ਸਿਆਸਤਖਬਰਾਂਚਲੰਤ ਮਾਮਲੇ

ਕੁਨੋ ਨੈਸ਼ਨਲ ਪਾਰਕ ‘ਚ 3 ਚੀਤਿਆਂ ਦੀ ਮੌਤ ‘ਤੇ ਸੁਪਰੀਮ ਕੋਰਟ ਚਿੰਤਤ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ (ਕੇਐਨਪੀ) ਵਿੱਚ ਲਿਆਂਦੇ 3 ਚੀਤਿਆਂ ਦੀ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਮੌਤ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਕੇਂਦਰ ਨੂੰ ਕਿਹਾ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਉਨ੍ਹਾਂ ਨੂੰ ਰਾਜਸਥਾਨ ਤਬਦੀਲ ਕਰਨ ਬਾਰੇ ਵਿਚਾਰ ਕਰੇ। ਜਸਟਿਸ ਬੀਆਰ ਗਵਈ ਅਤੇ ਸੰਜੇ ਕਰੋਲ ਦੇ ਬੈਂਚ ਨੇ ਕਿਹਾ ਕਿ ਮਾਹਿਰਾਂ ਦੀਆਂ ਰਿਪੋਰਟਾਂ ਅਤੇ ਲੇਖਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕੇਐਨਪੀ ਇੰਨੀ ਵੱਡੀ ਗਿਣਤੀ ਵਿੱਚ ਚੀਤਿਆਂ ਲਈ ਕਾਫੀ ਨਹੀਂ ਹੈ ਅਤੇ ਕੇਂਦਰ ਸਰਕਾਰ ਉਨ੍ਹਾਂ ਨੂੰ ਹੋਰ ਸਥਾਨਾਂ ਉਤੇ ਤਬਦੀਲ ਕਰਨ ਬਾਰੇ ਵਿਚਾਰ ਕਰ ਸਕਦੀ ਹੈ।
ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ, “ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਤਿੰਨ ਮੌਤਾਂ (ਚੀਤਿਆਂ ਦੀ) ਗੰਭੀਰ ਚਿੰਤਾ ਦਾ ਵਿਸ਼ਾ ਹੈ।” ਮੀਡੀਆ ਵਿੱਚ ਮਾਹਿਰਾਂ ਦੇ ਵਿਚਾਰ ਅਤੇ ਲੇਖ ਹਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੁਨੋ ਵਿੱਚ ਚੀਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇੰਨੇ ਚੀਤਿਆਂ ਲਈ ਥਾਂ ਕਾਫੀ ਨਹੀਂ ਹੈ। ਤੁਸੀਂ ਰਾਜਸਥਾਨ ਵਿੱਚ ਢੁਕਵੀਂ ਥਾਂ ਕਿਉਂ ਨਹੀਂ ਲੱਭਦੇ? ਇਸ ਲਈ ਕਿ ਰਾਜਸਥਾਨ ਵਿੱਚ ਵਿਰੋਧੀ ਪਾਰਟੀ ਦਾ ਰਾਜ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ‘ਤੇ ਵਿਚਾਰ ਨਹੀਂ ਕਰੋਗੇ।”
ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਿਟਰ ਜਨਰਲ ਐਸ਼ਵਰਿਆ ਭਾਟੀ ਨੇ ਕਿਹਾ ਕਿ ਟਾਸਕ ਫੋਰਸ ਨੇ 3 ਚੀਤਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਹੈ ਅਤੇ ਉਹਨਾਂ ਨੂੰ ਹੋਰ ਸਥਾਨਾਂ ਵਿੱਚ ਤਬਦੀਲ ਕਰਨ ਸਮੇਤ ਸਾਰੇ ਸੰਭਾਵੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

Comment here