ਸਿਆਸਤਖਬਰਾਂ

ਕਿਸਾਨ ਅੰਦੋਲਨ ਕਾਰਨ ਬੰਦ ਪਏ ਰਿਲਾਇੰਸ ਸਟੋਰ ਅੱਜ ਤੋਂ ਫੇਰ ਖੁੱਲੇ

ਕਾਮਿਆਂ ਦੇ ਚਿਹਰਿਆਂ ਤੇ ਪਰਤੀ ਰੌਣਕ

ਜਲੰਧਰ- ਖੇਤੀ ਕਨੂੰਨਾਂ ਦੇ ਖਿਲਾਫ ਸਾਲ ਭਰ ਚੱਲੇ ਅੰਦੋਲਨ ਕਾਰਨ ਅੰਬਾਨੀ ਅਤੇ ਅਡਾਨੀ ਗਰੁੱਪਾਂ ਦੇ ਵੱਖ ਵੱਖ ਕਾਰੋਬਾਰੀ ਅਦਾਰੇ ਪੰਜਾਬ ਤੇ ਹਰਿਆਣਾ ਵਿੱਚ ਬੰਦ ਸਨ। ਹੁਣ ਜਦ ਮੋਦੀ ਸਰਕਾਰ ਨੇ ਖੇਤੀ ਕਨੂੰਨ ਵਾਪਸ ਲੈ ਲਏ ਤਾਂ ਕਿਸਾਨ ਅੰਦੋਲਨ ਦੇ ਸਮਾਪਤ ਹੋਣ ਦੇ ਐਲਾਨ ਤੋਂ ਬਾਅਦ ਹੁਣ ਪੰਜਾਬ ਵਿਚਲੇ ਰਿਲਾਇੰਸ ਦੇ ਸਟੋਰ ਵੀ ਬਾਕੀ ਕਾਰੋਬਾਰਾਂ ਵਾਂਗ ਦੁਬਾਰਾ ਖੁੱਲ ਰਹੇ ਹਨ। ਸਿਰਫ ਲੁਧਿਆਣਾ ਵਿਚ ਬੇਰੁਜ਼ਗਾਰ ਹੋਏ ਇਕ ਹਜ਼ਾਰ ਤੋਂ ਵੱਧ ਕਰਮਚਾਰੀ ਦੋਬਾਰਾ ਨੌਕਰੀ ‘ਤੇ ਪਰਤਣ ਦੀ ਤਿਆਰੀ ਵਿਚ ਹਨ। ਕਈ ਮਹੀਨਿਆਂ ਤੋਂ ਹੋਲਡ ‘ਤੇ ਪਏ ਲੁਧਿਆਣਾ ਦੇ ਰਿਲਾਇੰਸ ਨਾਲ ਸਬੰਧਿਤ ਸਟੋਰ 15 ਦਸੰਬਰ ਭਾਵ ਅੱਜ ਤੋਂ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਅੰਦੋਲਨ ਦੌਰਾਨ ਕਿਸਾਨਾਂ ਨੇ ਕਈ ਸਟੋਰਾਂ ਦੀ ਭੰਨਤੋੜ ਕੀਤੀ ਸੀ। ਅਜਿਹੇ ‘ਚ ਕਰੀਬ ਇਕ ਸਾਲ ਤੋਂ ਬੰਦ ਪਏ ਸਟੋਰਾਂ ਦੇ ਖੁੱਲ੍ਹਣ ਨਾਲ ਜਿੱਥੇ ਲੁਧਿਆਣਾ ‘ਚ ਨੌਜਵਾਨਾਂ ਨੂੰ ਨੌਕਰੀਆਂ ਦੇ ਰੂਪ ‘ਚ ਰਾਹਤ ਮਿਲੇਗੀ, ਉਥੇ ਹੀ ਇਨ੍ਹਾਂ ਸਟੋਰਾਂ ਤੋਂ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਵੀ ਆਪਣੇ ਪਸੰਦੀਦਾ ਬ੍ਰਾਂਡ ਖਰੀਦਣ ਦਾ ਮੌਕਾ ਮਿਲੇਗਾ। ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨਾ ਸਿਰਫ਼ ਰਾਜ ਸਰਕਾਰ ਨੂੰ ਮਾਲੀਏ ਦੇ ਰੂਪ ਵਿੱਚ ਘਾਟਾ ਸਹਿਣਾ ਪਿਆ ਹੈ, ਸਗੋਂ ਕਈ ਨੌਜਵਾਨਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ। ਇਸ ਦੇ ਨਾਲ ਹੀ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨੁਕਸਾਨ ਝੱਲਣਾ ਪਿਆ। ਰਿਲਾਇੰਸ ਦੇ ਇਕੱਲੇ ਲੁਧਿਆਣਾ ਵਿੱਚ ਦਰਜਨ ਤੋਂ ਵੱਧ ਰਿਟੇਲ ਸਟੋਰ ਹਨ। ਜਲੰਧਰ ਵਿੱਚ ਵੀ ਕਈ ਸਟੋਰ ਹਨ। ਪੰਜਾਬ ਚਰਿਲਾਇੰਸ ਦੇ ਵੱਖ-ਵੱਖ ਬ੍ਰਾਂਡਾਂ ਦੇ 150 ਦੇ ਕਰੀਬ ਸਟੋਰ ਹਨ, ਜੋ ਕਿਸਾਨਾਂ ਦੇ ਅੰਦੋਲਨ ਕਾਰਨ ਇਨ੍ਹੀਂ ਦਿਨੀਂ ਬੰਦ ਪਏ ਰਹੇ, ਹੁਣ ਜਦ ਦੁਬਾਰਾ ਖੁੱਲ ਰਹੇ ਹਨ ਤਾਂ ਇਥੇ ਕੰਮ ਕਰਦੇ ਮੁਲਾਜ਼ਮਾਂ ਦੇ ਚਿਹਰਿਆਂ ਤੇ ਰੌਣਕ ਪਰਤ ਆਈ ਹੈ।

Comment here