ਸਿਆਸਤਖਬਰਾਂ

ਦਿੱਲੀ ਕਮੇਟੀ ਦੇ ਪ੍ਰਧਾਨ ਦੀ ਖਾਲੀ ਕੁਰਸੀ ਸਿਰਸਾ ਨੇ ਫਿਰ ਸੰਭਾਲੀ

ਦਿੱਲੀ-ਬੀਤੇ 1 ਦਸੰਬਰ ਨੂੰ ਮਨਜਿੰਦਰ ਸਿਰਸਾ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣੇ ਜਿਹੇ ਸਿਰਸਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਸਿਰਸਾ ਨੇ ਕਿਹਾ ਕਿ ਮੇਰੇ ਵਲੋਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਸੀ। ਅਕਾਲੀ ਦਲ ਵਲੋਂ ਕੋਈ ਨਵਾਂ ਪ੍ਰਬੰਧ ਨਹੀਂ ਲਾਇਆ ਗਿਆ। ਸਿਰਸਾ ਦਾ ਕਹਿਣਾ ਹੈ ਕਿ ਅਧਿਆਪਕਾਂ ਦੀਆਂ ਤਨਖਾਹਾਂ ਦੇ ਮਸਲੇ ਹੱਲ ਨਹੀਂ ਹੋ ਪਾ ਰਹੇ ਤੇ ਸਕੂਲਾਂ ਅਤੇ ਕਾਲਜਾਂ ਦੇ ਮਸਲੇ ਹੱਲ ਨਹੀਂ ਹੋ ਰਹੇ । 29 ਦਿਨ ਪ੍ਰਬੰਧ ਨਾ ਚਲ ਪਾਉਣ ਕਾਰਨ  ਮੈਂ ਆਪਣਾ ਅਸਤੀਫਾ ਵਾਪਸ ਲੈਂਦਾ ਹਾਂ। ਇਸ ਦੌਰਾਨ ਸਿਰਸਾ ਨੇ ਕਿਹਾ ਕਿ ਪ੍ਰਬੰਧਕਾਂ ਨੂੰ ਜਿਥੇ ਮੇਰੀ ਜ਼ਰੂਰਤ ਹੋਵੇਗੀ ਮੈਂ ਹਰ ਵੇਲੇ ਹਾਜ਼ਰ ਹਾਂ ।
ਮਨਜਿੰਦਰ ਸਿਰਸਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮੇਰਾ ਦਿੱਲੀ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਾਂ ਨਾਲ ਨਾ ਕੋਈ ਵਾਸਤਾ ਹੈ ਤੇ ਨਾ ਭਵਿੱਖ ਵਿਚ ਕੋਈ ਵਾਸਤਾ ਹੋਵੇਗਾ। ਇਹ ਪ੍ਰਬੰਧ ਸੁਚਾਰੂ ਰੂਪ ਤਕ ਅਗਲੇ 20 ਜਨਵਰੀ ਤਕ ਚੱਲਣ ਇਸ ਲਈ ਸਾਰੇ ਮੈਂਬਰਾਂ ਨੇ ਮੀਟਿੰਗ ਕੀਤੀ ਸੀ । ਸਭ ਨੇ ਇਹ ਸੁਝਾਅ ਦਿੱਤਾ ਹੈ ਕਿ ਜਦੋਂ ਤਕ ਨਵਾਂ ਪ੍ਰੰਬਧ ਨਹੀਂ ਬਣਦਾ ਉਦੋਂ ਤਕ ਮੈਂ ਪ੍ਰਧਾਨ ਦਾ ਕਾਰਜ ਸੰਭਾਲਾਂਗਾ।
ਸਿਰਸਾ ਦੀ ਮੁੜ ਪ੍ਰਧਾਨਗੀ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ—ਅਕਾਲੀ
ਸ਼੍ਰੋਮਣੀ ਅਕਾਲੀ ਦਲ ਨੇ ਇਸ ਸੰਬੰਧੀ ਕਿਹਾ ਕਿ ਸਿਰਸਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਭਾਜਪਾ ਦੇ ਕਹਿਣ ’ਤੇ ਲਿਆ ਗਿਆ ਹੈ ਤੇ ਭਾਜਪਾ ਹੀ ਧਾਰਮਿਕ ਸੰਸਥਾ ’ਤੇ ਕਾਬਜ਼ ਹੋਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਸਾ ਵੱਲੋਂ ਅਸਤੀਫਾ ਦੇਣ ਮਗਰੋਂ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਹੁਣ ਫਿਰ ਤੋਂ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ਦੀ ਕਾਰਵਾਈ ਸਿੱਖ ਪੰਥ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਇਹ ਕਦਮ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਹੈ। ਉਹਨਾਂ ਕਿਹਾ ਕਿ ਸਿਰਸਾ ਨੇ ਪਿਛਲੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਆਪ ਹੀ ਨਵੀਂ ਕਮੇਟੀ ਦੇ ਗਠਨ ਦਾ ਰਾਹ ਪੱਧਰਾ ਕੀਤਾ ਸੀ।
ਉਹਨਾਂ ਕਿਹਾ ਕਿ ਨਵੀਂ ਕਮੇਟੀ ਦਾ ਗਠਨ ਜੋ ਕੁਝ ਮਹੀਨੇ ਪਹਿਲਾਂ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਪਹਿਲਾਂ ਹੀ ਲਟਕ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਨਵੀਂ ਕਮੇਟੀ ਦਾ ਗਠਨ ਹੋਣ ਦੇਣ ਦੀ ਥਾਂ ’ਤੇ ਸਿਰਸਾ ਨੂੰ ਭਾਜਪਾ ਦੀ ਹਮਾਇਤ ਨਾਲ ਦਿੱਲੀ ਗੁਰਦੁਆਰਾ ਕਮੇਟੀ ਸਿਰ ਮੜਿ੍ਹਆ ਜਾ ਰਿਹਾ ਸੀ। ਅਕਾਲੀ ਦਲ ਨੇ ਕਿਹਾ ਕਿ ਭਾਜਪਾ ਦੀਆਂ ਇਹ ਤਰਕੀਬਾਂ ਸਹਾਈ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਇਸ ਨਾਲ ਉਲਟਾ ਸਿੱਖ ਕੌਮ ਪਾਰਟੀ ਤੋਂ ਟੁੱਟ ਜਾਵੇਗੀ। ਉਹਨਾਂ ਕਿਹਾ ਕਿ ਭਾਜਪਾ ਸਿਰਸਾ ਵਰਗੇ ਬੰਦਿਆਂ ਦੇ ਰਾਹੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਨੇਜਮੈਂਟ ’ਤੇ ਕੰਟਰੋਲ ਕਰਨ ਦੇ ਅਜਿਹੇ ਯਤਨ ਤੁਰੰਤ ਬੰਦ ਕਰੇ।

Comment here