ਪਟਿਆਲਾ-ਇਥੋਂ ਦੇ ਇਤਿਹਾਸਕ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਚ ਸ਼ਰਾਬੀ ਔਰਤ ਨੂੰ ਸ਼ਰਧਾਲੂ ਸਿੰਘ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਰਵਿੰਦਰ ਕੌਰ ਗੁਰਦੁਆਰੇ ਦੇ ਸਰੋਵਰ ਦੀ ਪਰਿਕਰਮਾ ਤੇ ਕਥਿਤ ਤੌਰ ’ਤੇ ਜ਼ਰਦਾ ਮਲ ਰਹੀ ਸੀ, ਤਾਂ ਸੇਵਾਦਾਰਾਂ ਨੇ ਉਸ ਔਰਤ ਨੂੰ ਰੋਕਿਆ ਪਰ ਉਹ ਔਰਤ ਨਾ ਮੰਨੀ। ਸੇਵਾਦਾਰ ਜਦੋਂ ਉਸ ਔਰਤ ਨੂੰ ਮੈਨੇਜਰ ਕੋਲ ਲੈ ਜਾਣ ਲੱਗੇ ਤਾਂ ਔਰਤ ਨੇ ਸੇਵਾਦਾਰ ’ਤੇ ਸ਼ਰਾਬ ਦੀ ਬੋਤਲ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਜਦੋਂ ਪੁਲੀਸ ਇਸ ਔਰਤ ਨੂੰ ਲੈ ਕੇ ਜਾ ਰਹੀ ਸੀ ਤਾਂ ਨਿਰਮਲਜੀਤ ਸਿੰਘ ਨੇ ਔਰਤ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ। ਪਹਿਲੀ ਗੋਲੀ ਪੇਟ ਵਿਚ ਲੱਗੀ ਆਖਰੀ ਗੋਲੀ ਸਿਰ ਵਿਚ। ਕਥਿਤ ਤੌਰ ’ਤੇ ਗੋਲੀਆਂ ਮਾਰਨ ਵਾਲੇ ਨਿਰਮਲਜੀਤ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਤੇ ਜੈਕਾਰੇ ਲਗਾਏ। ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਸਿੰਘ ਉਪਰ ਫੁਲਾਂ ਦੀ ਵਰਖਾ ਕੀਤੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਘਟਨਾ ਦੀ ਹੋਰ ਜਾਂਚ ਕਰ ਰਹੀ ਹੈ। ਨਿਰਮਲਜੀਤ ਸਿੰਘ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਕੋਣ ਏ ਔਰਤ
ਸੂਤਰਾਂ ਅਨੁਸਾਰ ਔਰਤ ਦਾ ਦੋ ਵਾਰ ਤਲਾਕ ਹੋ ਚੁੱਕਿਆ ਸੀ। ਤਲਾਕ ਹੋਣ ਤੋਂ ਬਾਅਦ ਉਹ ਸਹੁਰਿਆਂ ਅਤੇ ਪੇਕਿਆਂ ਨਾਲੋਂ ਅਲੱਗ ਹੋ ਕੇ ਪਟਿਆਲਾ ਅਤੇ ਜ਼ੀਰਕਪੁਰ ਵਿਚ ਰਹੀ ਸੀ। ਉਹ ਬਿਊਟੀ ਪਾਰਲਰ ’ਤੇ ਕੰਮ ਕਰਦੀ ਸੀ। ਇਸ ਦੌਰਾਨ ਉਸ ਨੇ ਆਪਣਾ 32 ਸਾਲਾ ਪਲਵਿੰਦਰ ਕੌਰ ਨਾਂਅ ਦਾ ਫ਼ਰਜ਼ੀ ਆਧਾਰ ਕਾਰਡ ਬਣਵਾਇਆ ਸੀ ਪਰ ਪੁਲਿਸ ਨੂੰ ਛਾਣਬੀਣ ਤੋਂ ਬਾਅਦ ਉਸ ਦੇ ਅਸਲ ਨਾਂਅ ਦਾ ਪਤਾ ਕੁਲਵਿੰਦਰ ਕੌਰ ਲੱਗਿਆ। ਪਰ ਸੁਆਲ ਇਹ ਹੈ ਕਿ ਉਹ ਨਕਲੀ ਨਾਮ ਦੀ ਵਰਤੋਂ ਕਿਉਂ ਕਰ ਰਹੀ ਸੀ। ਇਸ ਪਿਛੇ ਕੀ ਰਹੱਸ ਹੈ? ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀ ਨਿੱਜੀ ਸੁਰੱਖਿਆ ਦੀ ਮੌਜੂਦਗੀ ਵਿਚ ਔਰਤ ਸ਼ਰੇਆਮ ਨਸ਼ਾ ਕਰ ਰਹੀ ਹੈ ਤੇ ਸੁਰੱਖਿਆ ਕੁਝ ਵੀ ਨਹੀਂ ਕਰ ਸਕੀ।
ਪਟਿਆਲਾ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪੇਸ਼ੇ ਵਜੋਂ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਨਿਰਮਲਜੀਤ ਸਿੰਘ ਰੋਜ਼ਾਨਾ ਦੂਖ-ਨਿਵਾਰਨ ਸਾਹਿਬ ਨਤਮਸਤਕ ਹੋਣ ਲਈ ਆਉਂਦਾ ਹੈ। ਜਦੋਂ ਉਸ ਨੇ ਔਰਤ ਨੂੰ ਗੁਰੂਘਰ ਮੰਦਭਾਗਾ ਕਾਰਜ ਕਰਦੇ ਦੇਖਿਆ ਤਾਂ ਉਸ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪੁੱਜੀ ਤੇ ਉਸ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਔਰਤ ਦੀ ਹੱਤਿਆ ਕਰ ਦਿੱਤੀ। ਐੱਸ.ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਔਰਤ ਪਟਿਆਲਾ ਦੇ ਇਕ ਨਿੱਜੀ ਨਸ਼ਾ ਛੁਡਾਊ ਕੇਂਦਰ ਵਿਚੋਂ ਸ਼ਰਾਬ ਛੱਡਣ ਦਾ ਇਲਾਜ ਕਰਵਾ ਰਹੀ ਸੀ, ਜਿਸ ਦੀ ਰਿਪੋਰਟ ਵੀ ਪੁਲਿਸ ਨੇ ਉਕਤ ਕੇਂਦਰ ਤੋਂ ਪ੍ਰਾਪਤ ਕਰ ਲਈ ਹੈ।
ਉੱਧਰ ਜ਼ਖ਼ਮੀ ਵਿਅਕਤੀ ਅਤੇ ਪੀੜਤ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਵਫ਼ਦ ਮਿਲਿਆ। ਵਫ਼ਦ ਵਿਚ ਅੰਤਿ੍ਰੰਗ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਜਸਮੇਰ ਸਿੰਘ ਲਾਛੜੂ, ਬੀਬੀ ਕੁਲਦੀਪ ਕੌਰ ਟੌਹੜਾ, ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਸ਼ਾਮਲ ਸਨ। ਵਫ਼ਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਤੁਰੰਤ ਪੀੜਤ ਪਰਿਵਾਰ ਨੂੰ ਭੇਜੀ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ। ਬੇਅਦਬੀ ਕਰਨ ਵਾਲੀ ਔਰਤ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦਾ ਸਸਕਾਰ ਬੀਰ ਜੀ ਦੀਆਂ ਮੜ੍ਹੀਆਂ ਵਿਖੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਲੜਕੀ ਦੇ ਭਰਾ ਨੂੰ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਿ੍ਰਤਕ ਦੇਹ ਸੌਂਪ ਦਿੱਤੀ ਸੀ। ਰਾਜਪੁਰਾ ਰੋਡ ’ਤੇ ਮੌਜੂਦ ਸ਼ਮਸਾਨ ਘਾਟ ’ਤੇ ਕੁੜੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸੰਗਤਾਂ ਦੇ ਗੁੱਸੇ ਨੂੰ ਵੇਖ ਪੁਲਿਸ ਵੱਲੋਂ ਸਖਤ ਇੰਤਜ਼ਾਮ ਕੀਤੇ ਗਏ ਸਨ।
ਸ਼੍ਰੋਮਣੀ ਕਮੇਟੀ ਵਲੋਂ ਨਿੰਦਾ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਵਾਪਰੀ ਘਟਨਾ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸੋਝੀ ਸਮਝੀ ਸਾਜ਼ਿਸ਼ ਨਾਲ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਅੰਦਰ ਇਕ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਿਨੌਣੀ ਹਰਕਤ ਸਾਜ਼ਿਸ਼ੀ ਹੈ, ਇਹ ਸਹਿਵਨ ਵਾਪਰਿਆ ਵਰਤਾਰਾ ਨਹੀਂ ਹੋ ਸਕਦਾ। ਉਨ੍ਹਾਂ ਪੰਜਾਬ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲੈਂਦਿਆਂ ਕਿਹਾ ਕਿ ਕਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਧਮਾਕਿਆਂ ਅਤੇ ਸ਼ਰਧਾਲੂਆਂ ਦੀ ਮਾਰ ਕੁਟਾਈ ਦੀ ਘਟਨਾਵਾਂ ਅਤੇ ਕਦੇ ਵੱਖ-ਵੱਖ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਸਿੱਖ ਵਿਰੋਧੀ ਵਰਤਾਰਾ ਪੰਜਾਬ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੀ ਹੈ। ਕਿਉਂਕਿ ਜੇਕਰ ਦੋਸ਼ੀਆਂ ਖਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇ ਤਾਂ ਕਿਸੇ ਦਾ ਅਜਿਹਾ ਕਰਨ ਦਾ ਹੀਆ ਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੰਜੀਦਾ ਹੋ ਕੇ ਬਣਦੀ ਜ਼ੁੰਮੇਵਾਰੀ ਨਿਭਾਵੇ ਤਾਂ ਅਜਿਹੀਆਂ ਸਾਜ਼ਿਸ਼ੀ ਘਟਨਾਵਾਂ ਨਾ ਵਾਪਰਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਨੂੰ ਲੜੀਵਾਰ ਨਿਸ਼ਾਨੇ ’ਤੇ ਲਿਆ ਜਾਣਾ ਸਿੱਖਾਂ ਖਿਲਾਫ ਗਹਿਰੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੋ ਰਿਹਾ ਹੈ। ਇਨ੍ਹਾਂ ਬਣੇ ਹਾਲਾਤਾਂ ਕਰਕੇ ਹੀ ਸਿੱਖ ਸ਼ਰਧਾਲੂਆਂ ਅਤੇ ਸੰਗਤਾਂ ਦੇ ਜਜ਼ਬਾਤ ਭੜਕ ਰਹੇ ਹਨ ਅਤੇ ਲੋਕ ਖੁਦ-ਬਖੁਦ ਕਾਰਵਾਈ ਕਰਨ ਨੂੰ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਟਨਾ ਦੀ ਸਰਕਾਰ ਉੱਚ ਪੱਧਰੀ ਜਾਂਚ ਕਰੇ ਅਤੇ ਇਹ ਪਤਾ ਲਗਾਵੇ ਕਿ ਕਿਹੜੀਆਂ ਸ਼ਕਤੀਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਮਾਣ-ਮਰਯਾਦਾ ਨੂੰ ਢਾਹ ਲਗਾਉਣ ਦੀਆਂ ਹਰਕਤਾਂ ਕਰ ਰਹੀਆਂ ਹਨ। ਇਹ ਸੰਜੀਦਾ ਭਾਵਨਾਵਾਂ ਨਾਲ ਕੀਤੀ ਜਾਣ ਵਾਲੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਤੌਰ ’ਤੇ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵਾਪਰੇ ਕਾਂਡ ਦਾ ਸੱਚ

Comment here