* ਬੀਬੀ ਜਗੀਰ ਕੌਰ 42 ਵੋਟਾਂ ਲੈ ਕੇ ਹਾਰੇ, ਕਿਹਾ ਪੰਥ ਲਈ ਲੜਦੀ ਰਹਾਂਗੀ
* ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਦੀ ਹਾਰ ਹੋਈ-ਧਾਮੀ
ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਤਿੱਖੇ ਵਿਰੋਧ ਮਗਰੋਂ ਅਕਾਲੀ ਦਲ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਐੱਸ. ਜੀ. ਪੀ. ਸੀ. ਜਨਰਲ ਇਜਲਾਸ ਵਿਚ ਕੁੱਲ 146 ਮੈਂਬਰ ਹਾਜ਼ਰ ਸਨ। ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਹਰਜਿੰਦਰ ਸਿੰਘ ਧਾਮੀ ਨੂੰ 104 ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਪਈਆਂ। ਹਰਜਿੰਦਰ ਸਿੰਘ ਧਾਮੀ ਮੁੜ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਚੁਣੇ ਗਏ ਹਨ। ਇਸ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਿਆਮਪੁਰ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਜਿੱਤ ਮਗਰੋਂ ਬੇਸ਼ੱਕ ਅਕਾਲੀ ਦਲ ਖ਼ੁਸ਼ ਹੈ ਪਰ ਅਸਲੀਅਤ ਵਿੱਚ ਆਉਣ ਵਾਲਾ ਸਮਾਂ ਅਕਾਲੀ ਦਲ ਲਈ ਹੋਰ ਵੀ ਚੁਣੌਤੀਆਂ ਭਰਪੂਰ ਹੋਵੇਗਾ।
ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਦੀ ਹਾਰ ਹੋਈ-ਧਾਮੀ
ਚੋਣ ਜਿੱਤਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਂਝ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਦੀ ਚੋਣ ਤਾਂ ਹਰ ਸਾਲ ਹੁੰਦੀ ਹੈ ਪਰ ਅੱਜ ਵਾਲੀ ਚੋਣ ਬਹੁਤ ਅਹਿਮ ਸੀ। ਇਹ ਅਹਿਮ ਇਸ ਲਈ ਸੀ ਕਿਉਂਕਿ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕ ਜੁੱਟ ਹੋ ਕੇ ਜ਼ੋਰ ਲਗਾ ਰਹੇ ਸਨ। ਧਾਮੀ ਨੇ ਕਿਹਾ ਕਿ ਭਾਜਪਾ ਆਗੂ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਐੱਸ. ਜੀ. ਪੀ. ਸੀ. ਮੈਂਬਰ ਮੇਜਰ ਸਿੰਘ ਢਿੱਲੋਂ ਨੂੰ ਫੋਨ ਕਰਕੇ ਲਾਲਚ ਦੇਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਹੋਰ ਵੀ ਐੱਸ. ਜੀ. ਪੀ. ਸੀ. ਮੈਂਬਰਾਂ ਨੂੰ ਫੋਨ ਕੀਤੇ ਗਏ ਹਨ। ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਦੀ ਅੱਜ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਮੇਰੇ ਹੱਕ ਵਿਚ 104 ਵੋਟਾਂ ਪਈਆਂ ਜਦਕਿ 42 ਵੋਟਾਂ ਬੀਬੀ ਦੇ ਹੱਕ ਵਿਚ ਭੁਗਤੀਆਂ ਹਨ। ਅੱਜ ਦਾ ਮੁਕਾਬਲਾ ਸ਼੍ਰੋਮਣੀ ਕਮੇਟੀ ਨੂੰ ਸਿੱਧੀ ਚੁਣੌਤੀ ਸੀ ਅਤੇ ਸਾਰੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਹੈ, ਜਿਨ੍ਹਾਂ ਸਦਕਾ ਪੰਥ ਵਿਰੋਧੀ ਤਾਕਤਾਂ ਨੂੰ ਹਾਰ ਮਿਲੀ ਹੈ। ਧਾਮੀ ਨੇ ਕਿਹਾ ਕਿ ਗੋਰਿਆਂ ਤੋਂ ਬਾਅਦ ਜੇ ਕਿਸੇ ਨੇ ਦਖਲ ਅੰਦਾਜ਼ੀ ਕੀਤੀ ਹੈ, ਭਾਵੇਂ ਉਹ ਹਰਿਆਣਾ ਵਿਚ ਹੋਵੇ ਜਾਂ ਕਿੱਤੇ ਹੋਰ ਉਸ ਦੀ ਸ਼੍ਰੋਮਣੀ ਕਮੇਟੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਪੰਥ ਲਈ ਲੜਦੀ ਰਹਾਂਗੀ
ਚੋਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਪੰਥ ‘ਚ ਹੀ ਰਹਾਂਗੀ ਤੇ ਪੰਥ ਲਈ ਲੜਦੀ ਰਹਾਂਗੀ। ਉਨ੍ਹਾਂ ਅਕਾਲੀ ਦਲ ’ਤੇ ਚੋਣਾਂ ‘ਚ ਧੱਕੇਸ਼ਾਹੀ ਦਾ ਵੀ ਦੋਸ਼ ਲਗਾਇਆ। ਬੀਬੀ ਜਗੀਰ ਕੌਰ ਨੇ ਆਖਿਆ ਹੈ ਕਿ ਉਨ੍ਹਾਂ ਨੂੰ 42 ਵੋਟਾਂ ਮਿਲੀਆਂ ਹਨ। ਧੱਕੇ ਦੇ ਬਾਵਜੂਦ ਉਨ੍ਹਾਂ ਨੂੰ ਇੰਨੀਆਂ ਵੋਟਾਂ ਮਿਲੀਆਂ ਹਨ, ਇਹ ਉਨ੍ਹਾਂ ਦੀ ਜਿੱਤ ਹੀ ਹੈ। ਉਨ੍ਹਾਂ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਡੀ ਵੀ ਏ ਤੇ ਅਕਾਲੀ ਦਲ ਵੀ ਮੇਰਾ ਹੈ, ਇਹ ਤਾਂ ਵਿਚ ਗਦਾਰ ਬੈਠੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਵਿਚੋਂ ਕੱਢਣ ਵਾਲੇ ਇਹ ਕੌਣ ਹੁੰਦੇ ਹਨ।
ਅਕਾਲੀ ਦਲ ਨੇ ਕਿਹਾ-ਪੰਥ ਦੀ ਜਿੱਤ
ਚੋਣ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਥ ਦੀ ਤਾਕਤ ਦੀ ਜਿੱਤ ਹੈ। ਤਿੰਨਾਂ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਮਸਲਿਆਂ ‘ਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੇਂਦਰ ਸਰਕਾਰ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ‘ਚ ਦਖਲ ਦੇ ਕੇ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾਉਣ ਲਈ ਆਪਣੀ ਸਾਰੀ ਤਾਕਤ ਲਗਾ ਦਿੱਤੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਸੁਖਬੀਰ ਬਾਦਲ ਦੀ ਪ੍ਰਧਾਨਗੀ ‘ਚ ਬਣੇ ਦੋ ਧੜੇ
ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਕਮੇਟੀ ਮੈਂਬਰ ਦੋ ਧੜਿਆਂ ਵਿੱਚ ਵੰਡੇ ਗਏ ਹੋਣ। ਪਹਿਲੀਆਂ ਚੋਣਾਂ ਵਿੱਚ ਵੀ ਕਈ ਵਾਰ ਮੈਂਬਰਾਂ ਵੱਲੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਰੋਧ ਹੁੰਦਾ ਆਇਆ ਹੈ ਪਰ ਆਖ਼ਰੀ ਮੌਕੇ ‘ਤੇ ਸਾਰੇ ਮੈਂਬਰਾਂ ਨੇ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਐਲਾਨੇ ਨਾਂ ‘ਤੇ ਸਹਿਮਤੀ ਜਤਾਈ ਸੀ।ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਨਾ ਸਿਰਫ਼ ਐਨੇ ਵੱਡੇ ਪੱਧਰ ‘ਤੇ ਵਿਰੋਧ ਹੋਇਆ ਹੈ ਸਗੋਂ ਮੈਂਬਰ ਵੀ ਦੋ ਧੜਿਆਂ ਵਿੱਚ ਵੰਡੇ ਗਏ। ਬੀਬੀ ਜਗੀਰ ਕੌਰ ਦੇ ਧੜੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਦੇ ਮੁੱਦੇ ‘ਤੇ ਵੋਟਾਂ ਮੰਗੀਆਂ ਗਈਆਂ। ਬੇਸ਼ੱਕ ਧਾਮੀ ਦੀ ਜਿੱਤ ਕਾਫ਼ੀ ਹੱਦ ਤੱਕ ਸਪੱਸ਼ਟ ਸੀ ਪਰ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਇਹ ਡਰ ਜ਼ਰੂਰ ਸਤਾ ਰਿਹਾ ਸੀ ਕਿ ਚੋਣਾਂ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਬਾਦਲ ਪਰਿਵਾਰ ਦੇ iਖ਼ਲਾਫ਼ ਨਾ ਭੁਗਤ ਜਾਣ। ਸ਼ਾਇਦ ਇਸੇ ਕਰਕੇ ਸੁਖਬੀਰ ਬਾਦਲ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਕਈ ਮੈਂਬਰਾਂ ਨਾਲ ਘਰ-ਘਰ ਜਾ ਕੇ ਗੁਪਤ ਮੀਟਿੰਗਾਂ ਕਰਦੇ ਰਹੇ। ਇਸ ਸਭ ਦੇ ਬਾਵਜੂਦ ਬੀਬੀ ਜਗੀਰ ਕੌਰ ਨੂੰ 42 ਮੈਂਬਰਾਂ ਦਾ ਸਮਰਥਨ ਮਿਲਿਆ ਜੋ ਅਕਾਲੀ ਦਲ ਲਈ ਆਉਣ ਵਾਲੇ ਸਮੇਂ ਵਿੱਚ ਸਿਰਦਰਦ ਬਣੇਗਾ।
ਭਾਜਪਾ ਕੋਲ ਸ਼੍ਰੋਮਣੀ ਕਮੇਟੀ ‘ਚ ਸੰਨ੍ਹ ਲਾਉਣ ਦਾ ਮੌਕਾ
ਬੀਬੀ ਜਗੀਰ ਕੌਰ ਨੂੰ 42 ਮੈਂਬਰਾਂ ਦੀ ਹਿਮਾਇਤ ਭਾਜਪਾ ਲਈ ਸ਼੍ਰੋਮਣੀ ਕਮੇਟੀ ‘ਚ ਸੰਨ੍ਹ ਲਾਉਣ ਦਾ ਚੰਗਾ ਮੌਕਾ ਸਾਬਿਤ ਹੋ ਸਕਦੀ ਹੈ। ਵੈਸੇ ਵੀ ਗਠਜੋੜ ਟੁੱਟਣ ਮਗਰੋਂ ਅਕਾਲੀ ਦਲ ਭਾਜਪਾ ਦੇ ਨਿਸ਼ਾਨੇ ‘ਤੇ ਰਿਹਾ ਹੈ। ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਅਤੇ ਸ਼੍ਰੋਮਣੀ ਕਮੇਟੀ ‘ਚ ਪੈਰ ਪਸਾਰਨ ਲਈ ਭਾਜਪਾ ਬੀਬੀ ਜਗੀਰ ਕੌਰ ਨੂੰ ਭਵਿੱਖ ਵਿੱਚ ਅੰਦਰੋ ਅੰਦਰੀ ਹਿਮਾਇਤ ਦੇ ਕੇ ਅਕਾਲੀ ਦਲ iਖ਼ਲਾਫ਼ ਹੋਰ ਭੜਕਾ ਸਕਦੀ ਹੈ। ਅਜਿਹੀ ਚਰਚਾ ਚੋਣਾਂ ਤੋਂ ਪਹਿਲਾਂ ਦੀ ਜਾਰੀ ਹੈ ਜਦੋਂ ਬੀਬੀ ਜਗੀਰ ਕੌਰ ਨੇ ਸ਼ਰੇਆਮ ਇਹ ਮੰਨਿਆ ਸੀ ਕਿ ਉਨ੍ਹਾਂ ਨੂੰ ਮਨਜਿੰਦਰ ਸਿੰਘ ਸਿਰਸਾ ਦਾ ਫੋਨ ਆਇਆ ਸੀ। ਅਕਾਲੀ ਦਲ ਵੀ ਲਗਾਤਾਰ ਭਾਜਪਾ ‘ਤੇ ਇਲਜ਼ਾਮ ਲਗਾ ਰਿਹਾ ਹੈ ਕਿ ਬੀਬੀ ਭਾਜਪਾ ਦੇ ਇਸ਼ਾਰੇ ‘ਤੇ ਸ਼੍ਰੋਮਣੀ ਕਮੇਟੀ ਚੋਣਾਂ ‘ਚ ਨਵਾਂ ਧੜਾ ਖੜ੍ਹਾ ਕਰ ਰਹੀ ਹੈ। ਹਾਲਾਂਕਿ ਬੀਬੀ ਜਗੀਰ ਕੌਰ ਨੇ ਇਹ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਅਕਾਲੀ ਦਲ ਦੇ ਚੰਗੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਨਾ ਜਾਰੀ ਰੱਖਣਗੇ ਤੇ ਕਦੇ ਵੀ ਭਾਜਪਾ ‘ਚ ਸ਼ਾਮਲ ਨਹੀਂ ਹੋਣਗੇ। ਫ਼ਿਲਹਾਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਬੀਬੀ ਜਗੀਰ ਕੌਰ ਦਾ ਧੜਾ ਕੀ ਰੁਖ਼ ਅਪਣਾਉਂਦਾ ਹੈ ਪਰ ਬੀਬੀ ਜਗੀਰ ਕੌਰ ਨੂੰ 42 ਮੈਂਬਰਾਂ ਦੀ ਹਿਮਾਇਤ ਦਾ ਜਿੱਥੇ ਭਾਜਪਾ ਲਾਹਾ ਲੈਣ ਦੀ ਤਾਕ ਵਿੱਚ ਹੋਵੇਗੀ ਉਥੇ ਹੀ ਸੁਖਬੀਰ ਲਈ ਇਸ ਧੜੇ ਨਾਲ ਨਜਿੱਠਣਾ ਵੀ ਵੱਡੀ ਚੁਣੌਤੀ ਹੋਵੇਗਾ।
ਸਿਆਸੀ ਤੌਰ ‘ਤੇ ਵਧੇਗੀ ਬੀਬੀ ਜਗੀਰ ਕੌਰ ਦੀ ਬੁੱਕਤ
ਚੋਣਾਂ ਹਾਰਨ ਮਗਰੋਂ ਵੀ ਬੀਬੀ ਜਗੀਰ ਕੌਰ ਦੀ ਸਿਆਸੀ ਤੌਰ ‘ਤੇ ਵੱਖਰੇ ਧੜੇ ਵਜੋਂ ਬੁੱਕਤ ਵਧੇਗੀ। ਕਾਬਲ-ਏ-ਗੌਰ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਅਕਾਲੀ ਦਲ ਤੋਂ ਬਾਗੀ ਹੋਏ ਕਈ ਆਗੂ ਵੀ ਇਸ ਧੜੇ ਨਾਲ ਰਾਬਤਾ ਬਣਾ ਕੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਦੀਆਂ ਗਤੀਵਿਧੀਆਂ ਚਲਾ ਸਕਦੇ ਹਨ। ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਬੀਬੀ ਜਗੀਰ ਕੌਰ ਇਸ ਮੁਹਿੰਮ ਦੇ ਮੋਹਰੀ ਆਗੂਆਂ ਵਿਚੋਂ ਇਕ ਹੋਣਗੇ। ਵੈਸੇ ਵੀ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ iਖ਼ਲਾਫ਼ ਬਗਾਵਤ ਕਰਨ ‘ਤੇ ਜੋ ਕਮੇਟੀ ਮੈਂਬਰਾਂ ਦਾ ਸਮਰਥਨ ਮਿਲਿਆ ਹੈ ਉਹ ਸ਼ਾਇਦ ਅਕਾਲੀ ਦਲ ਤੋਂ ਪਹਿਲਾਂ ਬਾਗੀ ਹੋਏ ਹੋਰ ਆਗੂਆਂ ਨੂੰ ਨਹੀਂ ਮਿਲਿਆ।
ਕੀ ਹੋਵੇਗਾ ਬੀਬੀ ਜਗੀਰ ਕੌਰ ਦਾ ਅਗਲਾ ਐਕਸ਼ਨ
ਚੋਣਾਂ ਮਗਰੋਂ ਸਭ ਦੀਆਂ ਨਜ਼ਰਾਂ ਇਸ ਪਾਸੇ ਵੱਲ ਹਨ ਕਿ ਹੁਣ ਬੀਬੀ ਜਗੀਰ ਕੌਰ ਦਾ ਅਗਲਾ ਐਕਸ਼ਨ ਕੀ ਹੋਵੇਗਾ। ਕੀ ਬੀਬੀ ਜਗੀਰ ਕੌਰ ਆਪਣਾ ਵਿਰੋਧ ਵਾਪਸ ਲੈ ਕੇ ਆਪਣਾ ਸਿਆਸੀ ਕਰੀਅਰ ਅਕਾਲੀ ਦਲ ਵਿੱਚ ਹੀ ਜਾਰੀ ਰੱਖਣਗੇ ਜਾਂ ਵੱਖਰੇ ਧੜੇ ਨਾਲ ਨਵੀਂ ਸਿਆਸੀ ਪਾਰੀ ਸ਼ੁਰੂ ਕਰਨਗੇ। ਇਹ ਵੀ ਹੋ ਸਕਦਾ ਹੈ ਕਿ ਬੀਬੀ ਜਗੀਰ ਕੌਰ ਪਹਿਲਾਂ ਤੋਂ ਹੀ ਸਿੱਖ ਪੰਥ ਵਿੱਚ ਅਕਾਲੀ ਦਲ ਦਾ ਵਿਰੋਧ ਕਰ ਰਹੇ ਧੜਿਆਂ ਨੂੰ ਇਕ ਮੰਚ ‘ਤੇ ਇਕੱਠੇ ਕਰ ਲੈਣ, ਜੋ ਬਾਦਲ ਪਰਿਵਾਰ ਲਈ ਹੋਰ ਵੀ ਵੱਡੀ ਮੁਸੀਬਤ ਹੋਵੇਗੀ।
ਧਾਮੀ ਲਈ ਚੁਣੌਤੀ ਭਰਪੂਰ ਸਮਾਂ
ਮੁੜ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ ਲਈ ਪ੍ਰਧਾਨ ਦੇ ਅਹੁਦੇ ਵਜੋਂ ਆਉਣ ਵਾਲਾ ਸਮਾਂ ਚੁਣੌਤੀਆਂ ਭਰਪੂਰ ਹੋਵੇਗਾ। ਪਹਿਲੀ ਵੱਡੀ ਚੁਣੌਤੀ ਤਾਂ ਬੀਬੀ ਜਗੀਰ ਕੌਰ ਹੋਣਗੇ ਜੋ 4 ਵਾਰ ਪ੍ਰਧਾਨ ਬਣਨ ਕਰਕੇ ਸ਼੍ਰੋਮਣੀ ਕਮੇਟੀ ਦੇ ਲੂਪ ਹੋਲ ਜਾਣਦੇ ਹਨ। ਜੇਕਰ ਕਿਸੇ ਮਸਲੇ ‘ਤੇ ਹਰਜਿੰਦਰ ਸਿੰਘ ਧਾਮੀ ਕਮਜ਼ੋਰ ਪੈਦੇ ਹਨ ਤਾਂ ਬੀਬੀ ਜਗੀਰ ਕੌਰ ਉਸ ਮਸਲੇ ਨੂੰ ਉਭਾਰਨ ਦੀ ਕੋਈ ਕਸਰ ਨਹੀਂ ਛੱਡਣਗੇ। ਦੂਜੀ ਗੱਲ ਜੋ ਪਹਿਲਾਂ ਤੋਂ ਹੀ ਪ੍ਰਚਾਰੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ‘ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ, ਨੂੰ ਲੈ ਕੇ ਵੀ ਧਾਮੀ ਲਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਵਿਰੋਧੀ ਧੜੇ ਵੱਲੋਂ ਸੌਦਾ ਸਾਧ ਨੂੰ ਮੁਆਫ਼ੀ ਦੇਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲਿਆਂ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਕਾਲੀ ਦਲ ਨੂੰ ਲਗਾਤਾਰ ਘੇਰਿਆ ਗਿਆ ਹੈ ਤੇ ਭਵਿੱਖ ਵਿੱਚ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿ ਸਕਦਾ ਹੈ।
ਕਿਸਦੇ ਹੱਥ ਹੋਵੇਗੀ ਇਸਤਰੀ ਅਕਾਲੀ ਦਲ ਦੀ ਕਮਾਨ
ਬੀਬੀ ਜਗੀਰ ਕੌਰ ਨੂੰ ਪਾਰਟੀ ਚੋਂ ਕੱਢਣ ਮਗਰੋਂ ਇਸਤਰੀ ਅਕਾਲੀ ਦੀ ਕਮਾਨ ਹੁਣ ਕਿਸਦੇ ਹੱਥ ਹੋਵੇਗੀ, ਇਹ ਵੀ ਵੱਡਾ ਸਵਾਲ ਹੈ। ਪਾਰਟੀ ਨੂੰ ਬੀਬੀ ਜਗੀਰ ਕੌਰ ਵਰਗਾ ਹੋਰ ਚਿਹਰਾ ਮਿਲਣਾ ਆਸਾਨ ਨਹੀਂ ਹੋਵੇਗਾ। ਸਿੱਖ ਮਸਲਿਆਂ ‘ਤੇ ਬੇਬਾਕ ਬੋਲਣ ਤੇ ਪਾਰਟੀ ਗਤੀਵਿਧੀਆਂ ਨੂੰ ਪਿੰਡ ਪੱਧਰ ‘ਤੇ ਪ੍ਰਚਾਰਨ ਲਈ ਬੀਬੀ ਜਗੀਰ ਕੌਰ ਵਰਗੀ ਸ਼ਖ਼ਸੀਅਤ ਲੱਭਣਾ ਅਕਾਲੀ ਦਲ ਲਈ ਵੱਡਾ ਸਵਾਲ ਹੈ।
ਬੀਬੀ ਜਗੀਰ ਕੌਰ ਘਰ ਵਾਪਸੀ ਕਰੇ-ਹਰਸਿਮਰਤ ਬਾਦਲ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸ.ਜੀ.ਪੀ.ਸੀ ਚੋਣਾਂ ਬਾਰੇ ਕਿਹਾ ਕੇਵਲ ਇਕ ਸੰਸਥਾ ਹੈ, ਸਿੱਖਾਂ ਦੀ ਮਿੰਨੀ ਪਾਰਲੀਮੈਂਟ। ਜਿੱਥੇ ਸਿੱਖ ਆਪਣੇ ਆਗੂਆਂ ਨੂੰ ਚੁਣ ਭੇਜਦੇ ਹਨ। ਬੀਬੀ ਜਗੀਰ ਕੌਰ ਨੂੰ ਮੇਰੀ ਬੇਨਤੀ ਹੈ ਘਰ ਵਾਪਸੀ ਕਰੀਏ ਤਾਂ ਆਪਾਂ ਪੰਥ ਦੀ ਸੇਵਾ ਕਰੀਏ ਮੇਰੇ ਤੋਂ ਵੱਡੇ ਨੇ, ਮੈਂ ਕੁੱਝ ਨਹੀਂ ਬੋਲਣਾ ਚਾਹੁੰਦੀ।
Comment here