ਸਾਹਿਤਕ ਸੱਥ

ਇਨਕਲਾਬ ਤਾਂ ਆਹ ਖੜ੍ਹੈ

(ਕਹਾਣੀ)

-ਅਤਰਜੀਤ

ਸਰਦਾਰਨੀ ਪ੍ਰਕਾਸ਼ ਕੌਰ ਨੇ ਸਾਡੇ ਕੋਲੋਂ ਜ਼ਮੀਨ ਪੱਕੇ ਤੌਰ ‘ਤੇ ਛੁਡਾ ਲਈ ਸੀ। ਬਾਬੇ ਦੀ ਮੌਤ ਤੋਂ ਬਾਅਦ ਸ਼ਾਇਦ ਮੁਰੱਬਾਬੰਦੀ ਤੋਂ ਬਾਅਦ ਉਸ ਨੂੰ ਖ਼ਤਰਾ ਜਾਪਣ ਲੱਗ ਪਿਆ ਸੀ ਕਿ ਵਾਹੀਕਾਰ ਉਸਦੀ ਜ਼ਮੀਨ ਨੱਪ ਜਾਣਗੇ। ਉਸਦਾ ਇਕ ਲੜਕਾ ਫੌਜ ਵਿਚ ਸੀ ਜਗਦੇਵ ਸਿੰਘ। ਦੂਜਾ ਥਾਣੇਦਾਰ ਸ਼ਰਾਬ ਬਹੁਤੀ ਪੀਣ ਦੇ ਕਾਰਨ ਮਰ ਚੁੱਕਾ ਸੀ। ਸਾਡੇ ਬਜ਼ੁਰਗਾਂ ਨੇ ਕਬਜ਼ਾ ਕਰਨਾ ਹੁੰਦਾ ਤਾਂ ਸੰਤ ਅਤਰ ਸਿੰਘ ਦੇ ਮਗਰ ਲੱਗਣ ਦੀ ਥਾਂ ਤੇਜਾ ਸਿੰਘ ਸੁਤੰਤਰ ਦੇ ਰਾਹ ਨੂੰ ਆਪਣਾਉਂਦੇ। ਸਰਦਾਰਨੀ ਨੇ ਆਪ ਵਾਹੀ ਕਰਵਾਉਣੀ ਆਰੰਭ ਦਿਤੀ ਸੀ। ਬਾਈ ਨਛੱਤਰ ਅਤੇ ਧੰਨਾ ਸਿੰਘ (ਭਗਵਾਨ ਸਿੰਘ ਸਰਦਾਰ ਦਾ ਮੁਖਤਿਆਰ-ਏ-ਆਮ) ਦਾ ਲੜਕਾ ਹਰਨੇਕ ਉਸਨੇ ਬਤੌਰ ਸੀਰੀ ਰੱਖ ਲਏ ਸਨ। ਮੁਕੱਦਮਿਆਂ ਦੌਰਾਨ ਇਕ ਇਕ ਕਰਕੇ ਸਾਡੇ ਪਸ਼ੂ (ਪਹਿਲਾਂ ਬੋਤਾ, ਫਿਰ ਬੂਰੀ ਮੱਝ, ਉਸਦੇ ਨਾਲ਼ ਹਥਨੀ ਵਰਗੀ ਬੱਲ੍ਹੀ ਪੰਜ ਕਲਿਆਣੀ, ਫਿਰ ਬਹੁਤ ਹੀ ਨਰੋਆ ਮੀਣਾ ਬਲ਼ਦ) ਵਿਕ ਗਏ। ਲੀਲੂ ਆੜ੍ਹਤੀਏ ਦਾ ਕੋਈ ਸੋਲਾਂ ਕੁ ਹਜ਼ਾਰ ਕਰਜ਼ਾ ਸਿਰ ਚੜ੍ਹਿਆ ਹੋਇਆ ਸੀ ਜੋ ਉਸਦੀ ਬਹੀ ਵਿਚ ਸਰਾਲ਼ ਦੀ ਤਰ੍ਹਾਂ ਵਧਦਾ ਹੀ ਜਾ ਰਿਹਾ ਸੀ। ਮੇਰਾ ਤਾਇਆ ਵੀ ਕਦੇ ਕਿਸੇ ਨਾਲ਼ ਕਦੇ ਕਿਸੇ ਨਾਲ਼ ਸੀਰ ਕਮਾਉਣ ਲੱਗ ਪਿਆ ਸੀ।
ਇਕ ਰਾਤ ਜਦੋਂ ਪਿੜਾਂ ਵਿਚ ਸਰਦਾਰਨੀ ਦੀ ਸਾਰੀ ਕਣਕ ਗਾਹੀ ਜਾ ਚੁੱਕੀ ਸੀ, ਨਛੱਤਰ ਅਤੇ ਹਰਨੇਕ ਘੁੰਡੀਆਂ ਸਮੇਤ ਪੰਡਾਂ ਬੰਨ੍ਹ-ਬੰਨ੍ਹ ਕਣਕ ਢੋਂਦੇ ਰਹੇ ਸਨ। ਸਰਦਾਰਨੀ ਦੇ ਪੱਲੇ ਉਨ੍ਹਾਂ ਨੇ ਅੱਧ ਵੀ ਨਹੀਂ ਸੀ ਪਾਇਆ। ਅਣਖ ਦੀ ਲੜਾਈ ਲੜਨ ਨਾਲ਼ੋਂ ਉਹ ਕਮੀਨੀਆਂ ਗੱਲਾਂ ਵੱਧ ਕਰਦਾ ਵੇਖਿਆ ਮੈਂ। ਹੁਣ ਉਹ ਅੱਡ ਵੀ ਹੋ ਗਿਆ। ਉਸਦੇ ਅੱਡ ਹੋਣ ਨਾਲ਼ ਘਰ ਦੀ ਹਾਲਤ ਲੜ-ਖੜਾ ਗਈ ਸੀ। ਮੈਨੂੰ ਤਾਂ ਪੂਰੀ ਡੇਢ ਸੌ ਤਨਖ਼ਾਹ ਵੀ ਨਹੀਂ ਸੀ ਮਿਲ਼ਦੀ। ਕਾਮਰੇਡ ਆਉਂਦੇ ਜਾਂਦੇ ਰਹਿੰਦੇ ਸਨ। ਮੇਰਾ ਸਟੋਵ ਦਾ ਖ਼ਰਚਾ ਹੀ ਵਧ ਗਿਆ ਸੀ। ਕਾਮਰੇਡ ਲੈਵੀ ਵੀ ਲੈ ਜਾਂਦੇ ਸਨ, ਲੀੜਾ ਕੱਪੜਾ ਵੀ। ਘਰ ਦੇਣ ਲਈ ਕੁਝ ਬਚਦਾ ਹੀ ਨਹੀਂ ਸੀ।
”ਤਾਂ ਫਿਰ ਹੁਣ ਤੂੰ ਮੇਰੀ ਢੂਹੀ ‘ਤੇ ਫੇਰ ਲੋਗੜ ਬੰਨ੍ਹਾਏਂਗਾ ਭਾਈ।” ਪਿੰਡ ਗਏ ਨੂੰ ਮੇਰੇ ਤਾਏ ਨੇ ਮੈਨੂੰ ਸੁਣਾ ਕੇ ਕਿਹਾ ਸੀ। ਤਿੰਨ ਚਾਰ ਮਹੀਨਿਆਂ ਤੋਂ ਮੈਂ ਡਿਊਟੀ ‘ਤੇ ਵੀ ਹਾਜ਼ਰ ਨਹੀਂ ਸੀ ਹੋ ਰਿਹਾ ਤੇ ਇੰਨਾ ਸਮਾਂ ਘਰ ਗੇੜਾ ਵੀ ਨਹੀਂ ਸੀ ਮਾਰਿਆ। ਉਸਨੇ ਕਾਮਰੇਡ ਕਰਤਾਰ ਸਿੰਘ ਨਾਲ਼ ਸੀਰ ਕਰ ਲਿਆ ਸੀ। ਸੀਰ ਰੈਲ਼ਾ ਸੀ। ਊਂ ਵੀ ਕਰਤਾਰ ਸਿੰਘ ਦਾ ਸਾਡੇ ਪ੍ਰਤੀ ਰਵਈਆ ਸੁਹਿਰਦਤਾ ਪੂਰਨ ਸੀ। ”ਗੁਰੂ ਦੇ ਖ਼ਾਲਸੇ ਵਾਲ਼ਾ ਰੂਪ ਧਾਰ ਤਾਇਆ।” ਮੈਂ ਕਿਹਾ ਸੀ। ਇਸ ਦਾ ਬਜ਼ੁਰਗ ਉਪਰ ਉਲ਼ਟਾ ਅਸਰ ਹੋਇਆ ਸੀ-” ਪਾਰਟੀ ਵਾਲ਼ਿਆਂ ਨੂੰ ਕਹਿ ਕੇ ਮਸੰਦ ਕਹਿ ਕੇ ਤੇਲ ਵਿਚ ਸਾੜ ਦਿਉ।” ਮੈਂ ਕੀ ਜਵਾਬ ਦਿੰਦਾ ?
ਨਰਮੇ ਕਪਾਹਾਂ ਦੀ ਰੁੱਤ ਸੀ। ਬੇਬੇ ਸੀਰ ਦਾ ਨਰਮਾ ਚੁਗਾ ਰਹੀ ਸੀ। ਮੈਂ ਉਚੇਚਾ ਉਸੇ ਨੂੰ ਮਿਲ਼ਣ ਆਇਆ ਸਾਂ। ਖੇਤ ਜਾ ਕੇ ਜਦ ਮੈਂ ਉਸਦਾ ਮੁਰਝਾਇਆ ਅਤੇ ਰੋ ਰੋ ਕੇ ਡੂੰਘੀਆਂ ਤੇ ਨਿੱਕੀਆਂ ਹੋ ਗਈਆਂ ਅੱਖਾਂ ਵਾਲ਼ਾ ਚਿਹਰਾ ਵੇਖਿਆ ਤਾਂ ਇਕ ਵਾਰ ਤਾਂ ਮੇਰੇ ਅੰਦਰੋਂ ਵੀ ਡਉਂ ਉਠਿਆ। ਮੈਨੂੰ ਜਾਪਿਆ ਕਿ ਮੈਂ ਖਾਲ਼ ਦੀ ਵੱਟ ਤੋਂ ਗੇੜਾ ਖਾ ਕੇ ਡਿਗਾਂਗਾ। ਮੈਨੂੰ ਵੇਖਦੇ ਸਾਰ ਉਹ ਨਰਮੇ ਦੀਆਂ ਛਿਟੀਆਂ ਨੂੰ ਇਧਰ ਉਧਰ ਕਰਦੀ, ਪਿੱਛੇ ਬੰਨ੍ਹੀ ਝੋਲ਼ੀ ਨੂੰ ਸਾਂਭਦੀ ਮੇਰੇ ਵੱਲ ਅਹੁਲ਼ੀ ਤਾਂ ਮੈਥੋਂ ਉਸਦੀਆਂ ਛਲਕਦੀਆਂ ਅੱਖਾਂ ਤੇ ਕੰਬਦੇ ਬੁੱਲ੍ਹ ਵੇਖੇ ਨਾ ਗਏ। ਪਸ਼ੇਮਾਨੀ ਵਿਚ ਮੇਰੀ ਨੀਵੀਂ ਪੈ ਗਈ।
ਮਾਂ ਨੇ ਆਉਂਦੇ ਸਾਰ ਮੇਰਾ ਹੱਥ ਫੜਕੇ ਕੁੜਤੀ ਦੇ ਅਗਲੇ ਲੜ ਦੇ ਹੇਠੋਂ ਦੀ ਢਿੱਡ ‘ਤੇ ਘੁੱਟ ਲਿਆ – ”ਮੇਰਾ ਢਿੱਡ ਮੱਚ ਗਿਆ ਵੇ ਪੁੱਤਾ – ਵੇ ਮੈਂ ਤੈਨੂੰ ਮਸਾਂ ਐਡਾ ਕੀਤਾ ਸੀ ਪੁੱਤਾ। ਪੁੱਤ ਹੁਣ ਮੇਰੇ ਕੋਲ਼ੋਂ ਇਹ ਦਸੌਂਟਾ ਨੀ ਝੱਲਿਆ ਜਾਣਾ ਡੱਡੇ। ਮਰੀ ਨੂੰ ਨਾ ਮਾਰ ਵੇ ਬਚੜਿਆ। ਦੇਖ ਤੇਰੇ ਤਾਏ ਤੋਂ ਵੀ ਇਹ ਭਾਰ ਨੀ ਢੋਇਆ ਜਾਣਾ ਪੁੱਤ।” ਮਾਂ ਕੀਰਨੇ ਪਾਉਂਦੀ ਮੈਨੂੰ ਹੱਥ ਚੱਕਣ ਨਹੀਂ ਸੀ ਦੇ ਰਹੀ। ਇਉਂ ਜਾਪਦਾ ਸੀ ਉਹ ਢਿੱਡ ਪਾੜ ਕੇ ਮੈਨੂੰ ਆਪਣੇ ਢਿੱਡ ਵਿਚ ਲੁਕੋ ਲੈਣਾ ਚਾਹੁੰਦੀ ਹੈ। ਉਸ ਨੂੰ ਧੜਾ-ਧੜ ਕੋਹੇ ਮਾਰੇ ਜਾ ਰਹੇ ਮੁੰਡਿਆਂ ਕਰਕੇ ਡਰ ਸੀ ਕਿ ਮੈਂ ਵੀ ਉਸਦੇ ਹੱਥੋਂ ਛੇਤੀ ਹੀ ਖੁੱਸ ਜਾਵਾਂਗਾ।
ਕਾਮਰੇਡ ਕਰਤਾਰ ਸਿੰਘ ਦੀ ਪਤਨੀ ਮਨਜੀਤ ਕੌਰ, ਜੋ ਰੂੰ ਦੇ ਗੋੜ੍ਹੇ ਵਰਗੀ ਬਹੁਤ ਹੀ ਮੋਹ ਖੋਰੀ ਅਤੇ ਨੇਕ ਰੂਹ ਔਰਤ ਹੈ, ਵੀ ਸਾਡੇ ਕੋਲ਼ ਆ ਗਈ। ਅੱਜ ਵੀ ਭਰਜਾਈਆਂ ਦੇ ਥਾਂ ਲਗਦੀ ਉਸ ਔਰਤ ਦਾ ਵੀ ਮੈਨੂੰ ਮਾਂਵਾਂ ਵਰਗਾ ਹੇਜ ਆਉਂਦਾ ਹੈ।
”ਵੇਖ ਵੇ ਵੱਡਿਆ ਨਕਸਲੀਆ! ਅੰਮਾ ਜੀ ਦਾ ਕੀ ਹਾਲ ਕਰ ‘ਤਾ ਤੂੰ। ਐਂ ਨੀ ਇਨਕਲਾਬ ਲਿਆਂਦਾ ਜਾਣਾ ਵੇ। ਕੋਈ ਹੈਗਾ ਨਾਲ਼। ਕੱਲੇ ਢਾਹ ਦਿਉਂਗੇ ਦਿੱਲੀ ਦੇ ਕਿੰਗਰੇ! ਕਰਦੇ ਕੀ ਐ ? ਹੁਣ ਆਹ ਪਿਛਲੇ ਪਹਿਰੇ ਇਹ ਐਹੋ ਜੇ ਦਸੌਂਟੇ ਜਰਨ ਨੂੰ ਐ – ਦੇਖਦਾ ਨੀ ਕੀ ਹਾਲ ਹੋਇਐ ਅੰਮਾ ਜੀ ਦਾ ?” ਮੈਂ ਡਹਿੰਬਰਿਆ, ਚੁੱਪ ਚਾਪ ਖੜ੍ਹਾ ਸਾਂ। ਚਾਹੁੰਦਾ ਤਾਂ ਮੈਂ ਵੀ ਨਹੀਂ ਸਾਂ ਕਿ ਬਗੈਰ ਕਿਸੇ ਤਾਕਤ ਦੇ ਇਕੱਲਾ ਹੀ ਅੰਬਰਾਂ ਵੱਲ ਧਨੁੱਸ਼ ਬਾਣ ਚਲਾਈ ਜਾਵਾਂ। ਮੁੜਨਾ ਚਾਹੁੰਦਾ ਸਾਂ ਪਰ ਹੁਣ ਤਾਂ ਮੈਂ ਜ਼ਿਲ੍ਹੇ ਦਾ ਆਗੂ ਸਾਂ। ਜ਼ਿਲ੍ਹੇ ਦਾ ਆਗੂ ਜਿਸਨੂੰ ਲੀਡਰਸ਼ਿਪ ਦਾ ਕ, ਖ ਤਾਂ ਕੀ ਅ, ਅ ਵੀ ਨਹੀਂ ਸੀ ਆਉਂਦਾ। ਕੱਚੀ ਪਹਿਲੀ ‘ਚੋਂ ਹੀ ਤਰੱਕੀ ਦੇ ਕੇ ਜਿਵੇਂ ਕਾਲਜ ਵਿਚ ਦਾਖ਼ਲ ਕਰ ਲਿਆ ਹੋਵੇ।
”ਆਹ ਵੇਖ ਪੁੱਤ ਕੀ ਬਣੀ ਜਾਂਦੈ ਮੇਰੇ ਢਿੱਡ ਵਿਚ ਜਿਵੇਂ ਗਲ਼ੋਟਾ ਜਿਆ ਹੁੰਦੈ ਕੋਈ।” ਮਾਂ ਨੇ ਮੇਰਾ ਹੱਥ ਢਿੱਡ ਦੇ ਉਸ ਥਾਂ ਖੁਭੋਇਆ ਜਿਥੇ ਸੱਚ-ਮੁੱਚ ਹੀ ਕੁਝ ਗੋਲ਼ੇ ਵਰਗਾ ਸੀ।
”ਮੈਂ ਜਦੋਂ ਅਗਲੀ ਵਾਰ ਆਇਆ – ਆਪਾਂ ਕਿਸੇ ਡਾਕਟਰ ਨੂੰ ਵਿਖਾਵਾਂਗੇ।” ਕਹਿਕੇ ਮੈਂ ਤੁਰਨ ਲੱਗਿਆ ਤਾਂ ਭਰਜਾਈ ਮਨਜੀਤ ਕੌਰ ਪਿੱਛੇ ਤੋਂ ਬੋਲੀ –
”ਕੁਛ ਨੀ ਹੋਇਆ ਵੇ ਅੰਮਾ ਜੀ ਨੂੰ – ਤੇਰੇ ਗ਼ਮ ਦੀ ਛੱਲੀ ਐ – ਤੇਰੇ ਫ਼ਿਕਰ ਦਾ ਗੋਲ਼ਾ। ਤੂੰ ਘਰੇ ਆ ਜਾ ਸਭ ਕੁਛ ਠੀਕ ਹੋ ਜੂ।” ਤੇ ਮੈਂ ਮਾਂ ਦੀ ਕਿਸੇ ਡਾਕਟਰ ਪਾਸੋਂ ਚੈਕਿੰਗ ਕਰਾਉਣ ਨਾ ਜਾ ਸਕਿਆ।
ਜਦੋਂ ਮੈਂ ਭੀਖੀ ਤੋਂ ਵਾਪਸ ਆ ਕੇ ਮਾਂ ਨੂੰ ਡਿਊਟੀ ‘ਤੇ ਹਾਜ਼ਰ ਹੋਣ ਬਾਰੇ ਦੱਸਿਆ ਤਾਂ ਉਸਦਾ ਚਿਹਰਾ ਨਰਮੇ ਦੇ ਖੇਤ ਵਾਂਗ ਖਿੜ ਗਿਆ; ਜਿਥੇ ਮੈਂ ਉਸਨੂੰ ਦੰਦੀਆਂ ਕਢਦੇ ਨਰਮੇ ਦੇ ਹਸੂੰ-ਹਸੂੰ ਕਰਦੇ ਖੇਤ ਵਿਚ ਛੱਡ ਕੇ ਗਿਆ ਸੀ – ਮੁਰਝਾਈ, ਧੁਆਂਖੀ ਅਤੇ ਛਲਕਦੀਆਂ ਬੁਝੀਆਂ ਅੱਖਾਂ ਨਾਲ਼ ਜਾਂਦੇ ਦੀ ਪਿੱਠ ਨਿਹਾਰਦੀ ਨੂੰ। ਹੁਣ ਇਹ ਸਭ ਕੁੱਝ ਉਸਦੇ ਚਿਹਰੇ ਤੋਂ ਗੈਬ ਸੀ।
ਮੁੱਖ ਅਧਿਆਪਕ ਅਮਰਜੀਤ ਸਿੰਘ ਬਾਵਾ ਜੀ ਨੇ ਤੁਰੰਤ ਹੀ ਪਿਛਲੇ ਸਮੇਂ ਦਾ (ਗੈਰ ਹਾਜ਼ਰੀ ਦਾ ਸਮਾਂ) ਮੈਡੀਕਲ ਬਿੱਲ ਕਲਰਕ ਨੂੰ ਕਹਿਕੇ ਬਣਵਾਇਆ ਤੇ ਖਜ਼ਾਨੇ ਭੇਜ ਦਿੱਤਾ। ਕਲਰਕ ਓਮ ਪ੍ਰਕਾਸ਼ ਵੀ ਬੀਬਾ ਬੰਦਾ ਸੀ। ਛੇਤੀ ਹੀ ਬਿੱਲ ਪਾਸ ਹੋ ਗਿਆ ਤੇ ਪੰਜ ਸਾਢੇ ਪੰਜ ਸੌ ਰੁਪਿਆ ਮੈਂ ਘਰ ਲਿਜਾ ਕੇ ਮਾਂ ਦੇ ਹੱਥਾਂ ‘ਤੇ ਲਿਜਾ ਰੱਖਿਆ।
”ਲੈ ਮਾਂ! ਰਾਮਪੁਰੇ ਕਿਸੇ ਡਾਕਟਰ ਨੂੰ ਵਿਖਾ ਆ ਨਾਲ਼ੇ ਦੁਆਈ ਲੈ ਆਈਂ।”
”ਨਹੀਂ ਪੁੱਤ, ਹੁਣ ਮੇਰਾ ਕੁਛ ਨੀ ਦੁਖਦਾ। ਗੋਲ਼ਾ ਤਾਂ ਨਾਲ਼ ਦੀ ਨਾਲ਼ ਖੁਰ ਗਿਆ ਜਦੋਂ ਤੇਰੇ ਬੰਨੀਓ ਠੰਢੀ ‘ਵਾ ਆ ਗੀ।” ਮਾਂ ਦੇ ਅੰਦਰ ਬਹੁਤ ਵੱਡਾ ਸੰਸਾਰ ਵਸਦਾ ਸੀ ਪਰ ਮੈਂ ਤਾਂ ਕੀ ਉਸ ਨੂੰ ਕੋਈ ਵੀ ਨਾ ਸਮਝ ਸਕਿਆ। ਹਰ ਦੂਜੇ ਚੌਥੇ ਮੇਰਾ ਤਾਇਆ ਉਸਦੇ ਹੱਡਾਂ ਨੂੰ ਘੋਟਣਿਆਂ ਜਾਂ ਹੱਥ ਆਈ ਕਿਸੇ ਵੀ ਚੀਜ਼ ਨਾਲ਼ ਸੇਕ ਛੱਡਦਾ ਸੀ ਤਾਂ ਵੀ ਹਰ ਦੋ ਸਾਲ ਬਾਅਦ ਉਹਦੇ ਲਈ ਬੱਚਿਆਂ ਨੂੰ ਜਨਮ ਦਿੰਦੀ ਰਹੀ। ਮੇਰਾ ਬਾਪ ਵੀ ਬਹੁਤ ਮਾਰਦਾ ਸੀ। ਉਹਨੇ ਤਾਂ ਹਰ ਤਰ੍ਹਾਂ ਨਾਲ ਤੰਦੂਰ ਵਿਚ ਹੀ ਤੁੰਨ੍ਹੀ ਰੱਖਿਆ ਸੀ ਇਸ ਬਦਨਸੀਬ ਔਰਤ ਨੂੰ ਜਿਸ ਨੇ ਨਾ ਤਾਂ ਭੁੰਨ ਕੇ ਬੀਜਿਆ ਸੀ ਤੇ ਨਾ ਰੱਬ ਦੀ ਗੋਲਕ ਨੂੰ ਸੰਨ੍ਹ ਲਾਇਆ ਸੀ। ਰੱਬ ਦੀ ਰਜ਼ਾ ਵਿਚ ਰਹਿਣ ਵਾਲ਼ੀ ਉਸ ਦੁਖਿਆਰੀ ਔਰਤ ਦੇ ਜੀਵਨ ਦਾ ਇਕ-ਇਕ ਪੰਨਾ ਉਲ਼ਟ ਕੇ ਅੱਖਾਂ ਅੱਗੇ ਵਿਛ ਗਿਆ ਹੈ।
‘ਮੈਂ ਬਾਬੇ ਨਾਲ਼ ਪਿੰਡ ਆਉਣਾ ਚਾਹੁੰਦਾ ਹਾਂ। ਮੇਰੇ ਬਾਪੂ ਦੀ ਤਰੀਕ ਤੇ ਆਇਆ ਬਾਬਾ ਸਾਨੂੰ ਮਿਲਣ ਆਇਆ ਹੈ। ਬੇਵਸੀ ਵਿਚ ਮੇਰੀ ਮਾਂ ਵੀ ਛੋਟੇ ਬਲਵਿੰਦਰ ਨੂੰ ਕੁੱਛੜ ਚੁੱਕ ਕੇ ਨਾਲ ਤੁਰ ਪੈਂਦੀ ਹੈ ਜਦ ਮੈਂ ਖਹਿੜਾ ਕਰਦਾ ਹਾਂ। ਸਾਲ ਵੀ ਨਹੀਂ ਬੀਤਿਆ ਹੋਣਾ ਕਿ ਇਕ ਦਿਨ ਮੇਰੀ ਮਾਂ ਨੂੰ ਮੇਰਾ ਤਾਇਆ ਛੱਲੀਆਂ ਵਾਂਗ ਕੁੱਟ ਸੁਟਦਾ ਹੈ। ਰਾਤ ਨੂੰ ਮਾਂ ਮੇਰੇ ਨਾਲ਼ ਆ ਪੈਂਦੀ ਹੈ। ਉਹ ਮੇਰਾ ਹੱਥ ਉਸ ਥਾਂ ‘ਤੇ ਲਿਜਾਂਦੀ ਹੈ ਜਿੱਥੇ ਰਾਤ ਪਤਾ ਨਹੀਂ ਕਿਸ ਗੱਲੋਂ ਮੇਰੇ ਤਾਏ ਨੇ ਘੋਟਣੇ ਮਾਰ ਕੇ ਬਹੁਤ ਵੱਡੀ ਛੱਲੀ ਹੀ ਤਾਂ ਪਾ ਦਿੱਤੀ ਹੈ। ਉਫਣਿਆ ਹੋਏ ਥਾਂ ਉਪਰ ਮਾਂ ਮੇਰਾ ਹੱਥ ਰੱਖਾਈ ਸ਼ਾਇਦ ਕਹਿ ਰਹੀ ਹੈ ”ਹੁਣ ਚੰਗੈਂ ਮੇਰੀ ਆਹ ਹਾਲਤ ਕਰਵਾ ਕੇ ਡੁਬੜਿਆ ?” ਅਗਲੇ ਦਿਨ ਮਾਂ ਚੁੰਨੀ ਦੇ ਲੜ ਲੀੜਾ ਕੱਪੜਾ ਸਮੇਟ ਕੇ ਘਰ ਛੱਡ ਕੇ ਤੁਰ ਜਾਂਦੀ ਹੈ, ਮੁੜ ਕੇ ਇਕ ਨਰਕ ‘ਚੋਂ ਨਿਕਲ਼ ਪੇਕਿਆਂ ਦੇ ਨਰਕ ਵਿਚ ਡਿਗਣ ਲਈ। ਮੈਂ ਉਸਨੂੰ ਰਾਮਪੁਰੇ ਦੇ ਰਾਹ ‘ਤੇ ਬਾਬੇ ਕਾਕੇ ਕੇ ਘਰ ਕੋਲ ਜਾ ਰਲ਼ਦਾ ਹਾਂ- ”ਮਾਂ ਤੂੰ ਸਾਨੂੰ ਛੱਡ ਕੇ ਨਾ ਜਾਹ। ਹਾੜੇ ਬੇਬੇ ਬਣ ਕੇ ਮੁੜ ਚੱਲ। ਨਾ ਜਾਹ ਬੇਬੇ।” ਮੈਂ ਖ਼ੁਦ ਵੀ ਨਾਨਕਿਆਂ ਦੇ ਨਰਕ ਵਿਚ ਨਹੀਂ ਪੈਣਾ ਚਾਹੁੰਦਾ। ਮੈਂ ਮਾਂ ਦੀ ਬਾਂਹ ਫੜ ਕੇ ਵਾਪਸ ਖਿੱਚਣ ਦਾ ਯਤਨ ਕਰਦਾ ਹਾਂ। ਉਹ ਧਾਹਾਂ ਮਾਰਦੀ ਮੇਰੇ ਕੋਲ਼ੋਂ ਬਾਂਹ ਛੁਡਾ ਕੇ ਭੱਜ ਜਾਣਾ ਲੋਚਦੀ ਹੈ ਪਰ ਮੈਂ ਬੇੜ ਬਣ ਕੇ ਉਸਦੀਆਂ ਲੱਤਾਂ ਨੂੰ ਵਲੇਟਣਾ ਮਾਰਿਆ ਹੋਇਆ ਹੈ। ਧਰਤੀ ਉਤੇ ਹੰਝੂਆਂ ਦਾ ਛਿੜਕਾ ਕਰਦੀ ਉਹ ਮੇਰੇ ਨਾਲ਼ ਮੁੜ ਆਉਂਦੀ ਹੈ। ਮੈਂ ਫੇਰ ਉਸਨੂੰ ਮੰਡੀ ਕਲਾਂ ਦੇ ਨਿੱਕੇ ਜਿਹੇ ਕੱਚੇ ਖੋਲ਼ੇ ਦੇ ਕੁੰਭੀ ਨਰਕ ਵਿਚ ਧਕੇਲ ਦਿੱਤਾ ਹੈ। ਤੰਗੀਆਂ, ਤੁਰਛੀਆਂ ਅਤੇ ਹਾਲਾਤ ਦਾ ਝੰਬਿਆ ਮੇਰਾ ਤਾਇਆ ਸ਼ਾਇਦ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦਾ ਬਦਲਾ ਮੇਰੀ ਮਾਂ ਕੋਲ਼ੋਂ ਲੈਂਦਾ ਹੈ। ਪੇਤਲੀ ਨਜ਼ਰੇ ਤਾਂ ਤਾਇਆ ਹੀ ਦੋਸ਼ੀ ਲਗਦਾ ਹੈ ਜਿਵੇਂ ਉਹ ਸਾਨੂੰ ਪਾਲਣ ਦਾ ਹਰ ਵੇਲ਼ੇ ਸਾਡੀ ਮਾਂ ਪਾਸੋਂ ਸਿਲਾ ਮੰਗਦਾ ਹੋਵੇ।’
ਉਹ ਪੰਜ ਕੁ ਸੌ ਰੁਪਿਆ ਮਾਂ ਨੇ ਆਪਣੇ ਇਲਾਜ ‘ਤੇ ਨਹੀਂ ਲਾਇਆ। ਮੇਰੇ ਤਾਏ ਦੀ ਮੁੱਠੀ ਵਿੱਚ ਧੱਕ ਦਿਤਾ ਜਿਸ ਨਾਲ਼ ਉਸਨੇ ਸ਼ਾਇਦ ਕੋਈ ਖੁੱਡ ਮੁੰਦਣ ਦਾ ਯਤਨ ਕੀਤਾ ਹੋਏਗਾ। ਮੇਰੀ ਨੌਕਰੀ ਅਤੇ ਘਰ ਦੀ ਗੱਡੀ ਫੇਰ ਰੋੜ੍ਹੇ ਪੈ ਗਈ ਸੀ।
ਅਮਰਜੀਤ ਸਿੰਘ ਬਾਵਾ ਹੁਰਾਂ ਨੇ ਸਕੂਲ ਬਹੁਤ ਹੀ ਸਚਿਆਰੇ ਢੰਗ ਨਾਲ਼ ਸੈੱਟ ਕੀਤਾ ਹੋਇਆ ਸੀ। ਸਵੇਰ ਵੇਲ਼ੇ ਡਰੰਮ ਅਤੇ ਬੈਂਡ ਨਾਲ਼ ਪ੍ਰਾਰਥਨਾ ਹੁੰਦੀ ਤੇ ਡਰੰਮ ਦੇ ਡੱਗੇ ਨਾਲ਼ ਮਾਸ ਡਰਿੱਲ। ਬੜਾ ਹੀ ਰੰਗ ਬਝਦਾ। ਬੱਚਿਆਂ ਵਿਚ ਕੋਈ ਨਾ ਕੋਈ ਗੱਲ ਕਰਨ ਲਈ ਬਾਵਾ ਜੀ ਮੈਨੂੰ ਉਤੇਜਿਤ ਕਰਦੇ। ਸਵੇਰ ਦੀ ਸਭਾ ਵਿਚ ਮੈਂ ਆਪਣੇ ਵਿਚਾਰ ਰਖਦਾ। ਬੜਾ ਹੀ ਸੁਖਦਾਇਕ ਅਤੇ ਅਨੰਦਮਈ ਮਾਹੌਲ ਸੀ ਪਰ ਉਥੋਂ ਦਾ ਪਾਣੀ ਸੰਤਾਪ ਦਿੰਦਾ ਸੀ। ਸਾਬਣ ਕੇਸਾਂ ਵਿਚ ਜੰਮ ਜਾਂਦੀ। ਹੋਰ ਤਾਂ ਹੋਰ ਪਿੰਡੇ ਨੂੰ ਲਾਇਆ ਸਾਬਣ ਵੀ ਪਿੰਡੇ ਦੇ ਵਿਚ ਵੜ ਜਾਂਦਾ ਜਿਵੇਂ ਪਿੰਡਾ ਤੇਲ ਨਾਲ਼ ਗੱਚ ਕੀਤਾ ਹੋਵੇ। ਤੀਜੇ ਚੌਥੇ ਮਹੀਨੇ ਮੈਂ ਬਦਲੀ ਦੀ ਅਰਜ਼ੀ ਦੇ ਦਿੱਤੀ। ਬਾਵਾ ਜੀ ਨੇ ਬਹੁਤ ਸਮਝਾਇਆ ਪਰ ਮੈਂ ਪਿੰਡ ਤੋਂ ਦੂਰੀ ਦਾ ਵਾਸਤਾ ਪਾ ਕੇ ਖਹਿੜਾ ਛੁਡਾ ਲਿਆ। ਇਹ ਵੀ ਸੱਚ ਸੀ ਕਿ ਇੰਨੀ ਲੰਮੀ ਵਾਟ ਸਾਈਕਲ ਚਲਾ ਕੇ ਵਿਦਿਆਰਥੀਆਂ ਨਾਲ਼ ਸੋਮਵਾਰ ਨੂੰ ਇਨਸਾਫ਼ ਨਹੀਂ ਸੀ ਹੁੰਦਾ ਤੇ ਖ਼ਾਸ ਕਰਕੇ ਰਾਮਪੁਰੇ ਵਾਲ਼ੇ ਮੇਘ ਦਾ ਘਰ ਵਾਜਾਂ ਮਾਰਦਾ ਜਾਪਦਾ ਸੀ ਜਿਥੇ ਇਲਾਕੇ ਦੇ ਹੀ ਨਹੀਂ ਪੰਜਾਬ ਭਰ ਦੇ ਆਗੂਆਂ ਨੂੰ ਮਿਲ਼ਣ ਦਾ ਮੌਕਾ ਮਿਲਦਾ ਰਹਿੰਦਾ ਸੀ। ਖ਼ਾਸ ਕਰਕੇ ਪਾਰਟੀ ਦੀਆਂ ਹਮਦਰਦ ਕੁੜੀਆਂ। ਇੰਨਾ ਕੁ ਹੀ ਨਹੀਂ ਇਹ ਗਰੁੱਪ ਔਰਤਾਂ ਅਤੇ ਲੜਕੀਆਂ ਨੂੰ ਵੀ ਜਥੇਬੰਦੀ ਵਿਚ ਬਰਾਬਰ ਭਾਗੀਦਾਰ ਬਣਾ ਰਿਹਾ ਸੀ ਜਦੋਂ ਕਿ ਐਮ. ਐਲ. ਵਾਲੇ ਕਾਮਰੇਡ ਉਨ੍ਹਾਂ ਨੂੰ ਭੂਤਵਾੜੇ ਵਾਲੇ, ਅਯਾਸ਼, ਹੋਟਲਾਂ ‘ਚ ਬਹਿ ਬਹਿ ਖੋਆ ਤੇ ਗਾਜਰਪਾਕ ਖਾਣ ਵਾਲ਼ੇ ਆਦਿ ਕਹਿ ਕਹਿ ਭੰਡਦੇ ਸਨ। ਪੰਜਾਬੀ ਯੂਨੀਵਰਸਿਟੀ ਵਿਚ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਮਿਲ਼ਣ ਦਾ ਮੌਕਾ ਮਿਲ਼ਿਆ ਸੀ। ਆਰਥਕ ਪੱਖੋਂ ਟੁੱਟਿਆ ਪਰ ਬਹੁਤ ਹੀ ਜ਼ਹੀਨ ਕਿਸਮ ਦੀ ਸ਼ਖ਼ਸੀਅਤ ਸੁਰਜੀਤ ਲੀ ਉਦੋਂ ਉਥੇ ਰਿਸਰਚ ਸਕਾਲਰ ਸੀ। ਮੈਂ ਉਸ ਦੀ ਤੰਗ ਦਸਤੀ ਨੂੰ ਭਾਂਪਦਾ ਸਾਂ। ਹਰਭਜਨ ਦੀ ਭੈਣ ਹਰਿੰਦਰ ਜਿਵੇਂ ਉਹਦੇ ਅੰਦਰ ਲੁਕੀਆਂ ਸ਼ਕਤੀਆਂ ਨੂੰ ਅੰਗ ਬੈਠੀ ਸੀ, ਉਹਦੇ ਬਹੁਤ ਹੀ ਕਰੀਬ ਸੀ। ਮੈਂ ਰੋਜ਼ ਹੀ ਵੇਖਦਾ ਸਾਂ ਕਿ ਇਹ ਲੋਕ ਤਾਂ ਅਸਲ ਵਿਚ ਸਾਮੰਤੀ ਸੱਭਿਆਚਾਰ ਦੀ ਹਰ ਪਾਸੇ ਹੀ ਐਹੀ ਤੈਹੀ ਮਾਰ ਰਹੇ ਸਨ। ਉਜਾਗਰ ਦੀ ਭੈਣ ਦਾ ਹਰਭਜਨ ਨਾਲ਼ ਵਿਆਹ ਹੋ ਗਿਆ ਤੇ ਬਾਅਦ ਵਿਚ ਹਰਭਜਨ ਦੀ ਭੈਣ ਹਰਿੰਦਰ ਦਾ ਲੀ ਨਾਲ਼। ਮੇਰੀ ਮਾਨਸਿਕਤਾ ਵਿਚ ਇਹ ਲੋਕ ਇਕ ਮਾਡਲ ਬਣਕੇ ਰਚਦੇ ਜਾ ਰਹੇ ਸਨ ਜਿਵੇਂ ਜ਼ਿੰਦਗੀ ਦੇ ਅਰਥ ਹੁਣ ਸਮਝ ਆਉਣ ਲੱਗੇ ਸਨ। ਅਸਲ ਅਰਥਾਂ ਵਿਚ ਇਹ ਲੋਕ ਔਰਤ ਦੀ ਆਜ਼ਾਦੀ ਦੀ ਵਕਾਲਤ ਕਰ ਰਹੇ ਸਨ। ਜਦੋਂ ਕਿ ਦੂਜੇ ਗਰੁੱਪਾਂ ਵਾਲ਼ੇ ਸਾਥੀ ਅਜੇ ਵੀ ਜਗੀਰੂ ਕਦਰਾਂ ਕੀਮਤਾਂ ਦਾ ਹੀ ਢੰਡੋਰਾ ਪਿੱਟਦੇ ਜਾਪਦੇ ਸਨ।
ਪਿੱਛੇ ਝਾਤੀ ਮਾਰਦਾ ਹਾਂ ਤਾਂ ਪ੍ਰੋæ ਹਰਭਜਨ ਦਾ ਮਨਮੁਹਣਾ ਚਿਹਰਾ ਅੱਖਾਂ ਸਾਮ੍ਹਣੇ ਆ ਬਿਰਾਜਦਾ ਹੈ। ਰਾਜੇਸ਼ ਟਾਕੀ ਵਿਚ ਸ਼ਤਰੰਜ ਫਿਲਮ ਲੱਗੀ ਹੋਈ ਹੈ। ਕਾ. ਵੇਦ ਜੋ ਅਸਲਾ ਆਦਿ ਬਣਾਉਣ ਦੀ ਜਾਚ ਰੱਖਦਾ ਸੀ, ਨੇ ਉਸ ਟਾਕੀ ਉਪਰ ਫੋਕੇ ਬੰਬ ਪਟਾਕਿਆਂ ਨਾਲ਼ ਹਮਲਾ ਕਰਨ ਦੀ ਵਿਉਂਤ ਬਣਾ ਲਈ ਹੈ। ਐਕਸ਼ਨ ਕਾਮਯਾਬ ਨਹੀਂ ਹੁੰਦਾ। ਸਭ ਨੂੰ ਇਕ ਤਰ੍ਹਾਂ ਭਾਜੜਾਂ ਪੈ ਜਾਂਦੀਆਂ ਹਨ। ਪ੍ਰੋæ ਹਰਭਜਨ ਕਾ. ਵੇਦ ਨੂੰ ਸਾਡੇ ਘਰ ਛੱਡ ਜਾਂਦਾ ਹੈ। ਕਈ ਦਿਨ ਉਹ ਸਾਡੇ ਘਰ ਰਹਿੰਦਾ ਹੈ ਪਰ ਮੇਰੇ ਲਈ ਉਸ ਨੇ ਬਿਪਤਾ ਦੇ ਕੰਡੇ ਬੀਜ ਦਿੱਤੇ ਹਨ। ਸਾਡੇ ਸਿੰਘਾਂ ਦੇ ਘਰ ਉਹ ਟਾਲ੍ਹੀ ਹੇਠ ਬੈਠ ਕੇ ਸਾਰਿਆਂ ਦੇ ਸਾਮ੍ਹਣੇ ਹੀ ਵੱਡੀਆਂ ਵੱਡੀਆਂ ਸਿਗਰਟਾਂ ਪੀਂਦਾ ਰਹਿੰਦਾ ਹੈ। ਮੇਰੇ ਨਾਲ਼ ਘਰਦੇ ਤੜਿੰਗ ਹੁੰਦੇ ਹਨ ਪਰ ਮੇਰੀ ਕੋਈ ਪੇਸ਼ ਨਹੀਂ ਚਲਦੀ। ਦੂਜੇ ਚੌਥੇ ਦਿਨ ਕਾ. ਹਰਭਜਨ ਆਉਂਦਾ ਹੈ ਤੇ ਉਸ ਨੂੰ ਸਿਗਰਟ ਲਾਏ ਵੇਖਕੇ ਤੁਰਤ ਫੁਰਤ ਹੀ ਸਾਈਕਲ ‘ਤੇ ਬਿਠਾ ਕੇ ਕਿਧਰੇ ਹੋਰ ਲੈ ਜਾਂਦਾ ਹੈ। ਸਾਡੇ ਘਰ ਵਿਚ ਉਹ ਪਾਣੀ ਵੀ ਨਹੀਂ ਪੀ ਕੇ ਜਾਂਦਾ। ਸ਼ਾਇਦ ਉਸ ਨੂੰ ਜਾਪਦਾ ਹੈ ਕਿ ਉਹ ਮੇਰੀ ਮਾਂ ਦੇ ਮੂਹਰੇ ਮੂੰਹ ਨਹੀਂ ਵਿਖਾ ਸਕੇਗਾ। ਮੈਂ ਵੇਖਦਾ ਹਾਂ ਕਿ ਇਨ੍ਹਾਂ ਲੋਕਾਂ ਨੂੰ ਕਿਵੇਂ ਇਕ ਇਕ ਗੱਲ ਦਾ ਖ਼ਿਆਲ ਰੱਖਣਾ ਆਉਂਦਾ ਹੈ। ਹੁਣ ਮੈਂ ਇਨ੍ਹਾਂ ਪ੍ਰਤੀ ਹੋਰ ਵੀ ਉਲਾਰ ਹੋ ਜਾਂਦਾ ਹਾਂ। ਇਹੋ ਜਿਹੇ ਹੋਰ ਵੀ ਕਾਰਨ ਸਨ ਜਿਨ੍ਹਾਂ ਕਰਕੇ ਮੈਂ ਰਾਮਪੁਰੇ ਵੱਲ ਖਿੱਚਿਆ ਜਾ ਰਿਹਾ ਸਾਂ।
ਇੱਥੇ ਹੀ ਮੇਘ ਕੋਲ਼ ਇਕ ਮੋਨਾ ਗੋਰਾ ਚਿੱਟਾ ਸਾਥੀ ਵੇਖਿਆ ਜਿਸ ਦਾ ਨਾਂ ਮਨੋਹਰ ਦੱਸਿਆ ਗਿਆ। ਲੁਧਿਆਣੇ ਦੇ ਇਕ ਥਾਣੇਦਾਰ ਦੇ ਕਤਲ ਵਿਚ ਉਹ ਭੂੰਮੀਗਤ ਹੋਇਆ ਹੋਇਆ ਸੀ। ਉਸਦੇ ਉਪਰਲੇ ਦੋ ਵਿਰਲੇ ਦੰਦ ਜਦ ਵੀ ਉਹ ਹਸਦਾ ਬਹੁਤ ਸੁਹਣੇ ਲਗਦੇ ਸਨ। ਉਸਦੀ ਬਾਂਹ ਉਤੇ ਖੁਣਿਆ ਅੰਗਰੇਜ਼ੀ ਵਿਚ ਐਚ. ਐਸ. ਵੇਖ ਕੇ ਮੈਂ ਸਮਝ ਗਿਆ ਕਿ ਇਹ ਮਨੋਹਰ ਨਹੀਂ ਕੋਈ ਹੋਰ ਹੈ ਜਿਸਨੇ ਪੁਲਿਸ ਤੋਂ ਬਚਣ ਲਈ ਮੂੰਹ ਸਿਰ ਮੁਨਵਾਇਆ ਹੈ। ਮੇਰੇ ਦਿਮਾਗ ਵਿਚ ਇਕ ਹੋਰ ਕੜੀ ਜੁੜਦੀ ਹੈ।
ਮੇਰੇ ਹਮਜਮਾਤੀ ਅਜੈਬ ਦੇ ਕਤਲ ਤੋਂ ਬਾਅਦ ਉਹਦੇ ਵਾਰਸ ਤੇ ਹਮਦਰਦ ਛੋਟੇ ਬੀਰ ਸਿੰਘ ਨੂੰ ਉਹਦੀ ਕਰਨੀ ਦਾ ਫਲ ਭੁਗਤਾਉਣਾ ਚਾਹੁੰਦੇ ਹਨ। ਇਸੇ ਦੌਰਾਨ ਉਸਦਾ ਲੜਕਾ ਗੋਬਿੰਦਰ ਨਕਸਲਬਾੜੀਏ ਦੇ ਤੌਰ ‘ਤੇ ਬੱਸ ‘ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸਨੂੰ ਕੁੱਝ ਕਾਮਰੇਡਾਂ ਨੇ ਪੁਲਸੀਆਂ ਨੂੰ ਬੱਸ ਵਿਚ ਕਤਲ ਕਰਕੇ ਹੱਥ ਕੜੀਆਂ ਸਮੇਤ ਛੁਡਾ ਲਿਆ ਹੈ। ਪਾਰਟੀ ਕਾਰਕੁੰਨ ਹੋਣ ਕਰਕੇ ਹੁਣ ਮੇਰੀ ਹਮਦਰਦੀ ਇਸ ਪਰਿਵਾਰ ਨਾਲ਼ ਜੁੜ ਗਈ ਹੈ। ਮੈਂ ਬੀਰ ਸਿੰਘ ਦਾ ਅੰਗ ਰੱਖਿਅਕ ਬਣ ਜਾਂਦਾ ਹਾਂ। ਬੀਰ ਸਿੰਘ ਦੇ ਘਰ ਦੁਆਲ਼ੇ ਕੀਤੀ ਘੇਰਾ ਬੰਦੀ ਖ਼ਤਮ ਹੋ ਜਾਂਦੀ ਹੈ। ਜਿਨ੍ਹਾਂ ਨਾਲ਼ ਮੇਰੀ ਗਹਿ-ਗੱਚ ਦੋਸਤੀ ਸੀ ਦੁਸ਼ਮਣੀ ਵਿਚ ਬਦਲ ਗਈ ਹੈ ਤੇ ਜਿਸ ਬੰਦੇ ਨੂੰ ਮੈਂ ਠੀਕ ਨਹੀਂ ਸੀ ਮੰਨਦਾ ਉਸਦਾ ਹੁਣ ਮੈਂ ਅੰਗ ਰੱਖਿਅਕ ਹਾਂ। ਇਨ੍ਹਾਂ ਦੇ ਘਰ ਹੀ ਢੇਰੇ ਕੇ ਪਰਿਵਾਰ ਦਾ ਬਲਜੀਤ (ਤੋਤਾ) ਮਿਲ਼ਦਾ ਜੋ ਲੁਧਿਆਣੇ ਇੰਜਨੀਅਰਿੰਗ ਦੀ ਡਿਗਰੀ ਕਰਦਾ ਸੀ। ਗੋਬਿੰਦਰ ਵੀ ਉਹਦੇ ਨਾਲ਼ ਸੀ। ਬਲਜੀਤ ਨੇ ਇਕ ਸਾਇੰਸ ਅਧਿਆਪਕ ਹਰਭਜਨ ਹਲਵਾਰਵੀ ਬਾਰੇ ਜਾਣਕਾਰੀ ਦਿਤੀ ਸੀ ਕਿ ਉਹ ਉਚ ਕੋਟੀ ਦਾ ਕਵੀ ਵੀ ਹੈ ਤੇ ਉਹ ਵਿਦਿਆਰਥੀਆਂ ਨੂੰ ਇਨਕਲਾਬੀ ਵਿਚਾਰਧਾਰਾ ਨਾਲ਼ ਲੈਸ ਵੀ ਕਰਦਾ ਹੈ। ਅੱਜ ਕਲ੍ਹ ਉਹ ਰੂਹ ਪੋਸ਼ ਹੋ ਕੇ ਅੰਡਰ ਗਰਾਊਂਡ ਹੋਇਆ ਹੋਇਆ ਹੈ। ਬੜੀਆਂ ਸਿਫ਼ਤਾਂ ਕੀਤੀਆਂ ਸਨ ਬਲਜੀਤ ਨੇ ਹਲਵਾਰਵੀ ਦੀਆਂ ਕਿ ਉਸਨੂੰ ਸਿਧਾਂਤ ਦੀ ਬੜੀ ਪਕੜ ਹੈ ਆਦਿ ਤੇ ਮੈਂ ਬਾਂਹ ‘ਤੇ ਖੁਣਿਆ ਹੋਇਆ ਐਚ. ਐਸ. ਪੜ੍ਹ ਕੇ ਸਮਝ ਜਾਂਦਾ ਹਾਂ ਕਿ ਇਹ ਸ਼ਖਸ ਮਨੋਹਰ ਨਹੀਂ ਹਰਭਜਨ ਹਲਵਾਰਵੀ ਹੈ। ਮੈਂ ਆਪਣੀ ਭੁੱਲ ਨੂੰ ਸੋਧ ਕੇ ਮਨ ਹੀ ਮਨ ਵਿਚ ਦੁਹਰਾਇਆ ‘ਨਹੀਂ ਨਹੀਂ, ਇਹ ਮਨੋਹਰ ਹੈ। ਕਾਮਰੇਡ ਮਨੋਹਰ। ਕਦੇ ਭੁੱਲ ਕੇ ਵੀ ਇਸਨੂੰ ਹਲਵਾਰਵੀ ਕਹਿ ਕੇ ਨਹੀਂ ਬੁਲਾਉਣਾ।’ ਜ਼ਾਬਤਾ ਇਹੋ ਸਿਖਾਉਂਦਾ ਹੈ।
ਮੇਰੀ ਬਦਲੀ ਮੌੜ ਮੰਡੀ ਦੇ ਪੈਰਾਂ ਵਿਚ ਪਿੰਡ ਜੋਧਪੁਰ ਪਾਖਰ ਦੀ ਹੋ ਗਈ। ਖ਼ਾਲਸਾ ਸਕੂਲ ਵਿਚ ਮਾਸਟਰ ਖੇਤਾ ਸਿੰਘ, ਕਰਨੈਲ, ਸੁਖਦੇਵ ਸਿੰਘ ਡਰਾਇੰਗ ਮਾਸਟਰ ਤੇ ਹੋਰ ਕੁਝ ਵਿਅਕਤੀਆਂ ਨਾਲ਼ ਮੇਲ ਹੋਇਆ। ਖ਼ਾਲਸਾ ਸਕੂਲ ਦੇ ਮੁੱਖ ਅਧਿਆਪਕ ਜਸਵੰਤ ਸਿੰਘ ਜੋ ਖ਼ੁਦ ਇਕ ਕਵੀ ਸਨ ਨਾਲ਼ ਵੀ ਚੰਗਾ ਸਹਿਚਾਰ ਬਣ ਗਿਆ। ਜੋਧਪੁਰ ਪਾਖਰ ਭਾਵੇਂ ਮਿਡਲ ਸਕੂਲ ਹੀ ਸੀ ਤੇ ਪੜ੍ਹਾਉਣ ਦਾ ਐਨਾ ਆਨੰਦ ਨਹੀਂ ਸੀ ਆਉਂਦਾ ਜਿਨਾਂ ਨੌਵੀਂ, ਦਸਵੀਂ ਤੇ ਗਿਆਰਵੀਂ ਨੂੰ ਪੜ੍ਹਾ ਕੇ ਆਉਂਦਾ ਰਿਹਾ ਸੀ। ਹੁਣ ਤਾਂ ਬਲਕਿ ਮੈਂ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਪੜ੍ਹਾਉਣ ਦੇ ਸਮਰੱਥ ਹੋ ਗਿਆ ਸਾਂ। ਮਿਡਲ ਸਕੂਲ ਵਿਚ ਇਕ ਪ੍ਰਕਾਰ ਦੀ ਦਿਨ ਕਟੀ ਜਿਹੀ ਹੋਈ ਜਾਂਦੀ ਸੀ।
ਸ਼ੁਰੂ ਸ਼ੁਰੂ ਵਿਚ ਮੈਂ ਪਿੰਡੋਂ ਸਾਈਕਲ ‘ਤੇ ਹੀ ਆਉਂਦਾ। ਫਿਰ ਬੱਸ ਦਾ ਪਾਸ ਬਣਾ ਲਿਆ। ਮਿਡਲ ਸਕੂਲ ਵਿਚ ਜੋ ਵੀ ਸੀਨੀਅਰ ਹੁੰਦਾ ਉਹ ਮੁੱਖ ਅਧਿਆਪਕ ਹੁੰਦਾ। ਤਨਖ਼ਾਹ ਜ਼ਿਲਾ ਸਿੱਖਿਆ ਅਫ਼ਸਰ ਦੇ ਦਫ਼ਤਰੋਂ ਮਿਲਦੀ ਸੀ। ਇਸ ਸਕੂਲ ਵਿਚ ਰੋਟੀ ਸਾਰੇ ਘਰੋਂ ਲਿਆਉਂਦੇ ਸਨ ਤੇ ਇੱਥੇ ਕੋਈ ਨਾ ਕੋਈ ਜਣਾ ਸਬਜ਼ੀ ਸਾਂਝੇ ਖਾਤੇ ਚੋਂ ਬਣਾਉਂਦਾ ਸੀ। ਰੋਟੀ ਸਾਰੇ ਇਕੱਠੇ ਹੀ ਖਾਂਦੇ ਸਾਂ। ਕਰਤਾਰ ਕਵੀਸ਼ਰ ਦੀ ਇਥੇ ਭੈਣ ਵਿਆਹੀ ਹੋਈ ਸੀ। ਕਰਤਾਰ ਦਾ ਭਣੋਈਆ ਇਕ ਦਿਨ ਮੈਨੂੰ ਲੈਣ ਆ ਗਿਆ। ਚਾਹ ਪਾਣੀ ਪੀ ਕੇ ਮੈਂ ਜਾਣਾ ਚਾਹੁੰਦਾ ਸਾਂ ਪਰ ਉਨ੍ਹਾਂ ਨੇ ਰੋਕ ਲਿਆ – ”ਨਾ ਭਾਈ! ਮੈਂ ਨੀ ਜਾਣ ਦਿੰਦੀ ਆਪਣੇ ਭਤੀਜੇ ਨੂੰ। ਅੱਜ ਦੀ ਰਾਤ ਤਾਂ ਮੈਂ ਤੈਨੂੰ ਰੱਖੂੰਗੀ।” ਭੂਆ ਲਗਦੀ ਕਰਤਾਰ ਦੀ ਭੈਣ ਨੇ ਓੜਕ ਕਰਕੇ ਮੈਨੂੰ ਰੱਖ ਲਿਆ।
ਬੜੇ ਸਲੀਕੇ ਨਾਲ਼ ਭੂਆ ਨੇ ਮੈਨੂੰ ਰੋਟੀ ਖਵਾਈ। ਰਾਤ ਨੂੰ ਬਹੁਤ ਹੀ ਸੁਹਣਾ ਅਣਲੱਗ ਬਿਸਤਰਾ ਤੇ ਉਪਰ ਫੁੱਲਾਂ ਦੀ ਕਢਾਈ ਵਾਲ਼ੀ ਬਹੁਤ ਹੀ ਸੁਹਣੀ ਚਾਦਰ। ਮੈਂ ਤਾਂ ਹੁੱਬ ਹੀ ਗਿਆ। ਪਿੰਡ ਤਾਂ ਇਨ੍ਹਾਂ ਦੇ ਘਰ ਮੇਰਾ ਬਿਸਤਰਾ ਅੱਡ ਹੀ ਮੇਰੇ ਘਰ ਦੇ ਮੰਜੇ ‘ਤੇ ਪਿਆ ਹੁੰਦਾ ਸੀ। ਜੇ ਚਾਹ ਪਾਣੀ ਪੀਣਾ ਹੁੰਦਾ ਤਾਂ ਤਾਏ ਵਾਲ਼ੀ ਬਾਟੀ ਕੁਤਰੇ ਵਾਲ਼ੀ ਮਸ਼ੀਨ ਦੇ ਕੋਲ਼ ਆਲ਼ੇ ‘ਚ ਪਈ ਹੁੰਦੀ। ਪਰ ਅੱਜ ਤਾਂ ਜੋਧਪੁਰ ਪਾਖਰ ਵਿਚ ਜਿਵੇਂ ਕੋਈ ਰੱਬ ਉਤਰ ਆਇਆ ਸੀ ਜਿਸਨੇ ਜਿਵੇਂ ਇਥੇ ‘ਮਾਨਸ ਕੀ ਜਾਤ ਏਕੋ’ ਦਾ ਬੀਜ ਬੀਜ ਦਿੱਤਾ ਸੀ ਤੇ ਸ਼ਾਇਦ ਇਸਦੀ ਭਰਪੂਰ ਫ਼ਸਲ ਕਰਤਾਰ ਦੀ ਭੈਣ ਦੇ ਵਿਹੜੇ ਵਿਚ ਉਗ ਆਈ ਸੀ। ਖੀਰ ਕੜਾਹ ਜਿਹੇ ਪਕਵਾਨਾਂ ਨਾਲ਼ ਮੇਰਾ ਸੁਆਗਤ ਹੋਇਆ।
ਮਹੀਨੇ ਵੀਹ ਕੁ ਦਿਨ ਬਾਅਦ ਮੈਨੂੰ ਫੇਰ ਸੁਨੇਹਾ ਆ ਗਿਆ। ਜੋ ਇਸ ਤੋਂ ਪਹਿਲੋਂ ਪ੍ਰਭਾਵ ਬਣਿਆ ਸੀ ਉਹ ਜਾਤੀ-ਪਾਤੀ ਵਿਵਸਥਾ ਦੇ ਬਠਿੰਡੇ ਵਾਲ਼ੇ ਕਿਲੇ ਦੇ ਦਿਉ ਦੀ ਮਾਰ ਵਿਚ ਆ ਗਿਆ। ਮੂੰਹ ਹਨੇਰੇ, ਜਦੋਂ ਉਨ੍ਹਾਂ ਦਾ ਸੀਰੀ ਖੇਤੋਂ ਘਰ ਆ ਗਿਆ ਤਾਂ ਮੈਂ ਕਰਤਾਰ ਦੀ ਭੈਣ ਦੇ ਇਹ ਬੋਲ ਸੁਣਕੇ ਡੂੰਘੀ ਜਿੱਲ੍ਹਣ ਵਿਚ ਹੀ ਤਾਂ ਧਸ ਗਿਆ –
”ਭਾਈ ਤੂੰ ਪਹਿਲਾਂ ਘਰੇ ਜਾ ਆ। ਨਾਲ਼ੇ ਤਾਂ ਥਾਲ਼ ਕੌਲੀ ਗਲਾਸ ਲੈ ਆਈ; ਨਾਲ਼ੇ ਓਦਣ ਵਾਲ਼ਾ ਬਿਸਤਰਾ ਚੱਕ ਲਿਆ। ਪੜਦੇ ਨਾਲ਼ ਲਿਆਈਂ ਮੁੰਡੇ ਨੂੰ ਪਤਾ ਨਾ ਲੱਗ ਜੇ। ਓਦਣ ਮੈਨੂੰ ਭਾਂਡੇ ਅੱਡ ਚੁਲ੍ਹੇ ‘ਚ ਸਿੱਟਣੇ ਪਏ ਸੀ।”
ਖੀਰ ਕੜਾਹ ਵੀ ਉਵੇਂ ਬਣਿਆ। ਬੜੇ ਸਲੀਕੇ ਨਾਲ਼ ਰੋਟੀ ਖਵਾਈ ਗਈ। ਇਹ ਗੱਲ ਵੱਖਰੀ ਸੀ ਕਿ ਇਸ ਵਾਰ ਉਨ੍ਹਾਂ ਦਾ ਸੀਰੀ ਰੋਟੀ ਫੜਾ ਰਿਹਾ ਸੀ। ਉਸ ਦਿਨ ਜੋ ਬੁਰਕੀ ਚਿੱਥਣ ਤੋਂ ਵੀ ਪਹਿਲਾਂ ਅੰਦਰ ਲੰਘ ਜਾਣ ਲਈ ਕਾਹਲ਼ੀ ਹੁੰਦੀ ਸੀ, ਉਸੇ ਖੀਰ ਕੜਾਹ ਦੀ ਬੁਰਕੀ ਅੱਜ ਸੰਘ ਵਿਚ ਫਸ ਜਾਂਦੀ ਸੀ। ਫੁੱਫੜ ਲਗਦੇ ਕਰਤਾਰ ਦੇ ਭਣੋਈਏ ਨਾਲ਼ ਉਸ ਰਾਤ ਵੱਡੀ ਰਾਤ ਤੀਕ ਗੱਲਾਂ ਕਰਦਿਆਂ ਤੇ ਉਸ ਤੋਂ ਬਾਅਦ ਅੱਜ ਵਾਲ਼ੇ ਹੀ ਬਿਸਤਰੇ ‘ਤੇ ਆਨੰਦਮਈ ਨੀਂਦ ਦਾ ਸੁਰਗ ਭੋਗਿਆ ਸੀ ਅੱਜ ਜਿਵੇਂ ਅਗਿਆਰਾਂ ‘ਤੇ ਪਿਆ ਹੋਇਆ ਸਾਂ। ਨੀਂਦ ਨੇੜੇ ਨਹੀਂ ਸੀ ਢੁਕ ਰਹੀ। ਸਵੇਰੇ ਭਰਿਆ ਪੀਤਾ ਚਾਰ ਬੁਰਕੀਆਂ ਅੰਦਰ ਸੁੱਟ ਕੇ ਸਕੂਲ ਪਹੁੰਚ ਗਿਆ ਸਾਂ। ਸਾਰਾ ਦਿਨ ਸਕੂਲ ਵਿਚ ਜੀਅ ਨਹੀਂ ਸੀ ਲੱਗਿਆ – ਇਕੋ ਪਛਤਾਵਾ ਵਾਰ ਵਾਰ ਡਸ ਰਿਹਾ ਸੀ – ‘ਕਿਉਂ ਗਿਆ ? ਕਿਉਂ ਗਿਆ ਮੈਂ ? ਓਸ ਔਰਤ ਨੇ ਆਪਣੀ ਸ਼ਕਲ ਵੇਖੀ ? ਵਗਾਰੀਆਂ ਦੀਆਂ ਤੀਵੀਂਆਂ ਤੋਂ ਵੀ ਭੈੜੀ! ਨਰ੍ਹੜਾ! ਅਖੇ ਅਸੀਂ ਜੱਟ ਹੁੰਨੇ ਆਂ, ਇਹ ਅਛੂਤ ਨੇ, ਸ਼ੂਦਰ ਨੇ – ਚੂੜ੍ਹੇ ਚਮਿਆਰ ਨੀਚ ਜਾਤ। ਮੈਂ ਤਾਂ ਜਿਵੇਂ ਕਈ ਦਿਨ ਅੱਕ ਦੇ ਦੁੱਧ ਦੀਆਂ ਹੀ ਕੁਰਲੀਆਂ ਕਰਦਾ ਰਿਹਾ।’
ਉਸ ਤੋਂ ਥੋੜੇ ਦਿਨਾਂ ਬਾਅਦ ਹੀ ਪਿੰਡ ਚੋਂ ਦੋ ਤਿੰਨ ਬੰਦੇ ਸਕੂਲ ਵਿਚ ਆਏ। ਉਨ੍ਹਾਂ ਨੂੰ ਬਹੁਤ ਵੱਡੀ ਸ਼ਿਕਾਇਤ ਸੀ ਕਿ ਮੈਂ ਦੂਜੇ ਮਾਸਟਰਾਂ ਦੇ ਨਾਲ਼ ਰੋਟੀ ਖਾਂਦਾ ਹਾਂ ਤਾਂ ਜੱਟਾਂ ਦੇ ਘਰੋਂ ਆਏ ਭਾਂਡੇ ਭਿੱਟੇ ਜਾਂਦੇ ਹਨ। ਹੁਣ ਅੱਗੋਂ ਲਈ ਇਹ ਕੰਮ ਬੰਦ ਕੀਤਾ ਜਾਣਾ ਚਾਹੀਦਾ ਸੀ। ਕਿੱਧਰ ਜਾਵਾਂ? ਮੈਂ ਸੋਚੀ ਜਾਵਾਂ।

Comment here