ਗੈਂਗਸਟਰ ਲੰਡਾ ਦਾ ਸਾਥੀ ਦੱਸ ਕੇ ਦਰਜ ਕੀਤਾ ਸੀ ਮਾਮਲਾ
ਤਰਨ ਤਾਰਨ-ਤਰਨ ਤਾਰਨ ਪੁਲਿਸ ਵਲੋਂ 2 ਸਤੰਬਰ ਨੂੰ ਵਿਦੇਸ਼ ਵਿਚ ਗੈਂਗਸਟਰ ਨੈੱਟਵਰਕ ਚਲਾ ਰਹੇ ਲਖਬੀਰ ਸਿੰਘ ਉਰਫ਼ ਲੰਡਾ ਗਰੋਹ ਦਾ ਮੈਂਬਰ ਦੱਸ ਕੇ ਲਖਵਿੰਦਰ ਸਿੰਘ ਉਰਫ਼ ਲੱਖਾ ਸਿਧਾਣਾ ਖਿਲਾਫ਼ ਗੈਂਗਸਟਰ ਸਰਗਰਮੀਆਂ, ਫਿਰੌਤੀਆਂ ਲੈਣ, ਨਾਜਾਇਜ਼ ਹਥਿਆਰ ਅਤੇ ਪਾਕਿਸਤਾਨ ਤੋਂ ਹੈਰੋਇਨ ਆਦਿ ਮੰਗਵਾਉਣ ਦੇ ਥਾਣਾ ਹਰੀਕੇ ਵਿਖੇ ਦਰਜ ਕੀਤੇ ਕੇਸ ਵਿਚ ਯੂ-ਟਰਨ ਲੈਂਦਿਆਂ ਲੱਖਾ ਸਿਧਾਣਾ ਨੂੰ ਇਸ ਕੇਸ ਵਿਚ ਬੇਗੁਨਾਹ ਕਰਾਰ ਦਿੱਤਾ ਗਿਆ ਹੈ । ‘ਇਸ ਮਾਮਲੇ ਦਾ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਵੀ ਲੱਖਾ ਸਿਧਾਣਾ ਖਿਲਾਫ਼ ਦਰਜ ਕੀਤੇ ਮਾਮਲੇ ਦਾ ਤਿੱਖਾ ਵਿਰੋਧ ਹੋਇਆ, ਜਿਸ ਤੋਂ ਬਾਅਦ ਆਪ ਸਰਕਾਰ ਨੂੰ ਯੂ ਟਰਨ ਲੈਣਾ ਪਿਆ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਇਸ ਮਾਮਲੇ ਦੀ ਕੀਤੀ ਜਾਂਚ ਤੋਂ ਬਾਅਦ ਲੱਖਾ ਸਿਧਾਣਾ ਨੂੰ ਇਸ ਕੇਸ ਤੋਂ ਬਾਹਰ ਕਰ ਦਿੱਤਾ ਗਿਆ ਹੈ । ਵਰਨਣਯੋਗ ਹੈ ਕਿ 2 ਸਤੰਬਰ ਨੂੰ ਥਾਣਾ ਹਰੀਕੇ ਦੇ ਐੱਸ.ਐੱਚ.ਓ. ਹਰਜੀਤ ਸਿੰਘ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ ਕਿ ਮੁਖਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਲਖਬੀਰ ਸਿੰਘ ਉਰਫ਼ ਲੰਡਾ ਪੁੱਤਰ ਨਿਰੰਜਣ ਸਿੰਘ ਵਾਸੀ ਹਰੀਕੇ ਜੋ ਕਿ ਬਹੁਤ ਵੱਡਾ ਗੈਂਗਸਟਰ ਹੈ ਅਤੇ ਇਸ ਸਮੇਂ ਵਿਦੇਸ਼ ਵਿਚ ਬੈਠ ਕੇ ਆਪਣਾ ਨੈੱਟਵਰਕ ਚਲਾ ਰਿਹਾ ਹੈ । ਲਖਬੀਰ ਸਿੰਘ ਲੰਡਾ ਨਾਲ ਲਖਵਿੰਦਰ ਸਿੰਘ ਉਰਫ਼ ਲਖਵੀਰ ਸਿੰਘ ਉਰਫ਼ ਲੱਖਾ ਸਿਧਾਣਾ ਵਾਸੀ ਸਿਧਾਣਾ, ਨਛੱਤਰ ਸਿੰਘ ਉਰਫ਼ ਮੋਤੀ ਵਾਸੀ ਭੱਠਲ ਸਹਿਜਾ ਸਿੰਘ, ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਨੌਸ਼ਹਿਰਾ ਪੰਨੂੰਆਂ, ਗੁਰਕੀਰਤ ਸਿੰਘ ਉਰਫ਼ ਘੁੱਗੀ ਵਾਸੀ ਸ਼ੇਰੋਂ, ਅਨਮੋਲ ਸੋਨੀ ਵਾਸੀ ਨੇੜੇ ਮੰਦਰ ਹਰੀਕੇ, ਚੜਤ ਸਿੰਘ ਵਾਸੀ ਮਹਿੰਦੀਪੁਰ, ਗੁਰਜੰਟ ਸਿੰਘ ਉਰਫ ਜੰਟਾ ਵਾਸੀ ਜਵੰਦਾ, ਮਹਾਂਬੀਰ ਸਿੰਘ ਵਾਸੀ ਜਵੰਦਾ, ਸੁਖਦੇਵ ਸਿੰਘ ਉਰਫ਼ ਸ਼ੇਰਾ ਵਾਸੀ ਗੰਡੀਵਿੰਡ ਧੱਤਲ, ਗੁਰਜੀਤ ਸਿੰਘ ਵਾਸੀ ਕੋਟ ਮੁਹੰਮਦ ਨਾਲ ਮਿਲ ਕੇ ਇਕ ਗਰੋਹ ਬਣਾਇਆ ਹੋਇਆ ਹੈ ਅਤੇ ਇਹ ਮਿਲ ਕੇ ਫਿਰੌਤੀਆਂ ਮੰਗਣ ਦਾ ਕੰਮ ਕਰਦੇ ਹਨ ।ਐੱਫ਼.ਆਰ.ਆਈ. ਅਨੁਸਾਰ ਲਖਬੀਰ ਸਿੰਘ ਲੰਡਾ ਨੂੰ ਇਨ੍ਹਾਂ ਦਾ ਰਿੰਗ ਲੀਡਰ ਦਰਸਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਕਤ ਵਿਅਕਤੀ ਵੱਟਸਐਪ ਰਾਹੀਂ ਦੇਸੀ ਨੰਬਰਾਂ ਨਾਲ ਗੱਲ ਕਰਕੇ ਫਿਰੌਤੀਆਂ ਮੰਗਦੇ ਹਨ । ਫਿਰੌਤੀਆਂ ਲਈ ਲਏ ਹੋਏ ਪੈਸੇ ਹਵਾਲਾ ਰਾਹੀਂ ਸਤਨਾਮ ਸਿੰਘ ਸੱਤਾ ਵਾਸੀ ਨੌਸ਼ਹਿਰਾ ਪੰਨੂੰਆਂ ਅਤੇ ਉਸ ਦੇ ਦੋ ਹੋਰ ਸਾਥੀ ਲਖਬੀਰ ਸਿੰਘ ਲੰਡਾ ਨੂੰ ਵਿਦੇਸ਼ ਭੇਜਦੇ ਹਨ । ਲਖਬੀਰ ਸਿੰਘ ਲੰਡਾ ਦੇ ਤਸਕਰਾਂ ਨਾਲ ਸੰਬੰਧ ਹਨ ਅਤੇ ਆਪਣੇ ਸਾਥੀਆਂ ਨੂੰ ਲਾਲਚ ਦੇ ਕੇ ਇਹ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਮੰਗਵਾ ਕੇ ਇਨ੍ਹਾਂ ਦੇ ਪੈਸੇ ਉਨ੍ਹਾਂ ਨੂੰ ਵਰਤਣ ਲਈ ਦਿੰਦਾ ਹੈ ।ਇਸ ਦਰਜ ਕੀਤੇ ਗਏ ਮਾਮਲੇ ਤੋਂ ਬਾਅਦ ਲੱਖਾ ਸਿਧਾਣਾ ਅਤੇ ਹੋਰਨਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ ।ਤਰਨ ਤਾਰਨ ਦੇ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਦਰਜ ਸਾਰੇ ਵਿਅਕਤੀਆਂ ਅਤੇ ਲਖਬੀਰ ਸਿੰਘ ਉਰਫ਼ ਲੱਖਾ ਸਿਧਾਣਾ ਦੀ ਮੁਢਲੀ ਤਫਤੀਸ਼ ਥਾਣਾ ਹਰੀਕੇ ਵਲੋਂ ਕੀਤੀ ਗਈ ਸੀ । ਇਸ ਕੇਸ ਦੀ ਤਫਤੀਸ਼ ਅਤੇ ਤਸਦੀਕ ਦੌਰਾਨ ਲਖਵਿੰਦਰ ਸਿੰਘ ਉਰਫ਼ ਲਖਬੀਰ ਸਿੰਘ ਉਰਫ਼ ਲੱਖਾ ਸਿਧਾਣਾ ਵਾਸੀ ਸਿਧਾਣਾ ਜ਼ਿਲ੍ਹਾ ਬਠਿੰਡਾ ਵਿਰੁੱਧ ਕੋਈ ਪੁਖਤਾ ਸਬੂਤ ਨਾ ਹੋਣ ਕਰਕੇ ਲੱਖਾ ਸਿਧਾਣਾ ਨੂੰ ਇਸ ਕੇਸ ਵਿਚੋਂ ਬੇਗੁਨਾਹ ਕਰਾਰ ਦਿੱਤਾ ਗਿਆ ਹੈ ।ਯਾਦ ਰਹੇ ਕਿ ਲਖਾ ਨੇ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਬੁਲਾਕੇ ਮਹਿਰਾਜਪੁਰ ਵਿਚ ਵਡਾ ਸਮਾਗਮ ਕੀਤਾ ਸੀ ਜਿਸ ਕਾਰਣ ਆਪ ਸਰਕਾਰ ਨੂੰ ਯੂ ਟਰਨ ਲੈਣਾ ਪਿਆ।

Comment here