ਨਵੀਂ ਦਿੱਲੀ- ਭਾਰਤ ਦੌਰੇ ਤੇ ਆਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਭਾਰਤ ਨਾ ਸੁਖਾਵੇਂ ਵਪਾਰ ਦੇ ਸੰਕੇਤ ਦਿੱਤੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਨੂੰ ਲੈ ਕੇ ਦੋਹਾਂ ਪੱਖਾਂ ਦੇ ਵਾਰਤਾਕਾਰਾਂ ਲਈ ਦੀਵਾਲੀ ਤੱਕ ਦੀ ਸਮਾਂ ਸੀਮਾ ਤੈਅ ਕੀਤੀ ਹੈ। ਦੋਵਾਂ ਨੇਤਾਵਾਂ ਦੀ ਨਵੀਂ ਦਿੱਲੀ ‘ਚ ਹੋਈ ਬੈਠਕ ‘ਚ ਇਹ ਸਮਾਂ ਸੀਮਾ ਤੈਅ ਕੀਤੀ ਗਈ। ਇਸ ਸਾਲ ਦੀਵਾਲੀ 24 ਅਕਤੂਬਰ ਨੂੰ ਹੈ। ਇਸ ਤਰ੍ਹਾਂ FTA ਨੂੰ 24 ਅਕਤੂਬਰ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2022 ਦੇ ਅੰਤ ਤੱਕ FTA ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਸੀ। ਭਾਰਤ ਦੇ 2 ਦਿਨਾ ਦੌਰੇ ਦੇ ਆਖਰੀ ਦਿਨ ਜਾਨਸਨ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਨਾਲ ਭਾਰਤ-ਬ੍ਰਿਟੇਨ ਵਪਾਰ ਸਾਲ 2030 ਤੱਕ ਦੁੱਗਣਾ ਹੋ ਸਕਦਾ ਹੈ ਅਤੇ ਖਪਤਕਾਰ ਕੀਮਤਾਂ ‘ਚ ਕਮੀ ਆਵੇਗੀ। ਜਾਨਸਨ ਨੇ ਕਿਹਾ, “ਅੱਜ ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਆਪਣੇ ਵਾਰਤਾਕਾਰਾਂ ਨੂੰ ਦੀਵਾਲੀ ਤੱਕ FTA ‘ਤੇ ਗੱਲਬਾਤ ਪੂਰੀ ਕਰਨ ਲਈ ਕਿਹਾ ਹੈ।” ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਜਨਵਰੀ ‘ਚ ਸ਼ੁਰੂ ਹੋਈ ਪਹਿਲੇ ਦੌਰ ਦੀ ਗੱਲਬਾਤ ਵਿਚ ਐੱਫ. ਟੀ. ਏ. ਦੇ ਤਹਿਤ 26 ‘ਚੋਂ 4 ਅਧਿਆਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਬਾਕੀ 22 ਚੈਪਟਰਾਂ ‘ਤੇ ਵੀ ਚੰਗੀ ਤਰੱਕੀ ਹੋਈ ਹੈ। ਦੋਵਾਂ ਧਿਰਾਂ ਦੇ ਵਾਰਤਾਕਾਰਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਅਗਲੇ ਹਫ਼ਤੇ ਨਵੀਂ ਦਿੱਲੀ ਵਿਚ ਸ਼ੁਰੂ ਹੋਵੇਗੀ।
ਦੀਵਾਲੀ ਤੱਕ ਹੋਣਗੇ ਭਾਰਤ-ਬ੍ਰਿਟੇਨ ਚ ਵਪਾਰ ਸਮਝੌਤੇ

Comment here