ਸਿਆਸਤਖਬਰਾਂ

ਚੰਡੀਗੜ ਨਗਰ ਨਿਗਮ ਚੋਣਾਂ ’ਚ ‘ਆਪ’ ਨੇ ਮਾਰੀ ਬਾਜ਼ੀ

ਪੰਜਾਬ ’ਚ ਆਉਣ ਵਾਲੀ ਤਬਦੀਲੀ ਦਾ ਸੰਕੇਤ—ਕੇਜਰੀਵਾਲ
ਚੰਡੀਗੜ੍ਹ ਝਾਕੀ ਹੈ, ਪੂਰਾ ਪੰਜਾਬ ਜਿੱਤਣਾ ਬਾਕੀ ਹੈ—ਭਗਵੰਤ ਮਾਨ, ਰਾਘਵ ਚੱਢਾ
ਚੰਡੀਗੜ੍ਹ-ਇੱਥੇ ਨਗਰ ਨਿਗਮ ਚੋਣਾਂ 2021 ਪਹਿਲੀ ਚੋਣ ਲੜਣ ਵਾਲੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਕੇ ਸੱਤਾ ਵਿੱਚ ਰਹੀ ਭਾਰਤੀ ਜਨਤਾ ਪਾਰਟੀ ਨੂੰ ਹਰਾ ਦਿੱਤਾ ਹੈ। ਆਪ ਨੇ ਧਮਾਕੇਦਾਰ ਐਂਟਰੀ ਕਰਕੇ ਪਹਿਲੀ ਵਾਰ ਚੋਣ ਲੜਦਿਆਂ 14 ਸੀਟਾਂ ਜਿੱਤੀਆਂ ਸਨ। ਭਾਜਪਾ ਨੂੰ ਸਿਰਫ਼ 12 ਸੀਟਾਂ ਮਿਲੀਆਂ ਹਨ। ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਮਿਲੀ ਹੈ। ਇਸ ਤਰਾਂ 35 ਵਾਰਡਾਂ ਵਾਲੀ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬਹੁਮਤ ਲਈ 19 ਸੀਟਾਂ ਦੀ ਲੋੜ ਸੀ।
ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੀ ਇਹ ਜਿੱਤ ਪੰਜਾਬ ਵਿੱਚ ਆਉਣ ਵਾਲੀ ਤਬਦੀਲੀ ਦਾ ਸੰਕੇਤ ਹੈ। ਚੰਡੀਗੜ੍ਹ ਦੇ ਲੋਕਾਂ ਨੇ ਅੱਜ ਭ੍ਰਿਸ਼ਟ ਰਾਜਨੀਤੀ ਨੂੰ ਨਕਾਰ ਕੇ ‘ਆਪ’ ਦੀ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ। ਆਪ ਦੇ ਸਾਰੇ ਜੇਤੂ ਉਮੀਦਵਾਰਾਂ ਅਤੇ ਵਰਕਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਵਾਰ ਪੰਜਾਬ ਬਦਲਾਅ ਲਈ ਤਿਆਰ ਹੈ।
ਕੌਣ ਕਿੰਨੇ ਵੋਟਾਂ ਨਾਲ ਜਿੱਤਿਆ
ਵਾਰਡ 1 ਤੋਂ ਆਮ ਆਦਮੀ ਪਾਰਟੀ ਦੀ ਜਸਵਿੰਦਰ ਕੌਰ ਨੇ ਭਾਜਪਾ ਦੀ ਮਨਜੀਤ ਕੌਰ ਨੂੰ 1009 ਵੋਟਾਂ ਨਾਲ ਹਰਾਇਆ।
ਵਾਰਡ 2 ਤੋਂ ਭਾਜਪਾ ਦੇ ਮਹੇਸ਼ਇੰਦਰ ਸਿੰਘ ਸਿੱਧੂ 11 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਕਾਂਗਰਸ ਦੇ ਹਰਮਹਿੰਦਰ ਸਿੰਘ ਲੱਕੀ ਨੂੰ ਹਰਾਇਆ।
ਵਾਰਡ 3 ਵਿੱਚ ਭਾਜਪਾ ਦੇ ਦਲੀਪ ਸ਼ਰਮਾ ਨੇ ਕਾਂਗਰਸ ਦੇ ਰਵੀ ਕੁਮਾਰ ਨੂੰ 90 ਵੋਟਾਂ ਨਾਲ ਹਰਾਇਆ।
ਵਾਰਡ 4 ਤੋਂ ਆਮ ਆਦਮੀ ਪਾਰਟੀ ਦੀ ਸੁਮਨ ਦੇਵੀ ਨੇ ਭਾਜਪਾ ਦੀ ਸਵਿਤਾ ਗੁਪਤਾ ਨੂੰ 12 ਵੋਟਾਂ ਨਾਲ ਹਰਾਇਆ।
ਵਾਰਡ 5 ਵਿੱਚ ਕਾਂਗਰਸ ਦੀ ਦਰਸ਼ਨਾ ਨੇ ਭਾਜਪਾ ਦੀ ਨੀਤਿਕਾ ਗੁਪਤਾ ਨੂੰ 2737 ਵੋਟਾਂ ਦੇ ਫਰਕ ਨਾਲ ਹਰਾਇਆ।
ਵਾਰਡ 6 ਤੋਂ ਭਾਜਪਾ ਦੀ ਸਰਬਜੀਤ ਕੌਰ ਨੇ ਕਾਂਗਰਸ ਦੀ ਮਮਤਾ ਗਿਰੀ ਨੂੰ 502 ਵੋਟਾਂ ਨਾਲ ਹਰਾਇਆ।
ਵਾਰਡ 7 ਤੋਂ ਭਾਜਪਾ ਦੇ ਮਨੋਜ ਕੁਮਾਰ ਨੇ ਕਾਂਗਰਸ ਦੇ ਓਮ ਪ੍ਰਕਾਸ਼ ਨੂੰ 784 ਵੋਟਾਂ ਨਾਲ ਹਰਾਇਆ।
ਵਾਰਡ 8 ਤੋਂ ਭਾਜਪਾ ਦੇ ਹਰਜੀਤ ਸਿੰਘ ਨੇ ਕਾਂਗਰਸ ਦੇ ਕੇਐਸ ਠਾਕੁਰ ਨੂੰ 682 ਵੋਟਾਂ ਨਾਲ ਹਰਾਇਆ।
ਵਾਰਡ 9 ਤੋਂ ਭਾਜਪਾ ਦੀ ਬਿਮਲਾ ਦੂਬੇ ਨੇ ਆਜ਼ਾਦ ਮਨਪ੍ਰੀਤ ਕੌਰ ਨੂੰ 1795 ਵੋਟਾਂ ਦੇ ਫਰਕ ਨਾਲ ਹਰਾਇਆ।
ਵਾਰਡ 10 ਤੋਂ ਕਾਂਗਰਸ ਦੀ ਹਰਪ੍ਰੀਤ ਕੌਰ ਬਬਲਾ ਨੇ ਭਾਜਪਾ ਦੀ ਰਾਸ਼ੀ ਭਸੀਨ ਨੂੰ 3103 ਵੋਟਾਂ ਨਾਲ ਹਰਾਇਆ।
ਵਾਰਡ 11 ਤੋਂ ਭਾਜਪਾ ਦੇ ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਓਮਕਾਰ ਸਿੰਘ ਔਲਖ ਨੂੰ 167 ਵੋਟਾਂ ਨਾਲ ਹਰਾਇਆ।
ਵਾਰਡ 12 ਵਿੱਚ ਭਾਜਪਾ ਦੇ ਸੌਰਭ ਜੋਸ਼ੀ ਨੇ ਕਾਂਗਰਸ ਦੀ ਦੀਪਾ ਅਸ਼ਧੀਰ ਦੂਬੇ ਨੂੰ 1017 ਵੋਟਾਂ ਨਾਲ ਹਰਾਇਆ।
ਵਾਰਡ 13 ਤੋਂ ਕਾਂਗਰਸ ਦੇ ਸਚਿਨ ਗਾਲਵ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਚੰਦਰਮੁਖੀ ਸ਼ਰਮਾ ਨੂੰ 285 ਵੋਟਾਂ ਨਾਲ ਹਰਾਇਆ।
ਵਾਰਡ 14 ਤੋਂ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਨੂੰ 255 ਵੋਟਾਂ ਨਾਲ ਹਰਾਇਆ।
ਵਾਰਡ 15 ਤੋਂ ਆਮ ਆਦਮੀ ਪਾਰਟੀ ਦੇ ਰਾਮਚੰਦਰ ਯਾਦਵ ਨੇ ਕਾਂਗਰਸ ਦੇ ਧੀਰਜ ਗੁਪਤਾ ਨੂੰ 178 ਵੋਟਾਂ ਨਾਲ ਹਰਾਇਆ।
ਵਾਰਡ 16 ਤੋਂ ਆਮ ਆਦਮੀ ਪਾਰਟੀ ਦੀ ਪੂਨਮ ਨੇ ਭਾਜਪਾ ਦੀ ਊਸ਼ਾ ਨੂੰ 993 ਵੋਟਾਂ ਨਾਲ ਹਰਾਇਆ।
ਵਾਰਡ 17 ਤੋਂ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਭਾਜਪਾ ਦੇ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਨਾਲ ਹਰਾਇਆ।
ਵਾਰਡ 18 ਤੋਂ ਆਮ ਆਦਮੀ ਪਾਰਟੀ ਦੀ ਤਰੁਣਾ ਮਹਿਤਾ ਨੇ ਭਾਜਪਾ ਦੀ ਸੁਨੀਤਾ ਧਵਨ ਨੂੰ 1516 ਵੋਟਾਂ ਨਾਲ ਹਰਾਇਆ।
ਵਾਰਡ 19 ਤੋਂ ਆਮ ਆਦਮੀ ਪਾਰਟੀ ਦੀ ਨੇਹਾ ਨੇ ਕਾਂਗਰਸ ਦੇ ਕਮਲੇਸ਼ ਨੂੰ 804 ਵੋਟਾਂ ਨਾਲ ਹਰਾਇਆ।
ਵਾਰਡ 20 ਤੋਂ ਕਾਂਗਰਸ ਦੇ ਗੁਰਚਰਨਜੀਤ ਸਿੰਘ ਨੇ ਆਜ਼ਾਦ ਕ੍ਰਿਪਾਨੰਦ ਠਾਕੁਰ ਨੂੰ 269 ਵੋਟਾਂ ਨਾਲ ਹਰਾਇਆ।
ਵਾਰਡ 21 ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਜੇਤੂ ਰਹੇ ਹਨ। ਉਨ੍ਹਾਂ ਨੇ ਭਾਜਪਾ ਦੇ ਦੇਵੇਸ਼ ਮੋਦਗਿਲ ਨੂੰ 939 ਵੋਟਾਂ ਨਾਲ ਹਰਾਇਆ।
ਵਾਰਡ 22 ਤੋਂ ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲ ਨੇ ਭਾਜਪਾ ਦੀ ਹੀਰਾ ਨੇਗੀ ਨੂੰ 76 ਵੋਟਾਂ ਨਾਲ ਹਰਾਇਆ।
ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਦੀ ਪ੍ਰੇਮ ਲਤਾ ਨੇ ਕਾਂਗਰਸ ਦੀ ਰਵਿੰਦਰ ਕੌਰ ਨੂੰ 681 ਵੋਟਾਂ ਨਾਲ ਹਰਾਇਆ।
ਵਾਰਡ 24 ਤੋਂ ਕਾਂਗਰਸ ਦੇ ਜਸਬੀਰ ਸਿੰਘ ਨੇ ਭਾਜਪਾ ਦੇ ਸਚਿਨ ਕੁਮਾਰ ਨੂੰ 997 ਵੋਟਾਂ ਨਾਲ ਹਰਾਇਆ।
ਵਾਰਡ 25 ਤੋਂ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੇ ਕੌਸ਼ਲ ਰਾਣਾ ਨੂੰ 315 ਵੋਟਾਂ ਨਾਲ ਹਰਾਇਆ।
ਵਾਰਡ 26 ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਕਾਂਗਰਸ ਦੇ ਜਤਿੰਦਰ ਕੁਮਾਰ ਨੂੰ 1440 ਵੋਟਾਂ ਨਾਲ ਹਰਾਇਆ।
ਵਾਰਡ 27 ਤੋਂ ਕਾਂਗਰਸ ਦੇ ਗੁਰਬਖਸ਼ ਰਾਵਤ ਨੇ ਭਾਜਪਾ ਦੇ ਰਵਿੰਦਰ ਸਿੰਘ ਰਾਵਤ ਨੂੰ 2,862 ਵੋਟਾਂ ਨਾਲ ਹਰਾਇਆ।
ਵਾਰਡ 28 ਤੋਂ ਕਾਂਗਰਸ ਦੀ ਨਿਰਮਲਾ ਦੇਵੀ ਨੇ ਭਾਜਪਾ ਦੀ ਜਸਵਿੰਦਰ ਕੌਰ ਲੱਡੂ ਨੂੰ 2568 ਵੋਟਾਂ ਨਾਲ ਹਰਾਇਆ।
ਵਾਰਡ 29 ਤੋਂ ਆਮ ਆਦਮੀ ਪਾਰਟੀ ਦੇ ਮਨੁਹਰ ਨੇ ਭਾਜਪਾ ਦੇ ਰਵਿੰਦਰ ਕੁਮਾਰ ਨੂੰ 2728 ਵੋਟਾਂ ਨਾਲ ਹਰਾਇਆ।
ਵਾਰਡ 30 ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਰਦੀਪ ਸਿੰਘ ਨੇ ਕਾਂਗਰਸ ਦੇ ਅਤਿੰਦਰਜੀਤ ਸਿੰਘ ਨੂੰ 2,145 ਵੋਟਾਂ ਨਾਲ ਹਰਾਇਆ।
ਵਾਰਡ 31 ਤੋਂ ‘ਆਪ’ ਦੇ ਲਖਬੀਰ ਸਿੰਘ ਨੇ ਭਾਜਪਾ ਦੇ ਭਰਤ ਕੁਮਾਰ ਨੂੰ 1,062 ਵੋਟਾਂ ਨਾਲ ਹਰਾਇਆ।
ਵਾਰਡ 32 ਤੋਂ ਭਾਜਪਾ ਦੇ ਜਸ਼ਨਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਕੋਛੜ ਨੂੰ 940 ਵੋਟਾਂ ਨਾਲ ਹਰਾਇਆ।
ਵਾਰਡ 33 ਤੋਂ ਭਾਜਪਾ ਦੇ ਕੰਵਰਜੀਤ ਸਿੰਘ ਨੇ ਕਾਂਗਰਸ ਦੇ ਵਿਜੇ ਸਿੰਘ ਰਾਣਾ ਨੂੰ 742 ਵੋਟਾਂ ਨਾਲ ਹਰਾਇਆ।
ਵਾਰਡ 34 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਨੇ ਭਾਜਪਾ ਦੇ ਭੁਪਿੰਦਰ ਸ਼ਰਮਾ ਨੂੰ 9 ਵੋਟਾਂ ਨਾਲ ਹਰਾਇਆ।
ਵਾਰਡ 35 ਤੋਂ ਭਾਜਪਾ ਦੇ ਰਜਿੰਦਰ ਕੁਮਾਰ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਜਗਜੀਵਨ ਜੀਤ ਸਿੰਘ ਨੂੰ 474 ਵੋਟਾਂ ਨਾਲ ਹਰਾਇਆ।
‘ਆਪ’ ਆਗੂਆਂ ’ਚ ਖੁਸ਼ੀ ਦੀ ਲਹਿਰ
ਚੰਡੀਗੜ੍ਹ ਨਿਗਮ ਚੋਣਾਂ ਵਿੱਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਸ ਨੂੰ ਬਦਲਾਅ ਵੱਲ ਇਸ਼ਾਰਾ ਕਿਹਾ ਹੈ, ਜਦਕਿ ਪਾਰਟੀ ਆਗੂ ਰਾਘਵ ਚੱਢਾ ਨੇ ਕਿਹਾ ਹੈ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਪੂਰੇ ਪੰਜਾਬ ਵਿੱਚ ਜਿੱਤ ਅਜੇ ਬਾਕੀ ਹੈ।
ਦਸਣਾ ਬਣਦਾ ਹੈ ਸੋਮਵਾਰ ਚੰਡੀਗੜ੍ਹ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਪ ਨੇ 14 ਸੀਟਾਂ ਜਿੱਤੀਆਂ ਹਨ, ਜਦਕਿ ਭਾਜਪਾ ਨੂੰ 12 ਸੀਟਾਂ ਮਿਲੀਆਂ ਅਤੇ ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। ਇਸਤੋਂ ਇਲਾਵਾ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਆਈ। ਹਾਲਾਂਕਿ ਬਹੁਮਤ ਲਈ ਜ਼ਰੂਰੀ 19 ਸੀਟਾਂ ਦਾ ਟੀਚਾ ਕੋਈ ਵੀ ਪਾਰਟੀ ਹਾਸਲ ਨਹੀਂ ਕਰ ਸਕੀ।
ਨਿਗਮ ਚੋਣਾਂ ’ਚ ਜਿੱਤ ਪਿੱਛੋਂ ਨਿਊਜ਼18 ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਜਿੱਤ ਬਦਲਾਅ ਦਾ ਇਸ਼ਾਰਾ ਹੈ ਅਤੇ ਪੰਜਾਬ ਵਿੱਚ ਇਸਤੋਂ ਵੱਧ ਲਹਿਰ ਹੋਵੇਗੀ। ਉਨ੍ਹਾਂ ਇਸ ਮੌਕੇ ਕਿਸਾਨਾਂ ਵੱਲੋਂ ਪਾਰਟੀ ਬਣਾਏ ਜਾਣ ’ਤੇ ਵਧਾਈ ਦਿੰਦਿਆਂ ਕਿਸਾਨ ਆਗੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਸਾਨਾਂ ਦੀ ਪਾਰਟੀ ਨਾਲ ਗਠਜੋੜ ਬਾਰੇ ਕਿਹਾ ਕਿ ਪਾਰਟੀ ਦੀ ਕਿਸੇ ਗਠਜੋੜ ਬਾਰੇ ਗੱਲਬਾਤ ਨਹੀਂ ਹੈ।
ਇਸਤੋਂ ਪਹਿਲਾਂ ਜਿੱਤ ਪਿੱਛੋਂ ਆਮ ਆਦਮੀ ਪਾਰਟੀ ਦੇ ਸੈਕਟਰ 29 ਦਫ਼ਤਰ ਵਿੱਚ ਢੋਲ ਵੱਜਣੇ ਸ਼ੁਰੂ ਹੋ ਗਏ ਸਨ, ਪਰੰਤੂ ਭਗਵੰਤ ਮਾਨ ਨੇ ਆ ਕੇ ਰੁਕਵਾ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹੀਦੀ ਦੇ ਦਿਨ ਹਨ, ਇਸ ਲਈ ਜਸ਼ਨ ਨਹੀਂ ਮਨਾਇਆ ਜਾਣਾ ਚਾਹੀਦਾ। ਪਾਰਟੀ ਵਿੱਚ ਟਿਕਟ ਨਾ ਮਿਲਣ ’ਤੇ ਬਗਾਵਤ ਬਾਰੇ ਉਨ੍ਹਾਂ ਕਿਹਾ ਕਿ ਜਿਸ ਨੂੰ ਟਿਕਟ ਨਹੀਂ ਮਿਲੀ, ਉਹ ਤਾਂ ਰੁੱਸਦਾ ਹੀ ਹੈ, ਇਹ ਕੋਈ ਨਵੀਂ ਗੱਲ ਨਹੀਂ। ਉਨ੍ਹਾਂ ਕਿਹਾ ਕਿ ਜੋ ਵੀ ਰੁੱਸਿਆ ਹੈ, ਅਸੀਂ ਉਨ੍ਹਾਂ ਨੂੰ ਸਮਝਾ ਲਵਾਂਗੇ, ਇਹ ਪਾਰਟੀ ਦਾ ਪਰਿਵਾਰਕ ਮਸਲਾ ਹੈ।
ਇਸ ਨਾਲ ਹੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਉਮੀਦ ਸੀ ਕਿ ਚੰਡੀਗੜ੍ਹ ’ਚ ਅਸੀਂ ਜਿੱਤਾਂਗੇ ਅਤੇ ਉਹੀ ਹੋਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤਾਂ ਅਜੇ ਝਾਕੀ ਹੈ, ਪੂਰਾ ਪੰਜਾਬ ਜਿੱਤਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ਼ ਇੱਕ ਨਮੂਨਾ ਸੀ, ਪੂਰੀ ਫਿਲਮ ਬਾਕੀ ਹੈ। ਚੱਢਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭਾਜਪਾ-ਕਾਂਗਰਸ ਹੁੰਦਾ ਆਇਆ ਹੈ, ਹੁਣ ਲੋਕਾਂ ਨੇ ਆਪ ਨੂੰ ਆਸ਼ੀਰਵਾਦ ਦਿੱਤਾ ਹੈ, ਜਿਸ ਨੂੰ ਅਸੀਂ ਹਰ ਤਰੀਕੇ ਨਾਲ ਪੂਰਾ ਕਰਾਂਗੇ।
ਸਾਬਕਾ ਮੇਅਰ ਕੁਲਵੰਤ ਸਿੰਘ ‘ਆਪ’ ਵਿਚ ਹੋਏ ਸ਼ਾਮਲ
ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਅੱਜ ਭਗਵੰਤ ਮਾਨ ਅਤੇ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਮੁਹਾਲੀ ਹਲਕੇ ਤੋਂ ਟਿਕਟ ਮਿਲ ਸਕਦੀ ਹੈ ਕਿਉਂਕਿ ਪਾਰਟੀ ਨੇ ਅਜੇ ਤੱਕ ਇਸ ਸੀਟ ’ਤੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਸਾਬਕਾ ਮੇਅਰ ਅਤੇ ਰੀਅਲ ਅਸਟੇਟ ਵਪਾਰੀ ਕੁਲਵੰਤ ਸਿੰਘ ਨੇ ਇਸ ਸਾਲ ਦੇ ਸ਼ੁਰੂ ਵਿੱਚ ਮੁਹਾਲੀ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਜ਼ਾਦ ਗਰੁੱਪ ਦਾ ਗਠਨ ਕੀਤਾ ਸੀ। ਭਾਵੇਂ ਉਹ ਚੋਣ ਹਾਰ ਗਿਆ, ਪਰ ਉਸ ਦੇ ਗਰੁੱਪ ਨੇ ਕੁੱਲ 50 ਵਿੱਚੋਂ 11 ਸੀਟਾਂ ਜਿੱਤੀਆਂ।

Comment here