ਖਬਰਾਂ

ਅਜੇ ਠੰਢ ਤੋਂ ਰਾਹਤ ਨਹੀਂ…

ਦਿੱਲੀ-ਲਗਾਤਾਰ ਇੱਕ ਹਫਤੇ ਤੋਂ ਲਗਾਤਾਰ ਪਹਾੜੀ ਇਲਾਕਿਆਂ ‘ਚ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲ ਰਹੀ ਹੈ। ਇਸਦੇ ਨਾਲ ਹੀ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ। ਮੈਦਾਨੀ ਇਲਾਕਿਆਂ ਵਿੱਚ ਵੀ ਬਾਰਿਸ਼ ਲਗਾਤਾਰ ਹੀ ਹੋ ਰਹੀ ਹੈ। ਜਿਸ ਕਾਰਨ ਠੰਡ ਤੋਂ ਰਾਹਤ ਨਹੀਂ ਮਿਲ ਪਾ ਰਹੀ। ਅਜੇ ਵੀ ਉੱਤਰ ਭਾਰਤ ਦੇ ਵਾਸੀਆਂ ਲਈ ਹਾਲੇ ਠੰਢ ਤੋਂ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸ਼ਨੀਵਾਰ ਯਾਨਿ 5 ਫ਼ਰਵਰੀ ਦੀ ਸਵੇਰ ਕਾਫ਼ੀ ਇਲਾਕਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਪੰਜਾਬ ਦੇ ਅੰਮ੍ਰਿਤਸਰ `ਚ ਸੰਘਣੀ ਧੁੰਦ ਤੇ ਕੋਰ੍ਹੇ ਦੀ ਚਾਦਰ ਵਿਛੀ ਨਜ਼ਰ ਆਈ, ਜਿਸ ਕਾਰਨ ਆਵਾਜਾਈ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਸੀਤ ਲਹਿਰ ਦਾ ਕਹਿਰ ਵੀ ਜਾਰੀ ਹੈ। 6 ਫ਼ਰਵਰੀ ਨੂੰ ਪੰਜਾਬ ਤੇ ਹਰਿਆਣਾ `ਚ ਫ਼ਿਰ ਤੋਂ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ। ਸੰਘਣੀ ਧੁੰਦ ਦੇ ਨਾਲ ਨਾਲ ਸੀਤ ਲਹਿਰ ਦਾ ਕਹਿਰ ਵੀ ਬਣਿਆ ਰਹਿਣ ਦੇ ਆਸਾਰ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕੁੱਝ ਇਲਾਕਿਆਂ ਤੇ ਰਾਜਧਾਨੀ ਚੰਡੀਗੜ੍ਹ ਚ 8 ਤੇ 9 ਫ਼ਰਵਰੀ ਨੂੰ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣੈ ਕਿ ਮੌਜੂਦਾ ਸਮੇਂ ਵਿੱਚ ਹਿਮਾਚਲ ਤੇ ਪੱਛਮੀ ਹਿਮਾਲਯ ਦੇ ਇਲਾਕਿਆਂ ਵਿੱਚ ਪੱਛਮੀ ਗੜਬੜੀ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਕਾਰਨ ਪਹਾੜਾਂ `ਤੇ ਮੀਂਹ, ਬਰਫ਼ਬਾਰੀ ਤੇ ਤੇਜ਼ ਹਵਾਵਾਂ ਦਾ ਕਹਿਰ ਜਾਰੀ ਹੈ। ਜਿਸ ਦਾ ਸਾਫ਼ ਅਸਰ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਹੀ ਉੱਤਰ ਭਾਰਤ ਦੇ ਵਾਸੀਆਂ ਨੂੰ ਠੰਢ ਤੋਂ ਰਾਹਤ ਨਹੀਂ ਮਿਲ ਰਹੀ ਹੈ। ਹਿਮਾਚਲ ਪ੍ਰਦੇਸ਼ ‘ਚ ਵੀ ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਵਿੱਚ ਕਈ ਸੜਕਾਂ ਬੰਦ ਹਨ। ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਪਿਛਲੇ 72 ਘੰਟਿਆਂ ‘ਚ ਸੂਬੇ ‘ਚ ਲਗਾਤਾਰ ਭਾਰੀ ਬਰਫਬਾਰੀ ਅਤੇ ਬਾਰਿਸ਼ ਹੋਈ ਹੈ। ਅੱਧਾ ਹਿਮਾਚਲ ਦੇਸ਼ ਅਤੇ ਦੁਨੀਆਂ ਨਾਲੋਂ ਕੱਟਿਆ ਹੋਇਆ ਹੈ। ਰਿਪੋਰਟ ਅਨੁਸਾਰ ਸ਼ਿਮਲਾ ਨਰਕੰਡਾ, ਸ਼ਿਮਲਾ ਰੋਹੜੂ, ਲੇਹ ਮਨਾਲੀ, ਮਨਾਲੀ ਕਾਜ਼ਾ, ਔਟ-ਲੁਹਰੀ-ਰਾਮਪੁਰ ਹਾਈਵੇਅ ਬੰਦ ਹਨ। ਸੂਬੇ ਵਿੱਚ 840 ਸੜਕਾਂ ਅਤੇ 2840 ਟਰਾਂਸਫਾਰਮਰ ਬੰਦ ਪਏ ਹਨ। 550 ਤੋਂ ਵੱਧ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਰੂਟ ਠੱਪ ਪਏ ਹਨ। ਸ਼ਿਮਲਾ, ਸਿਰਮੌਰ, ਲਾਹੌਲ ਸਪਿਤੀ, ਕਿਨੌਰ, ਸੋਲਨ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਹੋਈ ਹੈ। ਸ਼ਿਮਲਾ ਵਿੱਚ ਰਿਕਾਰਡ ਬਰਫਬਾਰੀ ਹੋਈ ਹੈ ਅਤੇ ਇੱਥੇ ਇੱਕ ਦਿਨ ਦੀ ਛੁੱਟੀ ਦਾ ਐਲਾਨ ਕਰਨਾ ਪਿਆ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

Comment here