ਅਪਰਾਧਖਬਰਾਂਦੁਨੀਆਪ੍ਰਵਾਸੀ ਮਸਲੇ

ਕੈਨੇਡਾ ਗਈ ਪਤਨੀ ਨੇ ਪਤੀ ਨੂੰ ਲੈ ਕੇ ਜਾਣ ਤੋਂ ਕੀਤਾ ਇਨਕਾਰ

ਪਟਿਆਲਾ : ਪਤੀ ਦੇ 16 ਲੱਖ ਖ਼ਰਚ ਕਰਵਾ ਕੇ ਕੈਨੇਡਾ ਜਾ ਕੇ ਪਤੀ ਨੂੰ ਨਾਲ ਲੈ ਕੇ ਜਾਣ ਤੋਂ ਇਨਕਾਰ ਤੇ ਤਲਾਕ ਦੇਣ ਤੋਂ ਮੁਕਰਨ ਦੇ ਮਾਮਲੇ ‘ਵਿਚ ਥਾਣਾ ਘਨੌਰ ਪੁਲਿਸ ਨੇ ਪਤਨੀ ਅਕਵਿੰਦਰ ਕੌਰ, ਸੱਸ ਅਮਰਜੀਤ ਕੌਰ ਤੇ ਮਨਜੀਤ ਸਿੰਘ ਵਾਸੀ ਪਿੰਡ ਜਤੇਨਪੁਰ ਥਾਣਾ ਡੇਰਾ ਬੱਸੀ ਤੇ ਵਿਚੋਲੇ ਗੁਰਮੀਤ ਸਿੰਘ ਵਾਸੀ ਸਰਾਲਾ ਖ਼ੁਰਦ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਵਿਚਕਾਰ ਤਲਾਕ ਲੈਣ ਤੇ ਪੈਸੇ ਵਾਪਸ ਕਰਨ ਦੀ ਸਹਿਮਤੀ ਬਣੀ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ 16 ਲੱਖ ਰੁਪਏ ‘ਚੋਂ 11 ਲੱਖ ਰੁਪਏ ਤਾਂ ਮੋੜ ਦਿੱਤੇ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਬਾਕੀ ਰਹਿੰਦੇ 5 ਲੱਖ ਰੁਪਏ ਤੇ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਪੀੜਤ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਦਸੰਬਰ 2018 ਨੂੰ ਅਕਵਿੰਦਰ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਆਈਲੈਟਸ ਕੀਤਾ ਹੈ ਤੇ ਆਈਲੈਟਸ ਦੀ ਮਿਆਦ ਖ਼ਤਮ ਹੋਣ ਨੂੰ ਸਿਰਫ਼ 2 ਮਹੀਨੇ ਹੀ ਬਾਕੀ ਹਨ। ਜੇਕਰ ਉਹ ਵਿਦੇਸ਼ ਜਾਣ ਦਾ ਇੱਛੁਕ ਹੈ ਤਾਂ ਉਹ ਆਪਣੀ ਫਾਈਲ ਪਾ ਕੇ ਖ਼ੁਦ ਵਿਦੇਸ਼ ਵਿਚ ਸੈਟਲ ਹੋ ਸਕਦਾ ਹੈ। ਜਿਸ ਕਾਰਨ ਉਹ ਰਾਜ਼ੀ ਹੋ ਗਿਆ ਅਤੇ ਉਸ ਨੇ ਉਧਾਰ ਵਿਆਜ ‘ਤੇ ਪੈਸੇ ਲੈ ਕੇ 16 ਲੱਖ ਰੁਪਏ ਦਾ ਇੰਤਜ਼ਾਮ ਕਰ ਲਿਆ। ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜ ਦਿੱਤਾ। ਕਰੀਬ 6 ਮਹੀਨੇ ਸਭ ਕੁਝ ਠੀਕ ਚੱਲਿਆ ਪਰ ਛੇ ਮਹੀਨੇ ਬਾਅਦ ਪਤਨੀ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਉਸ ਨੇ ਦੱਸਿਆ ਕਿ ਅਕਸਰ ਉਸ ਦੀ ਪਤਨੀ ਕੰਮ ‘ਤੇ ਜਾਣ ਅਤੇ ਥੱਕੇ ਹੋਣ ਦੇ ਬਹਾਨੇ ਲੱਗਾ ਕੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੰਦੀ ਸੀ। ਜਦੋਂ ਕਿ ਉਸ ਨੇ ਫੋਨ ਕੀਤਾ ਤਾਂ ਉਸ ਦੀ ਪਤਨੀ ਦਾ ਫੋਨ ਅਕਸਰ ਰੁਝਿਆ ਰਹਿੰਦਾ ਸੀ। ਜਿਸ ਕਾਰਨ ਉਸ ਨੂੰ ਉਸ ‘ਤੇ ਸ਼ੱਕ ਹੋ ਗਿਆ ਅਤੇ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਤੇ ਵਿਚੋਲੇ ਨੇ ਪੁਲਿਸ ਨਾਲ ਸਮਝੌਤਾ ਕਰਵਾ ਦਿੱਤਾ ਤੇ ਪੀਆਰ ਹੋਣ ਤੋਂ ਬਾਅਦ ਫਰਵਰੀ 2021 ਤਕ ਉਸਨੂੰ ਕੈਨੇਡਾ ਲੈ ਜਾਣ ਲਈ ਰਾਜ਼ੀ ਹੋ ਗਿਆ। ਪਰ ਭਾਰਤ ਆਉਣ ਦੇ ਬਾਵਜੂਦ ਉਸਦੀ ਪਤਨੀ ਨੇ ਉਸਦੀ ਫਾਈਲ ਨਹੀਂ ਲਗਾਈ ਤੇ ਉਸ ਦੀ ਪਤਨੀ ਨੇ ਉਸ ਦੇ ਖ਼ਿਲਾਫ਼ ਦਾਜ ਦੀ ਮੰਗ ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਦਕਿ ਉਹ ਇਸ ਮਾਮਲੇ ਦੀ ਪੁਲਿਸ ਨੂੰ ਪਹਿਲਾਂ ਹੀ ਸ਼ਿਕਾਇਤ ਕਰ ਚੁੱਕਾ ਹੈ। ਜਿਸ ਕਾਰਨ ਪੁਲਿਸ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਤੋਂ ਬਾਅਦ ਉਸ ਦੀ ਪਤਨੀ ਕੈਨੇਡਾ ਵਾਪਸ ਚਲੀ ਗਈ ਤੇ ਉਥੋਂ ਉਸ ਨੇ ਐੱਨਆਰਆਈ ਵਿੰਗ ਤੇ ਵੂਮੈਨ ਸੈੱਲ ਨੂੰ ਆਨਲਾਈਨ ਸ਼ਿਕਾਇਤ ਕੀਤੀ। ਉਸ ਵਿਚ ਵੀ ਪੁਲਿਸ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਉਸ ਦੀ ਪਤਨੀ ਨੇ ਉਸ ਨੂੰ ਕੈਨੇਡਾ ਨਹੀਂ ਬੁਲਾਇਆ ਤਾਂ ਉਸ ਨੇ ਇਸ ਮਾਮਲੇ ਦੀ ਦੁਬਾਰਾ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਮਾਮਲਾ ਦੁਬਾਰਾ ਖੋਲ੍ਹਦੇ ਹੋਏ ਪਤਨੀ ਸਮੇਤ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਟਰੈਕਟਰਾਂ ਦੀ ਵਰਕਸ਼ਾਪ ਹੈ। ਉਸ ਦੀ ਪਤਨੀ ਨੇ ਉਸ ਨੂੰ ਵਿਦੇਸ਼ ਵਿਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਕਰੀਬ 22 ਲੱਖ ਰੁਪਏ ਲਏ ਸਨ, ਜਿਸ ਵਿਚੋਂ ਉਸ ਕੋਲ 16 ਲੱਖ ਰੁਪਏ ਦੇ ਦਸਤਾਵੇਜ਼ ਵੀ ਹਨ। ਉਸ ਨੇ ਦੱਸਿਆ ਕਿ ਉਸ ਨੇ ਕਰਜ਼ਾ ਲੈ ਕੇ ਪੈਸੇ ਦਾ ਪ੍ਰਬੰਧ ਕੀਤਾ ਸੀ। ਜਿਸ ਦਾ ਵਿਆਜ ਅੱਜ ਵੀ ਉਹ ਅਦਾ ਕਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਹੈ।

Comment here