ਖਬਰਾਂਚਲੰਤ ਮਾਮਲੇਦੁਨੀਆ

ਤਾਈਪੇ ’ਚ ਖੁੱਲ੍ਹਿਆ ਪਹਿਲਾ ਹਿੰਦੂ ਮੰਦਰ, ਹਿੰਦੂ ਭਾਈਚਾਰਾ ਖੁਸ਼

ਤਾਈਪੇ-ਆਈ. ਆਈ. ਟੀ.-ਇੰਡੀਅਨਜ਼ ਦੀ ਸੰਸਥਾਪਕ ਡਾ. ਪ੍ਰਿਆ ਲਾਲਵਾਨੀ ਪੁਰਸਵੇਨੀ ਨੇ ਦੱਸਿਆ ਕਿ ਤਾਈਵਾਨ ਦੀ ਰਾਜਧਾਨੀ ਤਾਈਪੇ ਵਿਚ ਪਹਿਲੇ ਹਿੰਦੂ ਮੰਦਰ ਦਾ ਨਿਰਮਾਣ ਪੂਰਾ ਹੋ ਗਿਆ ਹੈ। ਇਸ ਮੰਦਰ ਦਾ ਹਾਲ ਹੀ ਵਿਚ ਉਦਘਾਟਨ ਕੀਤਾ ਗਿਆ ਹੈ। ਤਾਈਵਾਨ ਦੇ ਇਸ ਇਕਲੌਤੇ ਹਿੰਦੂ ਮੰਦਰ ਦਾ ਨਾਂ ‘ਸਭ ਕਾ ਮੰਦਰ’ ਰੱਖਿਆ ਗਿਆ ਹੈ। ‘ਸਭ ਕਾ ਮੰਦਰ’ ’ਚ ਭਗਵਾਨ ਸ਼ੰਕਰ, ਸ਼੍ਰੀਰਾਮ ਅਤੇ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਸ ਕਾਰਨ ਤਾਈਵਾਨ ’ਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ’ਚ ਖੁਸ਼ੀ ਦੀ ਲਹਿਰ ਹੈ।
ਇਸ ਮੰਦਰ ਬਾਰੇ ਪ੍ਰਿਆ ਲਾਲਵਾਨੀ ਨੇ ਕਿਹਾ ਕਿ ਇਹ ਤਾਈਵਾਨ ਵਿਚ ਰਹਿਣ ਵਾਲੇ ਭਾਰਤੀਆਂ ਲਈ ਹੀ ਨਹੀਂ, ਸਗੋਂ ਤਾਈਵਾਨ ਦੇ ਨਾਗਰਿਕਾਂ ਲਈ ਵੀ ਮਹੱਤਵਪੂਰਨ ਹੈ। ਇਸ ਪ੍ਰਾਪਤੀ ਦਾ ਸਿਹਰਾ ਦੋ ਦਹਾਕਿਆਂ ਤੋਂ ਤਾਈਵਾਨ ਵਿਚ ਵਸੇ ਭਾਰਤੀ ਪ੍ਰਵਾਸੀ ਅਤੇ ਇਕ ਮਸ਼ਹੂਰ ਭਾਰਤੀ ਰੈਸਟੋਰੈਂਟ ਦੇ ਮਾਲਕ ਐਂਡੀ ਸਿੰਘ ਆਰੀਆ ਨੂੰ ਦਿੱਤਾ ਜਾ ਰਿਹਾ ਹੈ।
ਤਾਈਵਾਨ ਵਿਚ ਰਹਿ ਰਹੀ ਇਕ ਭਾਰਤੀ ਨਾਗਰਿਕ ਸਨਾ ਹਾਸ਼ਮੀ ਨੇ ਕਿਹਾ ਕਿ ਇਸ ਮੰਦਰ ਦੀ ਸਥਾਪਨਾ ਭਾਰਤ ਵਿਚ ਭਾਰਤੀ ਭਾਈਚਾਰੇ ਨਾਲ ਸੁਹਿਰਦ ਸਬੰਧਾਂ ਨੂੰ ਅੱਗੇ ਵਧਾਉਣ ਲਈ ਤਾਈਵਾਨ ਦੀ ਡੂੰਘੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਮੰਦਰ ਦਾ ਉਦਘਾਟਨ ਭਾਰਤ-ਤਾਈਵਾਨ ਸਬੰਧਾਂ ਦੀ ਸੱਭਿਆਚਾਰਕ ਕਹਾਣੀ ਵਿਚ ਇਕ ਇਤਿਹਾਸਕ ਪਲ ਹੈ।ਤਾਈਵਾਨ ਨੇ ਹਾਲ ਹੀ ਵਿਚ ਮੁੰਬਈ ’ਚ ਤਾਈਪੇ ਆਰਥਿਕ ਅਤੇ ਸੱਭਿਆਚਾਰਕ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਇਸ ਮੰਦਰ ਨੂੰ ਤਾਈਵਾਨ ਅਤੇ ਭਾਰਤ ਦੇ ਸਬੰਧਾਂ ਲਈ ਬਹੁਤ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ।

Comment here