ਅਪਰਾਧਸਿਆਸਤਖਬਰਾਂ

ਗੁਜਰਾਤ ਦੇ ਮੋਰਬੀ ’ਚ ਡਿੱਗਿਆ ਅੰਗਰੇਜ਼ਾਂ ਦੇ ਦੌਰ ਦਾ ਪੁਲ

ਹੁਣ ਤੱਕ ਡੂਢ ਸੌ ਲੋਕਾਂ ਦੀ ਹੋ ਚੁੱਕੀ ਮੌਤ, ਬਚਾਅ ਕਾਰਨ ਜਾਰੀ
ਦੇਸ਼ ਵਿਦੇਸ਼ ਦੇ ਸਿਆਸਤਦਾਨਾਂ ਵਲੋਂ ਦੁੱਖ ਦਾ ਪ੍ਰਗਟਾਵਾ
ਵਿਸੇਸ਼ ਰਿਪੋਰਟ-ਕੁਲਦੀਪ
ਗੁਜਰਾਤ ਦੇ ਮੋਰਬੀ ਵਿੱਚ ਕਈ ਸਾਲ ਪੁਰਾਣਾ ਇੱਕ ਸਸਪੈਂਸ਼ਨ ਕੇਬਲ ਬ੍ਰਿਜ ਅਚਾਨਕ ਟੁੱਟ ਗਿਆ। ਇਸ ਕਾਰਨ ਪੁਲ ‘ਤੇ ਮੌਜੂਦ ਸੈਂਕੜੇ ਲੋਕ ਮੱਛੂ ਨਦੀ ‘ਚ ਡਿੱਗ ਗਏ ਅਤੇ ਡੂਢ ਸੌ ਤੋਂ ਵਧ ਲੋਕਾਂ ਦੀ ਜਾਨ ਚਲੀ ਗਈ। 230 ਮੀਟਰ ਲੰਬਾ ਇਤਿਹਾਸਕ ਪੁਲ 19ਵੀਂ ਸਦੀ ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਬਣਾਇਆ ਗਿਆ ਸੀ ਅਤੇ ਇਹ 100 ਸਾਲ ਤੋਂ ਵੱਧ ਪੁਰਾਣਾ ਹੈ। ਇਹ ਛੇ ਮਹੀਨਿਆਂ ਤੋਂ ਮੁਰੰਮਤ ਲਈ ਬੰਦ ਸੀ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਮੁਰੰਮਤ ਦਾ ਕੰਮ ਮੁਕੰਮਲ ਕਰ ਲਿਆ ਗਿਆ ਸੀ ਅਤੇ 5 ਦਿਨ ਪਹਿਲਾਂ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਛਠ ਪੂਜਾ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਇਸ ਪੁਲ ‘ਤੇ 400 ਤੋਂ 500 ਲੋਕ ਸਨ। ਰਾਜਕੋਟ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਅਸ਼ੋਕ ਯਾਦਵ ਨੇ ਮੀਡੀਆ ਨੂੰ ਇਸ ਦੀ ਪੁਸ਼ਟੀ ਕੀਤੀ ਹੈ।
ਪੁਲ ਦਾ ਇਤਿਹਾਸ
ਇਹ ਸਸਪੈਂਸ਼ਨ ਬ੍ਰਿਜ 140 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਇਸ ਦੀ ਲੰਬਾਈ ਲਗਭਗ 765 ਫੁੱਟ ਹੈ। ਪੁਲ ਦਾ ਸਭ ਤੋਂ ਪਹਿਲਾਂ ਉਦਘਾਟਨ 20 ਫਰਵਰੀ 1879 ਨੂੰ ਮੁੰਬਈ ਦੇ ਗਵਰਨਰ ਰਿਚਰਡ ਟੈਂਪਲ ਨੇ ਕੀਤਾ ਸੀ। ਇਹ 1880 ਵਿੱਚ ਲਗਭਗ 3.5 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ ਸੀ। ਇਸ ਦਾ ਸਾਰਾ ਮਾਲ ਇੰਗਲੈਂਡ ਤੋਂ ਆਇਆ ਸੀ ਅਤੇ ਇਹ ਦਰਬਾਰਗੜ੍ਹ ਨੂੰ ਨਾਜ਼ਰਬਾਗ ਨਾਲ ਜੋੜਨ ਲਈ ਬਣਾਇਆ ਗਿਆ ਸੀ। ਇਹ ਲਟਕਣ ਵਾਲਾ ਪੁਲ ਮਹਾਪ੍ਰਭੂਜੀ ਦੇ ਆਸਨ ਅਤੇ ਪੂਰੇ ਸਮਕੰਠਾ ਖੇਤਰ ਨੂੰ ਜੋੜਦਾ ਸੀ। ਲੋਕ ਇਸ ਸਸਪੈਂਸ਼ਨ ਬ੍ਰਿਜ ਰਾਹੀਂ ਸ਼ਹਿਰ ਤੱਕ ਪਹੁੰਚਦੇ ਸਨ, ਅਤੇ ਇਸਨੂੰ ਉਸ ਸਮੇਂ ਦਾ ਇੱਕ ਕਲਾਤਮਕ ਅਤੇ ਤਕਨੀਕੀ ਚਮਤਕਾਰ ਮੰਨਿਆ ਜਾਂਦਾ ਹੈ। ਇਹ ਪੁਲ ਮੋਰਬੀ ਦਾ ਇੱਕ ਵੱਡਾ ਆਕਰਸ਼ਣ ਸੀ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਸਨ।
ਗੁਜਰਾਤ ਸਰਕਾਰ ਨੇ ਮੋਰਬੀ ਹਾਦਸੇ ਦੀ ਲਈ ਜ਼ਿੰਮੇਵਾਰੀ
ਗੁਜਰਾਤ ਦੇ ਮੋਰਬੀ ‘ਚ ਹੋਏ ਪੁਲ ਹਾਦਸੇ ‘ਚ ਹੁਣ ਤੱਕ 91 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ ਕਈ ਲੋਕ ਅਜੇ ਵੀ ਲਾਪਤਾ ਹਨ। ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਇਸ ਸਭ ਦੇ ਵਿਚਕਾਰ ਗੁਜਰਾਤ ਸਰਕਾਰ ਨੇ ਇਸ ਵੱਡੇ ਹਾਦਸੇ ਦੀ ਜ਼ਿੰਮੇਵਾਰੀ ਲਈ ਹੈ। ਗੁਜਰਾਤ ਸਰਕਾਰ ਦੇ ਮੰਤਰੀ ਬ੍ਰਿਜੇਸ਼ ਮੇਰਜਾ ਨੇ ਕਿਹਾ ਕਿ ਅਸੀਂ ਇਸ ਹਾਦਸੇ ਦੀ ਜ਼ਿੰਮੇਵਾਰੀ ਲੈਂਦੇ ਹਾਂ। ਪਿਛਲੇ ਹਫ਼ਤੇ ਹੀ ਇਸ ਪੁਲ ਦੀ ਮੁਰੰਮਤ ਕੀਤੀ ਗਈ ਸੀ। ਅਸੀਂ ਹੈਰਾਨ ਹਾਂ ਕਿ ਇਹ ਹਾਦਸਾ ਕਿਵੇਂ ਵਾਪਰ ਗਿਆ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪੀਐੱਮ ਮੋਦੀ ਕੱਲ ਜਾਣਗੇ ਮੋਰਬੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ, 1 ਨਵੰਬਰ ਨੂੰ ਗੁਜਰਾਤ ਦੇ ਮੋਰਬੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗੁਜਰਾਤ ਦੇ ਕੇਵੜੀਆ ਵਿੱਚ ਰਾਸ਼ਟਰੀ ਏਕਤਾ ਦਿਵਸ ਪਰੇਡ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਮੋਰਬੀ ਪੁਲ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਭਾਵੁਕ ਹੁੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਮੇਰਾ ਦਿਲ ਹਮਦਰਦੀ ਨਾਲ ਭਰਿਆ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਨੂੰ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬਚਾਅ ਕਾਰਜ ਲਈ ਤੁਰੰਤ ਟੀਮਾਂ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਥਿਤੀ ‘ਤੇ ਨੇੜਿਓਂ ਅਤੇ ਲਗਾਤਾਰ ਨਜ਼ਰ ਰੱਖਣ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੋਰਬੀ ‘ਚ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਫੰਂ੍ਰਢ ਵੱਲੋਂ 2-2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਹਰੇਕ ਜ਼ਖਮੀ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਸੂਬਾ ਸਰਕਾਰ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਵੇਗੀ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਲੋਂ ਦੁਖ ਦਾ ਪ੍ਰਗਟਾਵਾ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਜਰਾਤ ਦੇ ਮੋਰਬੀ ਕੇਬਲ ਪੁਲ ਦੇ ਡਿੱਗਣ ਦੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਰਬੀ ‘ਚ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਬੰਧ ‘ਚ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਤੇ ਹੋਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਸਥਾਨਕ ਪ੍ਰਸ਼ਾਸਨ ਪੂਰੀ ਤਿਆਰੀ ਨਾਲ ਰਾਹਤ ਕਾਰਜਾਂ ‘ਚ ਲੱਗਾ ਹੋਇਆ ਹੈ।
ਅਮਿਤ ਸ਼ਾਹ ਨੇ ਮੋਰਬੀ ਘਟਨਾ ‘ਤੇ ਜਤਾਇਆ ਡੂੰਘਾ ਦੁੱਖ
ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਕੇਬਲ ਵਾਲਾ ਪੁਲ ਡਿੱਗ ਗਿਆ। ਇਸ ਹਾਦਸੇ ਵਿੱਚ 140 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਕਈ ਲੋਕ ਅਜੇ ਵੀ ਲਾਪਤਾ ਹਨ। ਬਚਾਅ ਕਾਰਜ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੋਮਵਾਰ ਨੂੰ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇਸ ਘਟਨਾ ਵਿੱਚ ਬੱਚਿਆਂ ਸਮੇਤ ਕਈ ਲੋਕਾਂ ਦੀ ਜਾਨ ਚਲੀ ਗਈ। ਹਾਦਸਿਆਂ ‘ਤੇ ਕੋਈ ਕਾਬੂ ਨਹੀਂ ਪਾ ਸਕਦਾ ਪਰ ਪੂਰੇ ਦੇਸ਼ ਦੀਆਂ ਭਾਵਨਾਵਾਂ ਨੂੰ ਝੰਜੋੜਨ ਵਾਲੀ ਇਸ ਘਟਨਾ ਨੇ ਲੋਕਾਂ ਨੂੰ ਠੇਸ ਪਹੁੰਚਾਈ ਹੈ ਅਤੇ ਦੁਖੀ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਵਿਛੜੀ ਆਤਮਾ ਨੂੰ ਸ਼ਾਂਤੀ ਮਿਲੇ।
ਕੇਜਰੀਵਾਲ ਨੇ ਹਰਿਆਣਾ ਦੇ ਆਦਮਪੁਰ ‘ਚ ਰੋਡ ਸ਼ੋਅ ਕੀਤਾ ਰੱਦ
ਗੁਜਾਰਤ ‘ਚ ਮੋਰਬੀ ਪੁਲ ਟੁੱਟਣ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹਰਿਆਣਾ ਦੇ ਆਦਮਪੁਰ ‘ਚ ਸੋਮਵਾਰ ਨੂੰ ਹੋਣ ਵਾਲਾ ਰੋਡ ਸ਼ੋਅ ਰੱਦ ਹੋ ਗਿਆ ਹੈ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਇਹ ਜਾਣਕਾਰੀ ਦਿੱਤੀ। 3 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਪ੍ਰਚਾਰ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਕੇਜਰੀਵਾਲ ਨੇ ਆਦਮਪੁਰ ‘ਚ ਰੋਡ ਸ਼ੋਅ ਕਰਨਾ ਸੀ। ਪਾਰਟੀ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਅਤੇ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੁਸ਼ੀਲ ਗੁਪਤਾ ਨੇ ਦੱਸਿਆ,”ਗੁਜਰਾਤ ਪੁਲ ਹਾਦਸੇ ਨੂੰ ਦੇਖਦੇ ਹੋਏ ਅਰਵਿੰਦ ਜੀ ਦਾ ਸੋਮਵਾਰ ਨੂੰ ਹੋਣ ਵਾਲਾ ਰੋਡ ਸ਼ੋਅ ਰੱਦ ਕਰ ਦਿੱਤਾ ਗਿਆ ਹੈ।
ਮੋਰਬੀ ’ਚ ਸੰਸਦ ਮੈਂਬਰ ਮੋਹਨ ਕੁੰਡਾਰੀਆ ਦੇ 12 ਰਿਸ਼ਤੇਦਾਰਾਂ ਦੀ ਮੌਤ
ਰਾਜਕੋਟ ਤੋਂ ਭਾਜਪਾ ਸੰਸਦ ਮੈਂਬਰ ਮੋਹਨ ਭਾਈ ਕੁੰਡਾਰੀਆ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਕੁੰਡਾਰੀਆ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਤਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਉਹ ਪਿਕਨਿਕ ਮਨਾਉਣ ਗਏ ਸਨ। ਕੁੰਡਾਰੀਆ ਨੇ ਕਿਹਾ ਕਿ ਜਾਨ ਗੁਆਉਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ’ਚ 5 ਬੱਚੇ, 4 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। ਸਾਰੇ ਉਨ੍ਹਾਂ ਦੇ ਵੱਡੇ ਭਰਾ ਦੇ ਕਰੀਬੀ ਰਿਸ਼ਤੇਦਾਰ ਹਨ। ਉਨ੍ਹਾਂ ਨੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੁੰਡਾਰੀਆ ਨੇ ਅੱਗੇ ਕਿਹਾ ਕਿ ਮੇਰੇ ਵੱਡੇ ਭਰਾ ਦੇ ਸਾਲੇ ਦੀਆਂ 4 ਧੀਆਂ, ਉਨ੍ਹਾਂ ’ਚੋਂ 3 ਦੇ ਪਤੀ ਅਤੇ 5 ਬੱਚੇ ਇਸ ਹਾਦਸੇ ’ਚ ਮਾਰੇ ਗਏ। ਉਨ੍ਹਾਂ ਕਿਹਾ ਕਿ ਉਹ ਟੰਕਾਰਾ ਤਾਲੁਕਾ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧ ਰੱਖਦੇ ਸਨ ਅਤੇ ਬੱਸ ’ਚ ਮੋਰਬੀ ਗਏ ਸਨ। ਮੈਂ ਘਟਨਾ ਦੇ ਅੱਧੇ ਘੰਟੇ ਬਾਅਦ ਇੱਥੇ ਪਹੁੰਚਿਆ ਅਤੇ ਕੱਲ ਤੋਂ ਹੀ ਬਚਾਅ ਕੰਮ ’ਚ ਮਦਦ ਕਰ ਰਿਹਾ ਹਾਂ। ਕੁੰਦਰੀਆ ਨੇ ਕਿਹਾ ਕਿ ਪੁਲ ਡਿੱਗਣ ਦੀ ਘਟਨਾ ਮਗਰੋਂ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਮੋਰਬੀ ’ਚ ਹੀ ਹਨ। ਅਸੀਂ ਇਹ ਯਕੀਨੀ ਕਰਾਂਗੇ ਕਿ ਇੰਨੇ ਲੋਕਾਂ ਦੀ ਜਾਨ ਜਾਣ ਲਈ ਜ਼ਿੰਮੇਵਾਰ ਕਿਸੇ ਨੂੰ ਵੀ ਬਖ਼ਸ਼ਿਆ ਨਾ ਜਾਵੇ।
ਦੁਨੀਆ ਦੇ ਕਈ ਦੇਸ਼ਾਂ ਨੇ ਪ੍ਰਗਟਾਇਆ ਦੁੱਖ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗੁਜਰਾਤ ਦੇ ਮੋਰਬੀ ‘ਚ ਪੁਲ ਢਹਿ ਜਾਣ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਪੁਤਿਨ ਨੇ ਪੀੜਤਾਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਹਮਦਰਦੀ ਅਤੇ ਸਮਰਥਨ ਦੇ ਆਪਣੇ ਸ਼ਬਦ ਵੀ ਪ੍ਰਗਟ ਕੀਤੇ ਅਤੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਭਾਰਤ ਵਿੱਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੇ ਕਿਹਾ ਕਿ ਕੇਬਲ ਪੁਲ ਦੇ ਡਿੱਗਣ ਨਾਲ ਗੁਜਰਾਤ ਦੇ ਮੋਰਬੀ ਵਿੱਚ ਕਈ ਲੋਕਾਂ ਦੀ ਮੌਤ ਦਾ ਡੂੰਘਾ ਦੁੱਖ ਹੈ। ਮ੍ਰਿਤਕਾਂ ਦੇ ਪਰਿਵਾਰਾਂ, ਜ਼ਖਮੀਆਂ ਅਤੇ ਉਨ੍ਹਾਂ ਦੇ ਦੋਸਤਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ ਹੈ। ਸਾਡਾ ਦਿਲ ਗੁਜਰਾਤ ਦੇ ਲੋਕਾਂ ਨਾਲ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਕਿਹਾ ਕਿ ਮੈਂ ਗੁਜਰਾਤ ਦੇ ਮੋਰਬੀ ਵਿੱਚ ਪੁਲ ਡਿੱਗਣ ਦੀ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ। ਅਸੀਂ ਕੀਮਤੀ ਜਾਨਾਂ ਦੇ ਨੁਕਸਾਨ ‘ਤੇ ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ। ਸਾਡੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ।

Comment here