ਸਿਆਸਤਖਬਰਾਂ

‘‘ਅਸੀਂ ਪੈਸਾ ਨਹੀਂ , ਲੋਕਾਂ ਦਾ ਪਿਆਰ ਕਮਾਇਆ’’-ਭਗਵੰਤ ਮਾਨ

ਸ੍ਰੀ ਮੁਕਤਸਰ ਸਾਹਿਬ-ਹੁਣੇ ਜਿਹੇ ਆਮ ਆਦਮੀ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੈਸਾ ਕਦੇ ਨਹੀਂ ਕਮਾਇਆ ਸਗੋਂ ਅਸੀਂ ਲੋਕਾਂ ਦਾ ਪਿਆਰ ਕਮਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਲੋਕਾਂ ਦੇ ਦੁੱਖ ਦਰਦ ’ਚ ਹਿੱਸਾ ਪਾਉਂਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਘਰੇ ਈ. ਡੀ. ਦੀਆਂ ਟੀਮਾਂ ਕਿਉਂ ਨਹੀਂ ਆਉਂਦੀਆਂ। ਉਕਤ ਟੀਮਾਂ ਨੂੰ ਪਤਾ ਹੈ ਕਿ ਸਾਡੇ ਘਰਾਂ ’ਚ ਕੁਝ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਕਦੇ ਵੀ ਸਰਕਾਰੀ ਫੰਡ ’ਚੋਂ ਇਕ ਰੁਪਏ ਤੱਕ ਦੀ ਵੀ ਚਾਹ ਨਹੀਂ ਪੀਤੀ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਚੰਡੀਗੜ੍ਹ ’ਚ ਪਹਿਲੀ ਵਾਰ ਚੋਣ ਲੜ੍ਹੀ ਅਤੇ ਉਨ੍ਹਾਂ ਨੂੰ ਜਿੱਤ ਹਾਸਲ ਹੋਈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਲੋਕ ਬਦਲਾਅ ਲਿਆਉਣਾ ਚਾਹੁੰਦੇ ਹਨ। ਸਾਡਾ ਚੋਣ ਨਿਸ਼ਾਨ ਝਾੜੂ ਹੈ, ਜੋ ਇਸ ਵਾਰ ਸਾਰੀਆਂ ਵਿਰੋਧੀ ਪਾਰਟੀਆਂ ਦੀ ਸਫ਼ਾਈ ਕਰ ਦੇਵੇਗਾ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਿਸੇ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਕਰਦੇ। ‘ਆਪ’ ਦੇ ਲੀਡਰ ਕਿਸੇ ਵੀ ਮਾਫ਼ੀਆ ਤੋਂ ਕੋਈ ਹਿੱਸਾ ਨਹੀਂ ਲੈਂਦੇ, ਕਿਉਂਕਿ ਸਾਡੀ ਨੀਅਤ ਸਾਫ਼ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਆਮ ਲੋਕ ਹਾਂ ਅਤੇ ਆਮ ਲੋਕਾਂ ’ਚੋਂ ਹੀ ਅੱਗੇ ਆਏ ਹਾਂ।
ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਮਤ ਮਾਰੀ ਪਈ ਹੈ, ਜਿਸ ਕਾਰਨ ਸਾਰੇ ਇਕ ਦੂਜੇ ’ਤੇ ਤੰਜ ਕੱਸਦੇ ਹੋਏ ਹਮਲੇ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ’ਚ ਬੇਅਦਬੀਆਂ ਕਰਵਾਈਆਂ ਨੇ, ਝੂਠੀਆਂ ਸਹੁੰਆਂ ਖਾਂਧੀਆਂ ਨੇ, ਉਨ੍ਹਾਂ ਦਾ ਫ਼ੈਸਲਾ ਪਰਮਾਤਮਾ ਦੀ ਕਚਹਿਰੀ ’ਚ ਹੋਵੇਗਾ।

Comment here