ਰੂਸ ’ਤੇ ਅਮਰੀਕੀ ਬੰਦਸ਼ਾਂ ਦੇ ਮੱਦੇਨਜ਼ਰ ਹੁਣ ਜੋਰ-ਸ਼ੋਰ ਨਾਲ਼ ਡਾਲਰ ਰਹਿਤ ਕੌਮਾਂਤਰੀ ਮੁਦਰਾ ਪ੍ਰਬੰਧ ਦੀ ਚਰਚਾ ਛਿੜ ਗਈ ਹੈ। ਚੀਨ ਇਸ ਦੀ ਅਗਵਾਈ ਲਈ ਰੂਸ ਨਾਲ ਮਿਲਕੇ ਵਿਉਂਤਬੰਦੀ ਕਰ ਰਿਹਾ ਹੈ। ਬੀਤੇ ਸਮੇਂ ਦੌਰਾਨ ਇੱਕ ਅਮਰੀਕਾ ਵਿੱਚ ਡੈਮੋਕ੍ਰੇਟਿਕ ਪਾਰਟੀ ਅਤੇ ਲਿਬਰਲ ਝੁਕਾਅ ਵਾਲੇ ਟੀਵੀ ਨਿਊਜ਼ ਚੈਨਲ ਸੀਐਨਐਨ ਨੇ ਡੀ-ਡਾਲਰਾਈਜ਼ੇਸ਼ਨ ’ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ। ਇਸ ਪ੍ਰਸਾਰਣ ਦੇ ਇੱਕ ਦਿਨ ਬਾਅਦ ਇੱਕ ਰਿਪਬਲਿਕਨ ਪਾਰਟੀ ਸਮਰਥਕ, ਕੰਜਰਵੇਟਿਵ ਨਿਊਜ਼ ਚੈਨਲ ਫੌਕਸ ਟੀਵੀ, ਨੇ ਵੀ ਇਸ ਵਿਸ਼ੇ ’ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ। ਦਿਲਚਸਪ ਗੱਲ ਇਹ ਹੈ ਕਿ ਇਸ ਚਰਚਾ ਵਿਚ ਦੋਵਾਂ ਚੈਨਲਾਂ ਨੇ ਇਕੋ ਜਿਹਾ ਨਤੀਜਾ ਕਢਿਆ ਕਿ ਡਾਲਰ ਦੇ ਦਿਨ ਬੀਤ ਚੁਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕਾ ਵਿੱਚ ਇਹਨਾਂ ਦੋਵਾਂ ਚੈਨਲਾਂ ਦੇ ਵਿਚਾਰ ਮੇਲ ਨਹੀਂ ਖਾਂਦੇ, ਪਰ ਇਸ ਮਸਲੇ ਉਪਰ ਦੋਹਾਂ ਦੇ ਵਿਚਾਰ ਮੇਲ ਖਾਂਦੇ ਹਨ।
ਸੀਐਨਐਨ ਦੇ ਪ੍ਰੋਗਰਾਮ ਦੇ ਮਸ਼ਹੂਰ ਟਿੱਪਣੀਕਾਰ ਫਰੀਦ ਜ਼ਕਰੀਆ ਨੇ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਵਿਸ਼ਵ ਵਪਾਰ ਪ੍ਰਣਾਲੀ ਵਿੱਚ ਡੀ-ਡਾਲਰਾਈਜ਼ੇਸ਼ਨ ਦਾ ਮਤਲਬ ਡਾਲਰ ਦੀ ਸਰਦਾਰੀ ਦਾ ਅੰਤ ਹੋ ਗਿਆ ਹੈ। ਅਮਰੀਕਾ ਅਤੇ ਇਸਦੇ ਲੋਕਾਂ ਨੂੰ ਇਸਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਫੌਕਸ ਟੀਵੀ ਦੇ ਇੱਕ ਪ੍ਰੋਗਰਾਮ ਵਿੱਚ ਅਮਰੀਕਾ ਦੀ ਸਾਬਕਾ ਸਹਾਇਕ ਖਜ਼ਾਨਾ ਸਕੱਤਰ ਮੋਨਿਕਾ ਕਰਾਊਲੀ ਨੇ ਦੱਸਿਆ ਕਿ ਇੱਕ ਵਾਰ ਡਾਲਰ ਦਾ ਦਬਦਬਾ ਖਤਮ ਹੋਣ ਤੋਂ ਬਾਅਦ ਮੁਦਰਾ ਅਤੇ ਵਿੱਤੀ ਮਾਮਲਿਆਂ ਵਿੱਚ ਅਮਰੀਕਾ ਨੂੰ ਦਹਾਕਿਆਂ ਤੋਂ ਮਿਲ ਰਹੀਆਂ ਵਿਸ਼ੇਸ਼ ਸਹੂਲਤਾਂ ਖਤਮ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਮਹਿੰਗਾਈ ਕੰਟਰੋਲ ਤੋਂ ਬਾਹਰ ਹੋ ਜਾਵੇਗੀ, ਅਮਰੀਕਾ ਦੀ ਵਿਸ਼ਵ ਵਿੱਚ ਆਰਥਿਕ ਸਰਦਾਰੀ ਖ਼ਤਮ ਹੋ ਜਾਵੇਗੀ ਅਤੇ ਅਮਰੀਕਾ ਇੱਕ ਮਹਾਂਸ਼ਕਤੀ ਵਜੋਂ ਆਪਣਾ ਦਰਜਾ ਗੁਆ ਬੈਠੇਗਾ।
30 ਮਾਰਚ ਨੂੰ, ਮਸ਼ਹੂਰ ਬ੍ਰਿਟਿਸ਼ ਅਖਬਾਰ ਦ ਫਾਈਨੈਂਸ਼ੀਅਲ ਟਾਈਮਜ਼ ਨੇ ਇੱਕ ਵਿਸ਼ਲੇਸ਼ਣ ਪ੍ਰਕਾਸ਼ਿਤ ਕੀਤਾ ਜਿਸ ਦਾ ਸਿਰਲੇਖ ਸੀ: ਬਹੁ-ਧਰੁਵੀ ਮੁਦਰਾ ਵਾਲੇ ਸੰਸਾਰ ਲਈ ਤਿਆਰ ਰਹੋ। ਇਸ ਤੋਂ ਪਹਿਲਾਂ ਅਮਰੀਕੀ ਟੀਵੀ ਚੈਨਲ ਸੀਐਨਬੀਸੀ ਉਪਰ ਮਾਰਕੀਟ ਵਿਸ਼ਲੇਸ਼ਕ ਅਤੇ ਰੌਕਫੈਲਰ ਇੰਟਰਨੈਸ਼ਨਲ ਦੇ ਚੇਅਰਮੈਨ ਰੁਚਿਰ ਸ਼ਰਮਾ ਇਹ ਕਹਿ ਚੁਕੇ ਸਨ ਕਿ ਅਸੀਂ ਡਾਲਰ ਤੋਂ ਬਾਅਦ ਦੀ ਦੁਨੀਆ ਵੱਲ ਵਧ ਰਹੇ ਹਾਂ’।
ਇਹ ਸਾਰੀਆਂ ਘਟਨਾਵਾਂ ਦੁਨੀਆਂ ਵਿੱਚ ਆਉਣ ਵਾਲੀ ਇੱਕ ਵੱਡੀ ਤਬਦੀਲੀ ਦਾ ਸੰਕੇਤ ਹਨ, ਜਿਸ ਦੀ ਭਵਿੱਖਬਾਣੀ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ, ਪਰ ਸ਼ਾਇਦ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਹ ਸਾਰੀ ਘਟਨਾ ਇੰਨੀ ਤੇਜ਼ੀ ਨਾਲ ਵਾਪਰ ਜਾਵੇਗੀ। ਯੂਕਰੇਨ ਯੁੱਧ ਸ਼ੁਰੂ ਹੋਣ ਦੇ ਸਮੇਂ ਤੱਕ ਜੋ ਲੋਕ, ਡੀ -ਡਾਲਰਾਈਜ਼ੇਸ਼ਨ ਦੀ ਗੱਲ ਕਰਦੇ ਸਨ, ਉਹ ਡਾਲਰ ਦੇ ਬਾਅਦ ਦਾ ਦੌਰ ਆਉਣ ਲਈ 20 ਤੋਂ 30 ਸਾਲ ਦੇ ਸਮੇਂ ਦਾ ਅੰਦਾਜ਼ਾ ਲਗਾਉਂਦੇ ਸਨ। ਪਰ 2022 ਵਿੱਚ, ਯੂਕਰੇਨ ਯੁੱਧ ਤੋਂ ਬਾਅਦ, ਜਦੋਂ ਪੱਛਮੀ ਦੇਸ਼ਾਂ – ਖਾਸ ਤੌਰ ’ਤੇ ਅਮਰੀਕਾ ਨੇ ਰੂਸ ਦੀ 300 ਬਿਲੀਅਨ ਡਾਲਰ ਦੀ ਵਿਦੇਸ਼ੀ ਮੁਦਰਾ ਜ਼ਬਤ ਕਰ ਲਈ ਅਤੇ ਰੂਸ ’ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਤਾਂ ਅਚਾਨਕ ਡੀ-ਡਾਲਰਾਈਜ਼ੇਸ਼ਨ ਇੱਕ ਅਜਿਹਾ ਵਰਤਾਰਾ ਬਣ ਗਿਆ ਜੋ 2023 ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੇ ਸਾਲ, ਏਸ਼ੀਆ ਤੋਂ ਲੈ ਕੇ ਯੂਰਪ ਅਤੇ ਲਾਤੀਨੀ ਅਮਰੀਕਾ ਤੱਕ, ਇਹ ਚਰਚਾ ਤੇਜ਼ੀ ਨਾਲ ਅੱਗੇ ਵਧੀ ਕਿ ਅਮਰੀਕਾ ਨੇ ਆਪਣੇ ਰਾਜਨੀਤਕ ਅਤੇ ਰਣਨੀਤਕ ਹਿੱਤਾਂ ਦੀ ਪੂਰਤੀ ਲਈ ਆਪਣੀ ਮੁਦਰਾ ਡਾਲਰ ਨੂੰ ਇੱਕ ਹਥਿਆਰ ਬਣਾ ਲਿਆ ਹੈ। ਜਿਹੜੇ ਦੇਸ਼ ਉਸ ਦੀ ਇੱਛਾ ਅਨੁਸਾਰ ਨਹੀਂ ਚਲਦੇ, ਉਹਨਾਂ ਨੂੰ ਡਾਲਰਾਂ ਵਿੱਚ ਭੁਗਤਾਨ ਦੀ ਵਿਸ਼ਵ ਪ੍ਰਣਾਲੀ (ਸਵਿਫਟ) ਤੋਂ ਬਾਹਰ ਕਰ ਦਿਤਾ ਜਾਂਦਾ ਹੈ, ਸਗੋਂ ਡਾਲਰ ਦੀ ਮੁਦਰਾ ਵਿੱਚ ਕੀਤੇ ਗਏ ਨਿਵੇਸ਼ ਉਪਰ ਕਬਜ਼ਾ ਕਰ ਲੈਂਦਾ। ਰੂਸ ਤੋਂ ਪਹਿਲਾਂ, ਈਰਾਨ, ਵੈਨੇਜ਼ੁਏਲਾ ਤੇ ਅਫਗਾਨਿਸਤਾਨ ਇਸ ਅਮਰੀਕੀ ਹਥਿਆਰ ਦਾ ਸ਼ਿਕਾਰ ਹੋ ਚੁੱਕੇ ਹਨ।
ਇਹਨਾਂ ਅਮਰੀਕੀ ਪਾਬੰਦੀਆਂ ਦੇ ਕਾਰਨ, ਰੂਸ ਨੂੰ ਡਾਲਰ ਤੋਂ ਹਟਕੇ ਵਪਾਰ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ. ਦੂਜੇ ਪਾਸੇ ਦੂਜੇ ਦੇਸ਼ਾਂ ਨੂੰ ਰੂਸ ਕਾਰਣ ਇਹ ਸੰਦੇਸ਼ ਗਿਆ ਕਿ ਉਨ੍ਹਾਂ ਨੂੰ ਵੀ ਸਮੇਂ ਸਿਰ ਅੰਤਰਰਾਸ਼ਟਰੀ ਭੁਗਤਾਨ ਲਈ ਡਾਲਰ ਵਿਰੁੱਧ ਬਦਲ ਪ੍ਰਣਾਲੀ ਲੱਭਣੀ ਚਾਹੀਦੀ ਹੈ। ਚੀਨ ਇਸ ਮਸਲੇ ਉਪਰ ਅਗਵਾਈ ਕਰ ਰਿਹਾ ਹੈ ਜਿਸਨੂੰ ਘੇਰਨਾ ਅਤੇ ਜਿਸਦੀ ਤਾਕਤ ਨੂੰ ਕੰਟਰੋਲ ਕਰਨਾ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ / ਪੱਛਮ ਦੀ ਤਰਜੀਹ ਬਣੀ ਹੋਈ ਹੈ। ਇਸ ਲਈ ਚੀਨ ਵੀ ਡੀ-ਡਾਲਰਾਈਜ਼ੇਸ਼ਨ ਨੂੰ ਅੱਗੇ ਵਧਾਉਣ ਤੇ ਪੱਛਮ ਨਾਲ ਟਕਰ ਲੈਣ ਲਈ ਸਰਗਰਮੀ ਨਾਲ ਜੁਟ ਗਿਆ ਹੈ।
ਪਿਛਲੇ ਸਾਲ ਇਹ ਚਰਚਾ ਛਿੜੀ ਰਹੀ ਸੀ ਕਿ ਕਿਹੜੀ ਕਰੰਸੀ ਡਾਲਰ ਦੀ ਥਾਂ ਲਵੇਗੀ? ਹਾਲਾਂਕਿ ਚੀਨ ਅਮਰੀਕਾ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ, ਪਰ ਜੇਕਰ ਅਸੀਂ ਵਸਤੂਆਂ ਦੇ ਕਾਰੋਬਾਰ ਦੀ ਮਾਤਰਾ ਨੂੰ ਵੇਖੀਏ ਤਾਂ ਚੀਨ ਇਸ ਵਿੱਚ ਪਹਿਲੇ ਨੰਬਰ ’ਤੇ ਹੈ। ਇਹ ਲਗਭਗ 130 ਦੇਸ਼ਾਂ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਅਜਿਹੀ ਸਥਿਤੀ ਵਿਚ ਚੀਨ ਦੀ ਕਰੰਸੀ ਯੁਆਨ ਨੂੰ ਡਾਲਰ ਦੀ ਥਾਂ ਰੱਖਣਾ ਯੋਗ ਸਮਝਿਆ ਜਾ ਰਿਹਾ ਹੈ। ਪਰ ਅੰਤਰਰਾਸ਼ਟਰੀ ਬਾਜ਼ਾਰ ਦੇ ਕਰਤਾ ਧਰਤਾ ਸ਼ਿਕਾਇਤ ਕਰਦੇ ਹਨ ਕਿ ਚੀਨ ਵਿਚ ਪੂੰਜੀ ਕੰਟਰੋਲ ਦੀ ਸਖਤ ਨੀਤੀ ਲਾਗੂ ਹੈ। ਅਜਿਹੀ ਸਥਿਤੀ ਵਿਚ ਅਮਰੀਕਾ ਵਾਂਗ ਉਥੋਂ ਮੁਦਰਾ ਦਾ ਮੁਕਤ ਪ੍ਰਵਾਹ ਸੰਭਵ ਨਹੀਂ ਹੈ। ਪਰ ਨਵੇਂ ਉਭਰ ਰਹੇ ਸੰਸਾਰ ਵਿੱਚ, ਲੱਗਦਾ ਹੈ ਕਿ ਇਹ ਤਰਕ ਅਪ੍ਰਸੰਗਿਕ ਹੋ ਗਿਆ ਹੈ। ਪੰਜ ਅਰਥ ਸ਼ਾਸਤਰੀਆਂ ਨੇ ਇੱਕ ਤਾਜ਼ਾ ਖੋਜ ਪੱਤਰ ਵਿੱਚ ਕਿਹਾ ਹੈ ਕਿ ਪੂੰਜੀ ਨਿਯੰਤਰਣ ਦੀ ਨੀਤੀ ਯੁਆਨ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਹੈ – ਸਗੋਂ ਯੁਆਨ ਪੂਰੀ ਤਰ੍ਹਾਂ ਵੱਖਰੇ ਤਰੀਕੇ ਨਾਲ ਸਫਰ ਤਹਿ ਕਰਦੇ ਹੋਏ ਵਿਸ਼ਵ ਵਪਾਰ ਦੀ ਮੁਦਰਾ ਬਣ ਸਕਦਾ ਹੈ। ਅਸਲ ਵਿਚ ਵੱਖ-ਵੱਖ ਦੇਸ਼ ਇਸ ਕਥਿਤ ਅੜਿੱਕੇ ਦੇ ਬਾਵਜੂਦ ਯੁਆਨ ਨੂੰ ਅਪਣਾਉਣ ਲਈ ਤਿਆਰ ਨਜ਼ਰ ਆ ਰਹੇ ਹਨ। ਬੀਤੇ ਦੋ ਹਫਤਿਆਂ ਤੋਂ ਫਰਾਂਸ ਚੀਨ ਦੇ ਸੰਪਰਕ ਵਿਚ ਹੈਤੇ ਯੂਰਪੀਅਨ ਦੇਸਾਂ ਨੂੰ ਅਮਰੀਕੀ ਕੰਟਰੋਲ ਤੋਂ ਬਾਹਰ ਆਉਣ ਦਾ ਤੇ ਯੂਰਪੀਅਨ ਖੁਦਮੁਖਤਿਆਰੀ ਦਾ ਸੱਦਾ ਦੇ ਰਿਹਾ ਹੈ।
ਯਾਦ ਰਹੇ ਕਿ ਪਿਛਲੇ ਮਹੀਨੇ (20-22 ਮਾਰਚ) ਦੇ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਰੂਸ ਯਾਤਰਾ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਸੀ ਕਿ ਹੁਣ ਰੂਸ ਯੁਆਨ ਵਿਚ ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ ਦੇਸ਼ਾਂ ਨਾਲ ਆਪਣਾ ਸਾਰਾ ਕਾਰੋਬਾਰ ਕਰੇਗਾ। ਚੀਨ ਨਾਲ ਉਸ ਦੇ ਸਾਰੇ ਭੁਗਤਾਨ ਪਹਿਲਾਂ ਹੀ ਇਸ ਮੁਦਰਾ ਵਿੱਚ ਕੀਤੇ ਜਾ ਰਹੇ ਹਨ। ਇਹ ਐਲਾਨ ਇਸ ਲਿਹਾਜ਼ ਨਾਲ ਮਹੱਤਵਪੂਰਨ ਸੀ ਕਿ ਇਸ ਤੋਂ ਪਹਿਲਾਂ ਰੂਸ ਵੱਖ-ਵੱਖ ਦੇਸ਼ਾਂ ਤੋਂ ਆਪਣੀ ਕਰੰਸੀ ਰੂਬਲ ਵਿਚ ਭੁਗਤਾਨ ਦੀ ਮੰਗ ਕਰ ਰਿਹਾ ਸੀ। ਇਹ ਸਪੱਸ਼ਟ ਹੈ ਕਿ ਮਾਰਚ ਦੇ ਤੀਜੇ ਹਫ਼ਤੇ ਤੱਕ ਪੁਤਿਨ ਇਸ ਸਿੱਟੇ ’ਤੇ ਪਹੁੰਚ ਗਏ ਸਨ ਕਿ ਰੂਸੀ ਅਰਥਵਿਵਸਥਾ ਅਤੇ ਮੁਦਰਾ ਦੀ ਉਹੋ ਜਿਹੀ ਹੈਸੀਅਤ ਨਹੀਂ ਹੈ ਕਿ ਹੋਰ ਦੇਸ ਉਸਨੂੰ ਵਪਾਰ ਦੀ ਮੁਦਰਾ ਦੇ ਰੂਪ ਵਿਚ ਸਵੀਕਾਰ ਕਰ ਲੈਣ। ਇਸ ਲਈ ਉਸ ਨੇ ਯੁਆਨ ਨੂੰ ਅਪਨਾਉਣ ਦਾ ਐਲਾਨ ਕੀਤਾ ਹੈ।
ਇਸ ਐਲਾਨ ਨੇ ਸਾਰੀ ਤਸਵੀਰ ਹੀ ਬਦਲ ਦਿੱਤੀ ਹੈ। ਹੁਣ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਤੇ ਬ੍ਰਾਜ਼ੀਲ ਯੁਆਨ ਨੂੰ ਅਪਣਾਉਣ ਲਈ ਰਾਜ਼ੀ ਹੋ ਗਏ ਹਨ। ਪਰ ਸਭ ਤੋਂ ਹੈਰਾਨੀਜਨਕ ਖ਼ਬਰ ਇਹ ਆਈ ਕਿ ਫਰਾਂਸ ਦੀ ਊਰਜਾ ਕੰਪਨੀ ਟੋਟਲ ਐਨਰਜੀਜ਼ ਨੇ ਚੀਨ ਦੇ ਨਾਲ ਆਪਣੇ ਕਾਰੋਬਾਰ ਦੌਰਾਨ ਯੁਆਨ ਵਿੱਚ ਆਪਣਾ ਪਹਿਲਾ ਭੁਗਤਾਨ ਕੀਤਾ। ਇਸ ਤਰ੍ਹਾਂ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਜਦੋਂ ਤੱਕ ਸਰਬਸੰਮਤੀ ਨਾਲ ਤਿਆਰ ਨਵੀਂ ਵਿਸ਼ਵ ਮੁਦਰਾ ਹੋਂਦ ਵਿੱਚ ਨਹੀਂ ਆਉਂਦੀ, ਉਦੋਂ ਤੱਕ ਦੁਨੀਆ ਦੇ ਕਈ ਦੇਸ਼ ਯੁਆਨ ਨੂੰ ਉਹੀ ਦਰਜਾ ਦੇਣ ਜਾ ਰਹੇ ਹਨ, ਜੋ ਹੁਣ ਤੱਕ ਡਾਲਰ ਨੂੰ ਦਿੱਤਾ ਜਾਂਦਾ ਰਿਹਾ ਹੈ।
ਇਸ ਦੌਰਾਨ, ਉਭਰਦੀਆਂ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ ਦਾ ਸਮੂਹ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ), ਆਪਣੀ ਖੁਦ ਦੀ ਮੁਦਰਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਰੁੱਝਿਆ ਹੋਇਆ ਹੈ। ਰੂਸ ਦੇ ਸੰਸਦ ਡਿਊਮਾ ਦੇ ਡਿਪਟੀ ਮੁਖੀ ਅਲੈਗਜ਼ੈਂਡਰ ਬਾਬਾਕੋਵ ਨੇ ਕਿਹਾ ਕਿ ‘‘ਬੁਨਿਆਦੀ ਤੌਰ ’ਤੇ ਇਕ ਬਿਲਕੁਲ ਵੱਖਰੀ ਮੁਦਰਾ’’ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਢਾਂਚੇ ਨੂੰ ਅਗਲੇ ਬ੍ਰਿਕਸ ਸੰਮੇਲਨ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਸਿਖਰ ਸੰਮੇਲਨ ਇਸ ਸਾਲ ਅਗਸਤ ਵਿਚ ਦੱਖਣੀ ਅਫਰੀਕਾ ਦੇ ਡਰਬਨ ਵਿਚ ਹੋਵੇਗਾ। ਇਹ ਸੰਭਵ ਹੈ ਕਿ ਇਸ ਪ੍ਰਸਤਾਵਿਤ ਮੁਦਰਾ ਦਾ ਮੁੱਲ ਸੋਨੇ ਅਤੇ ਹੋਰ ਕੀਮਤੀ ਖਣਿਜਾਂ ਦੇ ਸਾਂਝੇ ਮੁੱਲ ਨਾਲ ਜੋੜ ਦਿਤਾ ਜਾਵੇ – ਜਿਵੇਂ ਕਿ ਡਾਲਰ ਦਾ ਮੁੱਲ 1971 ਤੱਕ ਅਮਰੀਕੀ ਭੰਡਾਰਾਂ ਵਿੱਚ ਸੋਨੇ ਦੀ ਮਾਤਰਾ ਦੁਆਰਾ ਨਿਰਧਾਰਤ ਕੀਤਾ ਗਿਆ ਸੀ। ਉਸ ਪ੍ਰਣਾਲੀ ਨੂੰ ਗੋਲਡ ਸਟੈਂਡਰਡ ਕਿਹਾ ਜਾਂਦਾ ਸੀ। ਹਾਲਾਂਕਿ, ਇੱਥੇ ਅਸਲ ਮੁੱਦਾ ਇਹ ਨਹੀਂ ਹੈ ਕਿ ਕਿਹੜੀ ਮੁਦਰਾ ਅਪਣਾਈ ਜਾਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਡਾਲਰ ਤੋਂ ਛੁਟਕਾਰਾ ਪਾਉਣ ਦਾ ਵਰਤਾਰਾ ਦਿਨੋ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਵਰਤਾਰੇ ਨੂੰ ਗੋਲਡਮੈਨ ਸ਼ੈਕਸ ਗਰੁੱਪ ਦੇ ਸਾਬਕਾ ਅਰਥ ਸ਼ਾਸਤਰੀ ਜਿਮ ਓ’ਨੀਲ ਦੁਆਰਾ ਇੱਕ ਤਾਜ਼ਾ ਪੇਪਰ ਨੇ ਹੋਰ ਬਲ ਪ੍ਰਦਾਨ ਕੀਤਾ ਹੈ।
ਜਿਮ ਓ’ਨੀਲ ਨੇ ਸਭ ਤੋਂ ਪਹਿਲਾਂ ਕਿਸੇ ਵੇਲੇ ਕਿਹਾ ਸੀ ਕਿ ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ ਹੁਣ ਵਿਸ਼ਵ ਆਰਥਿਕਤਾ ਦੇ ਇੰਜਣ ਹੋਣਗੇ। ਹੁਣ ਉਸੇ ਜਿਮ ਓ’ਨੀਲ ਨੇ ਕਿਹਾ ਹੈ ਕਿ ਬ੍ਰਿਕਸ ਮੈਂਬਰ ਦੇਸ਼ਾਂ ਨੂੰ ਡਾਲਰ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ, ਕਿਉਂਕਿ ਡਾਲਰ ਦੀ ਕੀਮਤ ਅਸਲ ਵਿਚ ਇਸ ਤੋਂ ਕਿਤੇ ਵੱਧ ਬਣੀ ਹੋਈ ਹੈ। ਇਸ ਤੋਂ ਇਲਾਵਾ ਕਈ ਪ੍ਰਸਤਾਵ ਵੀ ਵਿਚਾਰ ਅਧੀਨ ਹਨ। ਅਰਥਸ਼ਾਸਤਰੀ ਜਿਨ੍ਹਾਂ ਨੇ ਇਸ ਪ੍ਰਕਿਰਿਆ ਦੀ ਵਿਆਖਿਆ ਕੀਤੀ ਹੈ ਉਨ੍ਹਾਂ ਵਿੱਚ ਕ੍ਰੈਡਿਟ ਸੂਇਸ ਬੈਂਕ ਦੇ ਇੱਕ ਅਰਥ ਸ਼ਾਸਤਰੀ ਜ਼ੋਲਟਾਨ ਸ਼ਾਮਲ ਹਨ। ਉਸਨੇ ਆਪਣੇ ਇੱਕ ਤਾਜ਼ਾ ਪੇਪਰ ਵਿੱਚ ਕਿਹਾ ਹੈ – ਅਸੀਂ ਇੱਕ ਨਵੀਂ ਮੁਦਰਾ ਵਿਸ਼ਵ ਵਿਵਸਥਾ ਨੂੰ ਜਨਮ ਲੈਂਦੇ ਦੇਖ ਰਹੇ ਹਾਂ। ਜਿਸ ਵਿੱਚ ਪੂਰਬ ਦੀਆਂ ਵਸਤੂ-ਆਧਾਰਿਤ ਮੁਦਰਾਵਾਂ ਯੂਰੋ-ਡਾਲਰ ਪ੍ਰਣਾਲੀ ਨੂੰ ਕਮਜ਼ੋਰ ਕਰਨਗੀਆਂ ਅਤੇ ਨਤੀਜੇ ਵਜੋਂ ਪੱਛਮ ਵਿੱਚ ਉੱਚ ਦਰ ਦੀ ਮਹਿੰਗਾਈ ਹੋਵੇਗੀ। ਦਰਅਸਲ, ਇਹ ਲੰਬੇ ਸਮੇਂ ਤੋਂ ਸਪੱਸ਼ਟ ਹੋ ਰਿਹਾ ਸੀ ਕਿ ਡਾਲਰ ਦੀ ਸਰਵਉੱਚਤਾ ਟਿਕਾਊ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਬਹੁ-ਮੁਦਰਾਵਾਂ ਵਿੱਚ ਵਪਾਰ ਕਰੇਗਾ। ।
ਸੋ ਡਾਲਰ ਦਾ ਬੇਮਿਸਾਲ ਸਨਮਾਨ ਹੁਣ ਖਤਮ ਹੋਣ ਵਾਲਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਅਮਰੀਕਾ ਨੂੰ ਵੀ ਆਪਣੇ ਹਰ ਖਰਚੇ ਦਾ ਹਿਸਾਬ ਉਸੇ ਤਰ੍ਹਾਂ ਰੱਖਣਾ ਪਵੇਗਾ, ਜਿਸ ਤਰ੍ਹਾਂ ਹੁਣ ਦੂਜੇ ਦੇਸ਼ਾਂ ਨੂੰ ਰੱਖਣਾ ਪੈਂਦਾ ਹੈ। ਫਿਰ ਇਹ ਸੰਭਵ ਨਹੀਂ ਹੋਵੇਗਾ ਕਿ ਉਹ ਯੂਕਰੇਨ ਵਰਗੇ ਦੇਸ ਨੂੰ ਅਰਬਾਂ ਜਾਂ ਖਰਬਾਂ ਡਾਲਰਾਂ ਦੀ ਸਹਾਇਤਾ ਦਿੰਦਾ ਰਹੇ। ਦੁਨੀਆ ਦੇ ਲਗਭਗ 80 ਦੇਸ਼ਾਂ ਵਿੱਚ ਅਮਰੀਕਾ ਦੇ ਕਰੀਬ 750 ਫੌਜੀ ਅੱਡੇ ਹਨ। ਹੁਣ ਅਮਰੀਕਾ ਡਾਲਰ ਛਾਪ ਕੇ ਉਨ੍ਹਾਂ ਮੁਲਕਾਂ ਨੂੰ ਭੇਜਦਾ ਰਿਹਾ ਹੈ ਤਾਂ ਜੋ ਉਨ੍ਹਾਂ ਠਿਕਾਣਿਆਂ ਦੇ ਖਰਚੇ ਪੂਰੇ ਕੀਤੇ ਜਾ ਸਕਣ। ਉਹ ਦੇਸ਼ ਖਰਚ ਆਪਣੀ ਮੁਦਰਾ ਵਿੱਚ ਕਰਦੇ ਹਨ, ਜਦੋਂ ਕਿ ਡਾਲਰ ਦਾ ਵਾਪਸ ਨਿਵੇਸ਼ ਅਮਰੀਕੀ ਟਰੇਜਰੀ ਬਿੱਲ ਜਾਂ ਬਾਂਡਾਂ ਵਿੱਚ ਮੁੜ ਨਿਵੇਸ਼ ਕਰਦੇ ਹਨ। ਇਸ ਤਰ੍ਹਾਂ ਅਮਰੀਕਾ ਵਿਹਾਰ ਵਿਚ ਬਿਨਾਂ ਕੋਈ ਖਰਚ ਕੀਤੇ ਉਨ੍ਹਾਂ ਅੱਡਿਆਂ ਨੂੰ ਕਾਇਮ ਰੱਖਣ ਦੇ ਸਮਰਥ ਰਿਹਾ ਹੈ। ਪਰ ਹੁਣ ਅੱਗੇ ਇਹ ਮੁਸ਼ਕਲ ਹੋਵੇਗਾ।
ਇਹ ਸਾਰਾ ਘਟਨਾਕ੍ਰਮ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਅਮਰੀਕੀ ਅਰਥਚਾਰਾ ਮਹਿੰਗਾਈ, ਘਰੇਲੂ ਖਪਤਕਾਰਾਂ ’ਤੇ ਵਿਆਜ ਦਰਾਂ ਵਧਣ ਦਾ ਅਸਰ ਅਤੇ ਹੁਣ ਬੈਂਕਿੰਗ ਸੰਕਟ ਕਾਰਨ ਕਰੰਸੀ ’ਤੇ ਦਬਾਅ ਕਾਰਨ ਸੰਕਟ ਵਿਚ ਘਿਰਿਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਡਾਲਰ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਵੀ ਡੂੰਘੀਆਂ ਹੋ ਗਈਆਂ ਹਨ। ਇਹ ਉਹ ਸੰਦਰਭ ਹੈ ਜਿਸ ਵਿਚ ਫਰੀਦ ਜ਼ਕਰੀਆ ਤੋਂ ਲੈ ਕੇ ਫੌਕਸ ਨਿਊਜ਼ ਅਤੇ ਰੁਚਿਰ ਸ਼ਰਮਾ ਤੱਕ ਹਰ ਕੋਈ ਅਮਰੀਕਾ ਦੇ ਸੁਪਰਪਾਵਰ ਰੁਤਬੇ ਦੇ ਅੰਤ ਦੀ ਉਮੀਦ ਕਰ ਰਿਹਾ ਹੈ। ਫਰੀਦ ਜ਼ਕਰੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ (ਅਮਰੀਕਾ ਦਾ ਫੌਜੀ ਅਤੇ ਆਰਥਿਕ ਮਹਾਂਸ਼ਕਤੀ ਦਾ ਰੁਤਬਾ ਖਤਮ ਹੋਣ ਤੋਂ ਬਾਅਦ) ਹੁਣ ਅਮਰੀਕਾ ਦੀ ਵਿਸ਼ਵ ਸਰਵਉੱਚਤਾ ਦਾ ਇੱਕੋ ਇੱਕ ਆਧਾਰ ਡਾਲਰ ਦਾ ਰੁਤਬਾ ਹੈ। ਪਰ ਹੁਣ ਉਸਦੇ ਟੁੱਟਣ ਦੇ ਸੰਕੇਤ ਮਿਲ ਰਹੇ ਹਨ। ਇਹ ਘਟਨਾ ਕਰਮ ਅਮਰੀਕਾ ਅਤੇ ਪੱਛਮ ਲਈ ਚਿੰਤਾ ਦਾ ਵਿਸ਼ਾ ਹੈ। ਪਰ ਬਾਕੀ ਦੁਨੀਆਂ ਲਈ, ਇਹ ਇੱਕ ਖਾਸ ਮੌਕਾ ਹੈ।
-ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
Comment here