ਲੁਧਿਆਣਾ-ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲ ਸੰਚਾਲਕਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਪਿਆਂ ਨੂੰ ਚਿੰਤਾ ‘ਚ ਪਾ ਦਿੱਤਾ ਗਿਆ ਹੈ। ਦਰਅਸਲ ‘ਖੇਡਾਂ ਵਤਨ ਪੰਜਾਬ ਦੀਆਂ’ ਸਮਾਪਨ ਸਮਾਰੋਹ ਵੀਰਵਾਰ ਸ਼ਾਮ ਦੇ 4 ਵਜੇ ਸ਼ੁਰੂ ਹੋਣਾ ਹੈ, ਜਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰੱਕਤ ਕਰ ਰਹੇ ਹਨ। ਇਸ ਦੇ ਤਹਿਤ ਸਿੱਖਿਆ ਵਿਭਾਗ ਵੱਲੋਂ ਇਕ ਮੀਟਿੰਗ ਕਰਕੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਸੰਚਾਲਕਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਆਪੋ-ਆਪਣੇ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀ ਲੈ ਕੇ ਉਹ ਸਟੇਡੀਅਮ ਪਹੁੰਚਣ।
ਸਿੱਖਿਆ ਵਿਭਾਗ ਦਾ ਮਕਸਦ ਸਟੇਡੀਅਮ ‘ਚ ਵੱਧ ਤੋਂ ਵੱਧ ਭੀੜ ਦਿਖਾਈ ਜਾਣੀ ਦੱਸਿਆ ਜਾ ਰਿਹਾ ਹੈ। ਸਿੱਖਿਆ ਵਿਭਾਗ ਦੀ ਡੀ. ਈ. ਓ. ਜਸਵਿੰਦਰ ਕੌਰ ਵੱਲੋਂ ਜਾਰੀ ਇਕ ਪੱਤਰ ਮੁਤਾਬਕ ਜ਼ਿਲ੍ਹੇ ਦੇ ਕਰੀਬ 13 ਨਿੱਜੀ ਸਕੂਲਾਂ ਨੂੰ ਪ੍ਰਤੀ ਸਕੂਲ 300 ਬੱਚਾ ਸਟੇਡੀਅਮ ‘ਚ ਲਿਆਉਣ ਦੇ ਹੁਕਮ ਦਿੱਤੇ ਗਏ ਹਨ। ਹੁਣ ਸਕੂਲ ਸੰਚਾਲਕਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਸ਼ਾਮ ਦੇ 4 ਵਜੇ ਤੋਂ ਰਾਤ ਦੇ 9 ਵਜੇ ਤੱਕ ਚੱਲੇਗਾ ਤਾਂ ਅਜਿਹੇ ‘ਚ ਬੱਚਿਆਂ ਨੂੰ ਭੇਜਣ ਲਈ ਮਾਪਿਆਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ।
ਸਕੂਲ ਮੁਖੀਆਂ ਦਾ ਕਹਿਣਾ ਹੈ ਕਿ ਵਿਭਾਗ ਨੇ ਐਨ ਮੌਕੇ ‘ਤੇ ਇਹ ਹੁਕਮ ਜਾਰੀ ਕੀਤੇ ਹਨ ਤਾਂ ਅਜਿਹੇ ‘ਚ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਇਹ ਵੀ ਪਤਾ ਲੱਗਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਡੀਅਮ ਲਿਜਾਣ ਲਈ ਵੀ ਸਕੂਲਾਂ ‘ਚ ਬੱਸਾਂ ਭੇਜੀਆਂ ਜਾਣਗੀਆਂ।
Comment here