ਖਬਰਾਂਖੇਡ ਖਿਡਾਰੀ

‘ਧੋਨੀ ਮੈਨੂੰ ਰਾਸ਼ਟਰੀ ਟੀਮ ਤੋਂ ਬਾਹਰ ਕਰਨ ਦਾ ਜ਼ਿੰਮੇਵਾਰ’—ਹਰਭਜਨ ਸਿੰਘ

ਜਲੰਧਰ-ਬੀਤੇ ਦਿਨੀਂ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਭਾਰਤ ਦੇ ਸਾਬਕਾ ਧਾਕੜ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਕੁਝ ਅਧਿਕਾਰੀ ਤੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਮੈਨੂੰ ਰਾਸ਼ਟਰੀ ਟੀਮ ਤੋਂ ਬਾਹਰ ਕਰਨ ਲਈ ਜ਼ਿੰਮੇਵਾਰ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟੀਮ ’ਚੋਂ ਬਾਹਰ ਕਿਉਂ ਕੀਤਾ ਗਿਆ, ਇਸ ਦਾ ਕਾਰਨ ਨਹੀਂ ਦੱਸਿਆ ਗਿਆ। ਹਰਭਜਨ ਨੇ ਕਿਹਾ ਕਿ ਉਸ ਸਮੇਂ ਬੀ. ਸੀ .ਸੀ. ਆਈ. ਦੇ ਕੁਝ ਅਧਿਕਾਰੀ ਨਹੀਂ ਚਾਹੁੰਦੇ ਸਨ ਕਿ ਮੇਰੀ ਟੀਮ ਇੰਡੀਆ ’ਚ ਵਾਪਸੀ ਹੋਵੇ। ਉਦੋਂ ਧੋਨੀ ਕਪਤਾਨ ਸਨ ਤੇ ਉਨ੍ਹਾਂ ਨੇ ਵੀ ਅਧਿਕਾਰੀਆਂ ਦਾ ਸਪੋਰਟ ਕੀਤਾ। ਜੇਕਰ ਮੇਰੀ ਬਾਇਓਪਿਕ (ਫਿਲਮ) ਜਾਂ ਵੈੱਬ ਸੀਰੀਜ਼ ਬਣਦੀ ਹੈ, ਤਾਂ ਇਸ ’ਚ ਕੋਈ ਇਕ ਨਹੀਂ ਸਗੋਂ ਬਹੁਤ ਸਾਰੇ ਵਿਲੇਨ ਹੋਣਗੇ।
ਉਨ੍ਹਾਂ ਨੇ ਬੀ. ਸੀ. ਸੀ. ਆਈ. ਦੇ ਕੁਝ ਅਧਿਕਾਰੀਆਂ ਦੇ ਉਨ੍ਹਾਂ ਪ੍ਰਤੀ ਵਿਵਹਾਰ ’ਤੇ ਖੁਲਾਸਾ ਕਰਦੇ ਹੋਏ ਕਿਹਾ ਕਿ ਕਿਸਮਤ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਬਸ ਕੁਝ ਬਾਹਰੀ ਕਾਰਨ ਮੇਰੇ ਨਾਲ ਨਹੀਂ ਸਨ ਤੇ ਹੋ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਮੇਰੇ ਖ਼ਿਲਾਫ਼ ਸਨ। ਇਸ ਦਾ ਕਾਰਨ ਮੇਰੀ ਗੇਂਦਬਾਜ਼ੀ ਸੀ ਤੇ ਮੈਂ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ। ਮੈਂ 31 ਸਾਲਾਂ ਦਾ ਸੀ ਜਦੋਂ ਮੈਂ 400 ਵਿਕਟਾਂ ਲਈਆਂ। ਜੇਕਰ ਮੈਂ 4-5 ਸਾਲ ਹੋਰ ਖੇਡਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ 100-150 ਹੋਰ ਵਿਕਟਾਂ ਲੈ ਸਕਦਾ ਸੀ।
ਹਰਭਜਨ ਨੇ ਕਿਹਾ ਕਿ ਧੋਨੀ ਉਦੋਂ ਕਪਤਾਨ ਸਨ ਤੇ ਮੈਨੂੰ ਲਗਦਾ ਹੈ ਕਿ ਇਹ ਗੱਲ ਧੋਨੀ ਦੇ ਉੱਪਰ ਸੀ। ਕੁਝ ਹੱਦ ਤਕ ਇਸ ’ਚ ਕੁਝ ਬੀ. ਸੀ. ਸੀ. ਆਈ. ਅਧਿਕਾਰੀ ਇਸ ’ਚ ਸ਼ਾਮਲ ਸਨ ਜੋ ਚਾਹੁੰਦੇ ਸਨ ਕਿ ਮੈਂ ਟੀਮ ’ਚ ਨਾ ਰਹਾਂ ਤੇ ਕਪਤਾਨ ਧੋਨੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਪਰ ਇਕ ਕਪਤਾਨ ਕਦੀ ਵੀ ਬੀ. ਸੀ. ਸੀ. ਆਈ. ਤੋਂ ਉੱਪਰ ਨਹੀਂ ਹੋ ਸਕਦਾ। ਬੀ. ਸੀ. ਸੀ. ਆਈ. ਦੇ ਅਧਿਕਾਰੀ ਹਮੇਸ਼ਾ ਕਪਤਾਨ, ਕੋਚ ਜਾਂ ਟੀਮ ਤੋਂ ਵੱਡੇ ਰਹੇ ਹਨ।
ਹਰਭਜਨ ਨੇ ਅੱਗੇ ਕਿਹਾ ਕਿ ਬੀ. ਸੀ. ਸੀ. ਆਈ. ਦੇ ਇਸ਼ਾਰੇ ’ਤੇ ਧੋਨੀ ਨੂੰ ਬੇਜੋੜ ਸਮਰਥਨ ਮਿਲਿਆ। ਧੋਨੀ ਕੋਲ ਹੋਰਨਾ ਖਿਡਾਰੀਆਂ ਦੇ ਮੁਕਾਬਲੇ ਬਿਹਤਰ ਸਮਰਥਨ ਸੀ ਤੇ ਜੇਕਰ ਬਾਕੀ ਖਿਡਾਰੀਆਂ ਨੂੰ ਵੀ ਉੇਸੇ ਤਰ੍ਹਾਂ ਦਾ ਸਮਰਥਨ ਮਿਲਦਾ ਤਾਂ ਹੀ ਉਹ ਖੇਡਦੇ। ਅਜਿਹਾ ਨਹੀਂ ਸੀ ਕਿ ਬਾਕੀ ਖਿਡਾਰੀ ਅਚਾਨਕ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਨਾ ਭੁੱਲ ਗਏ ਸਨ। ਹਰਭਜਨ ਨੇ ਕਿਹਾ ਕਿ ਹਰ ਖਿਡਾਰੀ ਭਾਰਤ ਦੀ ਜਰਸੀ ਪਹਿਨ ਕੇ ਸੰਨਿਆਸ ਲੈਣਾ ਚਾਹੁੰਦਾ ਹੈ ਪਰ ਕਿਸਮਤ ਹਮੇਸ਼ਾ ਤੁਹਾਡੇ ਨਾਲ ਨਹੀਂ ਹੁੰਦੀ ਤੇ ਕਦੀ-ਕਦੀ ਤੁਸੀਂ ਜੋ ਚਾਹੁੰਦੇ ਹੋ ਉਹ ਨਹੀਂ ਮਿਲਦਾ। ਵੀ. ਵੀ. ਐੱਸ. (ਲਕਸ਼ਮਣ), ਰਾਹੁਲ (ਦ੍ਰਾਵਿੜ), ਵੀਰੂ (ਵਰਿੰਦਰ ਸਹਿਵਾਗ) ਜਿਹੇ ਵੱਡੇ ਨਾਂ ਤੇ ਕਈ ਹੋਰ ਜਿਨ੍ਹਾਂ ਨੇ ਬਾਅਦ ’ਚ ਸੰਨਿਆਸ ਲਿਆ, ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਹਰਭਜਨ ਸਿੰਘ ਨੇ 41 ਸਾਲ ਦੀ ਉਮਰ ’ਚ ਦਸੰਬਰ 2021 ’ਚ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ।

Comment here