤਾ ਸੀ।
ਨਸ਼ੇ ‘ਚ ਗਲਤਾਨ ਨੌਜਵਾਨ ਨੇ 2500 ‘ਚ ਵੇਚਿਆ ਮੋਟਰਸਾਈਕਲ

Comment here