ਅਪਰਾਧਸਿਆਸਤਖਬਰਾਂ

ਥਾਣੇਦਾਰ ਦੀ ਬਦਲੀ ਕਰਾਉਣ ਲਈ ਆਪ ਆਗੂ ਨੇ ਮੰਗੀ ਰਿਸ਼ਵਤ!!

ਬਠਿੰਡਾ- ਆਮ ਆਦਮੀ ਪਾਰਟੀ ਦਾ ਇਕ ਹੋਰ ਆਗੂ ਵਿਵਾਦਾਂ ਵਿੱਚ ਘਿਰ ਗਿਆ ਹੈ। ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇੱਕ ਆਮ ਆਦਮੀ ਪਾਰਟੀ ਦੇ ਆਗੂ ਦੀ ਥਾਣੇਦਾਰ ਦੀ ਬਦਲੀ ਕਰਵਾਉਣ ਬਦਲੇ ਰਿਸ਼ਵਤ ਮੰਗਣ ਦੀ ਆਡੀਓ ਵਾਇਰਲ ਹੋਈ ਹੈ। ਆਡੀਓ ਵਿੱਚ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਗੋਨਿਆਣਾ ਦੇ ਕੋ ਬਲਾਕ ਇੰਚਾਰਜ ਦੀ ਕਿਸੇ ਵਿਅਕਤੀ ਨਾਲ ਗੱਲ ਹੋ ਰਹੀ ਹੈ। ਆਪ ਆਗੂ ਗੱਲ ਕਰਨ ਵਾਲੇ ਵਿਅਕਤੀ ਨੂੰ ਪੁੱਛ ਰਿਹਾ ਹੈ ਕਿ ਕੀ ਬਣਿਆ ਉਸਦਾ। ਆਪ ਆਗੂ ਨਾਲ ਗੱਲ ਕਰਨ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਥਾਣੇਦਾਰ ਕਹਿੰਦਾ ਹੈ ਕਿ ਉਸ ਕੋਲ ਪਹਿਲਾਂ ਦੇਣ ਨੂੰ ਕੁਝ ਨਹੀਂ ਹੈ ਪਰ ਬਾਅਦ ਵਿਚ ਤੁਸੀਂ ਜਿਵੇਂ ਮਰਜ਼ੀ ਕਰ ਲਿਆ ਕਰਿਓ। ਉਕਤ ਵਿਅਕਤੀ ਕਹਿ ਰਿਹਾ ਹੈ ਕਿ ਥਾਣੇਦਾਰ ਕਹਿੰਦਾ ਹੈ ਕਿ ਉਹ ਤੁਹਾਡਾ ਮਾਣ ਇੱਜ਼ਤ ਕਰਦਾ ਹੈ। ਇਸ ’ਤੇ ਆਪ ਆਗੂ ਕਹਿ ਰਿਹਾ ਹੈ ਕਿ ਪੀਏ ਨੂੰ ਵੀ ਕੁਝ ਦੇਣਾ ਪਵੇਗਾ। ਗੱਲ ਕਰਨ ਵਾਲਾ ਵਿਅਕਤੀ ਆਪ ਆਗੂ ਨੂੰ ਬੋਲ ਰਿਹਾ ਹੈ ਕਿ ਉਕਤ ਥਾਣੇਦਾਰ ਕਹਿ ਰਿਹਾ ਹੈ ਕਿ ਉਸ ਦੀ ਬਹੁਤ ਡਿਮਾਂਡ ਹੈ ਉਸਨੂੰ ਰਾਮੇ ਵਾਲੇ ਤੇ ਸੰਗਤ ਵਾਲੇ ਮੰਗ ਰਹੇ ਹਨ। ‘ਆਪ’ ਆਗੂ ਨਾਲ ਗੱਲ ਕਰਨ ਵਾਲਾ ਉਕਤ ਵਿਅਕਤੀ ਗੋਨਿਆਣਾ ਪੁਲਿਸ ਚੌਕੀ ਵਿਚ ਲੱਗੇ ਕਿਸੇ ਪੁਲਿਸ ਅਧਿਕਾਰੀ ਦਾ ਨਾਂ ਲੈ ਕੇ ਕਹਿ ਰਿਹਾ ਹੈ ਕਿ ਉਹ ਕਿਲੀ ਨਿਹਾਲ ਸਿੰਘ ਵਾਲਾ ਚੌਕੀ ਵਿਚ ਲੱਗਣਾ ਚਾਹੁੰਦਾ ਹੈ। ਆਪ ਆਗੂ ਕਹਿ ਰਿਹਾ ਹੈ ਕਿ ਉਸ ਨਾਲ ਗੱਲ ਕਰ ਤੇ ਕਿਲੀ ਨਿਹਾਲ ਸਿੰਘ ਵਾਲਾ ਤਾਇਨਾਤ ਕਰਵਾ ਦੇਈਏ। ਅੱਗਿਓਂ ਉਕਤ ਵਿਅਕਤੀ ਆਪ ਆਗੂ ਨੂੰ ਕਹਿ ਰਿਹਾ ਹੈ ਕਿ ਉਹ ਕਿੰਨੇ ਪੈਸਿਆਂ ਦੀ ਗੱਲ ਕਰੇ। ਆਪ ਆਗੂ ਕਹਿ ਰਿਹਾ ਹੈ ਕਿ ਵੱਧ ਤੋਂ ਵੱਧ ਦਸ ਪੰਦਰਾਂ ਹਜ਼ਾਰ ਪੀਏ ਨੂੰ ਦੇਵਾਂਗੇ, ਉਕਤ ਵਿਅਕਤੀ ਕਹਿ ਰਿਹਾ ਹੈ ਕਿ ਉਹ ਤੀਹ ਹਜ਼ਾਰ ਰੁਪਏ ਵਿੱਚ ਗੱਲ ਕਰ ਲਵੇ। ਆਪ ਆਗੂ ਨਾਲ ਗੱਲ ਕਰਨ ਵਾਲਾ ਉਕਤ ਵਿਅਕਤੀ ਕਹਿ ਰਿਹਾ ਹੈ ਜੇਕਰ ਤੀਹ ਹਜ਼ਾਰ ਵਿੱਚ ਮੰਨ ਗਿਆ ਤਾਂ ਉਹ ਗੱਲ ਕਰ ਲਵੇ ਚੱਲ ਜਾਂਦੇ ਚੋਰ ਦੀ ਪੱਗ ਹੀ ਸਹੀ। ਆਪ ਦੇ ਐੱਸਸੀ ਵਿੰਗ ਦਾ ਆਗੂ ਕਹਿ ਰਿਹਾ ਹੈ ਕਿ ਚੱਲ ਜਲਦੀ ਗੱਲ ਕਰ ਲੈ ਪੈਸਿਆਂ ਦੀ ਮੈਨੂੰ ਵੀ ਲੋਡ਼ ਹੈ। ਉਕਤ ਵਿਅਕਤੀ ਆਪ ਆਗੂ ਨੂੰ ਕਹਿ ਰਿਹਾ ਹੈ ਕਿ ਅੱਜ ਤਾਂ ਮੇਰੀਆਂ ਲੱਤਾਂ ਬਾਹਾਂ ਬਹੁਤ ਦੁਖ ਰਹੀਆਂ ਹਨ ਪਰ ਅੱਗਿਓਂ ਐੱਸਸੀ ਵਿੰਗ ਦਾ ਆਪ ਆਗੂ ਕਹਿ ਰਿਹਾ ਹੈ ਕਿ ਜੇਕਰ ਕੋਲ ਪੈਸੇ ਹੋਣ ਤਾਂ ਲੱਤਾਂ ਬਾਹਾਂ ਨਹੀਂ ਦੁਖਦੀਆਂ। ਹੁਣ ਪੈਸਾ ਆਪਣੇ ਕੋਲ ਨਹੀਂ ਹੈ। ਦੂਜੇ ਪਾਸੇ ਉਕਤ ਵਿਅਕਤੀ ਦੀ ਥਾਣੇਦਾਰ ਦੀ ਤਾਇਨਾਤੀ ਲਈ ਪੈਸੇ ਮੰਗਣ ਦੀ ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਹਲਕਾ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Comment here