ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਅਫਗਾਨਿਸਤਾਨ ਦਾ ਗੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ

ਵਾਸ਼ਿੰਗਟਨ-ਅਮਰੀਕਾ ਨੇ 2012 ਵਿੱਚ ਅਫਗਾਨਿਸਤਾਨ ਨੂੰ ਇੱਕ ਪ੍ਰਮੁੱਖ ਗੈਰ-ਨਾਟੋ ਸਹਿਯੋਗੀ (ਐੱਮ.ਐੱਨ.ਐੱਨ.ਏ.) ਦਾ ਦਰਜਾ ਦਿੱਤਾ ਸੀ, ਜਿਸ ਰਾਹੀਂ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਆਰਥਿਕ ਸਬੰਧ ਬਰਕਰਾਰ ਸਨ। ਕਾਬੁਲ ਦਾ ਸ਼ਾਸਨ ਤਾਲਿਬਾਨ ਦੇ ਹੱਥਾਂ ਵਿਚ ਜਾਣ ਦੇ ਇੱਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਫਗਾਨਿਸਤਾਨ ਦਾ ਇੱਕ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ ਕਰ ਦਿੱਤਾ ਹੈ। ਇਸ ਦਰਜੇ ਕਾਰਨ ਅਫਗਾਨਿਸਤਾਨ ਨੂੰ ਰੱਖਿਆ ਅਤੇ ਸੁਰੱਖਿਆ ਨਾਲ ਸਬੰਧਤ ਬਹੁਤ ਸਾਰੀਆਂ ਸਹਾਇਤਾ ਅਤੇ ਸਹੂਲਤਾਂ ਹਾਸਲ ਸਨ।
ਬਾਈਡੇਨ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਭੇਜੇ ਇੱਕ ਮੈਮੋਰੰਡਮ ਵਿੱਚ ਕਿਹਾ, ‘ਅਮਰੀਕਾ ਦੇ ਸੰਵਿਧਾਨ ਅਤੇ ਕਾਨੂੰਨ ਤਹਿਤ ਰਾਸ਼ਟਰਪਤੀ ਦੇ ਰੂਪ ਵਿੱਚ ਮੈਨੂੰ ਪ੍ਰਾਪਤ ਸ਼ਕਤੀ ਦੇ ਅਧੀਨ, ਜਿਸ ਵਿਚ ਵਿਦੇਸ਼ੀ ਸਹਾਇਤਾ ਐਕਟ 1961 ਵੀ ਸ਼ਾਮਲ ਹੈ,…ਮੈਂ ਅਫਗਾਨਿਸਤਾਨ ਨੂੰ ਦਿੱਤੇ ਗਏ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦੇ ਦਰਜੇ ਨੂੰ ਖ਼ਤਮ ਕਰਦਾ ਹਾਂ।’ਐੱਮ.ਐੱਨ.ਐੱਨ.ਏ. ਦਾ ਦਰਜਾ ਪਹਿਲੀ ਵਾਰ 1987 ਵਿੱਚ ਸ਼ੁਰੂ ਕੀਤਾ ਗਿਆ ਸੀ। ਅਮਰੀਕੀ ਵਿਦੇਸ਼ ਮੰਤਰਾਲਾ ਅਨੁਸਾਰ ਅਫਗਾਨਿਸਤਾਨ ਦਾ ਐੱਮ.ਐੱਨ.ਐੱਨ.ਏ. ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਹੁਣ ਅਮਰੀਕਾ ਕੋਲ 18 ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਰਹਿ ਗਏ ਹਨ। ਇਨ੍ਹਾਂ ਵਿੱਚ ਅਰਜਨਟੀਨਾ, ਆਸਟਰੇਲੀਆ, ਬਹਿਰੀਨ, ਬ੍ਰਾਜ਼ੀਲ, ਕੋਲੰਬੀਆ, ਮਿਸਰ, ਇਜ਼ਰਾਈਲ, ਜਾਪਾਨ, ਜਾਰਡਨ, ਕੁਵੈਤ, ਮੋਰੋਕੋ, ਨਿਊਜ਼ੀਲੈਂਡ, ਪਾਕਿਸਤਾਨ, ਫਿਲੀਪੀਨਜ਼, ਕਤਰ, ਦੱਖਣੀ ਕੋਰੀਆ, ਥਾਈਲੈਂਡ ਅਤੇ ਟਿਊਨੀਸ਼ੀਆ ਸ਼ਾਮਲ ਹਨ।

Comment here