ਅਪਰਾਧਸਿਆਸਤਖਬਰਾਂ

ਪਾਕਿ ‘ਚ 70 ਫੀਸਦੀ ਆਟਾ ਮਿੱਲਾਂ ਨੇ ਕੰਮ ਬੰਦ ਕੀਤਾ

ਇਸਲਾਮਾਬਾਦ-ਪਾਕਿਸਤਾਨ ਸਥਿਤ ਏਆਰਵਾਈ ਨਿਊਜ਼ ਨੇ ਇਕ ਰਿਪੋਰਟ ਵਿਚ ਜਾਣਕਾਰੀ ਦਿੰਦੇ ਦੱਸਿਆ ਕਿ ਪਾਕਿਸਤਾਨ ਦੀ ‘ਆਟਾ ਮਿੱਲ ਐਸੋਸੀਏਸ਼ਨ’ ਨੇ ਸਾਰੀਆਂ ਮਿੱਲਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਆਟਾ ਮਿੱਲ ਐਸੋਸੀਏਸ਼ਨ ਦੇ ਚੇਅਰਮੈਨ ਚੌਧਰੀ ਆਮਿਰ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਆਟਾ ਮਿੱਲਾਂ ਵੀਰਵਾਰ ਨੂੰ ਸ਼ਾਮ 7 ਵਜੇ ਤੋਂ ਹੜਤਾਲ ‘ਤੇ ਜਾਣ ਲਈ ਮਜਬੂਰ ਹੋਣਗੀਆਂ ਕਿਉਂਕਿ ਖੁਰਾਕ ਵਿਭਾਗ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਿੰਧ ਦੇ ਅੰਦਰੋਂ ਕਰਾਚੀ ਤੱਕ ਕਣਕ ਦੀ ਆਮਦ ‘ਤੇ ਰੋਕ ਲੱਗਣ ਕਾਰਨ ਮਿੱਲਾਂ ਹੜਤਾਲ ‘ਤੇ ਗਈਆਂ ਸਨ, ਉਸ ਸਮੇਂ ਸੂਬਾਈ ਖੁਰਾਕ ਮੰਤਰੀ ਨੇ ਕਣਕ ਦੀਆਂ 50 ਲੱਖ ਬੋਰੀਆਂ ਦੇਣ ਦਾ ਵਾਅਦਾ ਕੀਤਾ ਸੀ। ਉਹ ਕਰਾਚੀ ਦੀਆਂ ਮਿੱਲਾਂ ਲਈ ਦੋ ਮਹੀਨਿਆਂ ਲਈ ਕਾਫੀ ਸਨ। ਏਆਰਵਾਈ ਨਿਊਜ਼ ਦੇ ਅਨੁਸਾਰ ਇਸ ਭਰੋਸੇ ‘ਤੇ ਆਟਾ ਮਿੱਲਾਂ ਨੇ ਹੜਤਾਲ ਖ਼ਤਮ ਕਰ ਦਿੱਤੀ। ਆਮਿਰ ਨੇ ਕਿਹਾ ਕਿ ਮਿੱਲਾਂ ਨੂੰ 30 ਅਪ੍ਰੈਲ ਤੱਕ 9 ਲੱਖ ਬੋਰੀਆਂ ਅਤੇ 10 ਮਈ ਤੱਕ ਕਣਕ ਦੀਆਂ 11 ਲੱਖ ਬੋਰੀਆਂ ਮਿਲਣੀਆਂ ਸਨ ਪਰ ਖੁਰਾਕ ਵਿਭਾਗ ਨੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਅੱਜ ਤੱਕ ਉਨ੍ਹਾਂ ਨੂੰ ਸਿਰਫ਼ ਚਾਰ ਲੱਖ ਬੋਰੀਆਂ ਹੀ ਮਿਲੀਆਂ ਹਨ। ਫਲੋਰ ਮਿੱਲ ਐਸੋਸੀਏਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਇਸ ਸਥਿਤੀ ਕਾਰਨ ਕਰਾਚੀ ਦੀਆਂ 70 ਫੀਸਦੀ ਆਟਾ ਮਿੱਲਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਹੋਰ ਆਟਾ ਮਿੱਲਾਂ ਬੰਦ ਹੋਣ ਜਾ ਰਹੀਆਂ ਹਨ। ਸ਼ਹਿਰ ਵਿੱਚ ਆਟੇ ਦਾ ਭਾਰੀ ਸੰਕਟ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੀਰਵਾਰ ਸ਼ਾਮ 7 ਵਜੇ ਤੋਂ ਆਟਾ ਮਿੱਲਾਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਇਹ ਬੰਦ ਅਣਮਿੱਥੇ ਸਮੇਂ ਲਈ ਚੱਲੇਗਾ।

Comment here