ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ CBI ਵੱਲੋਂ ਪੁੱਛਗਿੱਛ ਲਈ ਸੱਦਿਆ ਗਿਆ ਹੈ । ਜਿਸ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ ਨੂੰ ਲੰਮੇ ਹੱਥੀਂ ਲਿਆਂ।ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਵਿੱਚ ਭਾਜਪਾ ਦਾ ਤਾਨਾਸ਼ਾਹੀ ਰਵੱਈਆ ਦੇਸ਼ ਦੇ ਲੋਕਾਂ ਦੇ ਸਾਹਮਣੇ ਹੈ। ਦੇਸ਼ ‘ਚ ਸਿਰਫ਼ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸ ਨੂੰ ਸਿਆਸਤ ‘ਚ ਆਏ ਸਿਰਫ਼ 10 ਸਾਲ ਹੋਏ ਹਨ। ਇਨ੍ਹਾਂ 10 ਸਾਲਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਦਿੱਲੀ ਅਤੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਗੁਜਰਾਤ ‘ਚ ਪਹਿਲੀ ਵਾਰ ਚੋਣ ਲੜੀ ਹੈ ਤੇ ਉੱਥੇ ‘ਆਪ’ ਨੂੰ 13 ਫ਼ੀਸਦੀ ਵੋਟ ਮਿਲੀ ਹੈ ਅਤੇ ਗੋਆ ‘ਚ ‘ਆਪ’ ਦੇ ਦੋ ਵਿਧਾਇਕ ਹਨ।
ਇਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ‘ਚ ਜਿੱਥੇ ਵੀ ਚੋਣਾਂ ਲੜਦੀ ਹੈ, ਉੱਥੇ-ਉੱਥੇ ਉਸ ਦਾ ਜਨਾਧਾਰ ਲਗਾਤਾਰ ਵਧਦਾ ਹੈ। ‘ਆਪ’ ਇਕਲੌਤੀ ਅਜਿਹੀ ਪਾਰਟੀ ਹੈ, ਜਿਸ ਨੇ 10 ਸਾਲਾਂ ‘ਚ ਹੀ ਨੈਸ਼ਨਲ ਪਾਰਟੀ ਹੋਣ ਦਾ ਦਰਜਾ ਹਾਸਲ ਕੀਤਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਹਰ ਵਿਅਕਤੀ ਪਸੰਦ ਕਰਦਾ ਹੈ। ਚੀਮਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ 70 ਸਾਲ ਤੱਕ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਪਰ ਅਰਵਿੰਦ ਕੇਜਰੀਵਾਲ ਚੰਗਾ ਇਲਾਜ ਤੇ ਸਿੱਖਿਆ ਦੇਣ ਦੀ ਗੱਲ ਕਰਦੇ ਹਨ। ਇਸ ਲਈ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ਦਾ ਤਾਨਾਸ਼ਾਹੀ ਰਵੱਈਆ ਲੋਕਾਂ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ਸ਼ਰਾਬ ਘੁਟਾਲੇ ਮਾਮਲੇ ‘ਚ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਜੇਲ੍ਹ ਅੰਦਰ ਰੱਖਿਆ ਗਿਆ ਹੈ ਅਤੇ ਸਿਸੋਦੀਆ ਉਹ ਵਿਅਕਤੀ ਹਨ, ਜਿਨ੍ਹਾਂ ਨੂੰ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ ਅਤੇ ਉਨ੍ਹਾਂ ਨੇ ਦਿੱਲੀ ‘ਚ ਸਕੂਲ ਆਫ਼ ਐਮੀਨੇਂਸ ਬਣਾਏ ਹਨ ਤੇ ਚੰਗੀ ਸਿੱਖਿਆ ਦਿੱਤੀ ਹੈ। ਇਸ ਤੋਂ ਇਲਾਵਾ ਸਤਿੰਦਰ ਜੈਨ , ਜਿਨ੍ਹਾਂ ਨੇ ਮਹੁੱਲਾ ਕਲੀਨਿਕਾਂ ਬਣਾਏ ਹਨ, ਉਨ੍ਹਾਂ ਨਾਲ ਵੀ ਅਜਿਹਾ ਹੀ ਕੀਤਾ ਗਿਆ। ਭਾਜਪਾ ਨੇ ਲੋਕਾਂ ਦਾ ਭਲਾ ਕਰਨ ਵਾਲੇ ਵਿਅਕਤੀਆਂ ਨੂੰ ਜੇਲ੍ਹ ‘ਚ ਬੰਦ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਦੇਸ਼ ਨੂੰ ਲੁੱਟਣ ਵਾਲੇ ਅਡਾਨੀ ਤੇ ਅੰਬਾਨੀ ਨੂੰ ਐਸ਼ ਕਰ ਰਹੇ ਹਨ।
ਚੀਮਾ ਨੇ ਭਾਜਪਾ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ‘ਚ ਭ੍ਰਿਸ਼ਟਾਚਾਰ ਸਿਖਰਾਂ ‘ਤੇ ਪਹੁੰਚਿਆ ਹੋਇਆ ਹੈ ਤੇ ਅੱਜ ਈ. ਡੀ. ਤੇ ਸੀ. ਬੀ. ਆਈ. ਦਾ ਦੁਰਵਰਤੋਂ ਸਿਰਫ਼ ਵਿਰੋਧੀ ਪਾਰਟੀਆਂ ‘ਤੇ ਕੀਤੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਭਾਜਪਾ ਵੱਲੋਂ ਜੇਲ੍ਹ ਭੇਜਿਆ ਜਾ ਰਿਹਾ ਹੈ ਪਰ ਅਰਵਿੰਦ ਕੇਜਰੀਵਾਲ ਕੱਟੜ ਈਮਾਨਦਾਰ ਹਨ ਤੇ ਉਨ੍ਹਾਂ ਨੇ ਸੀ. ਬੀ. ਆਈ. ਵੱਲੋਂ ਤਲਬ ਕੀਤੇ ਜਾਣ ‘ਤੇ ਬਿਨਾਂ ਬਹਾਨਾ ਬਣਾਏ ਕਿਹਾ ਕਿ ਮੈਂ ਪੁੱਛਗਿੱਛ ‘ਚ ਸ਼ਾਮਲ ਹੋਣ ਜ਼ਰੂਰ ਜਾਵਾਂਗਾ। ਮੰਤਰੀ ਨੇ ਕਿਹਾ ਸਾਡਾ ਹੱਕ ਹੈ ਪ੍ਰਦਰਸ਼ਨ ਕਰਨਾ ਪਰ ਅੱਜ ‘ਆਪ’ ਵੱਲੋਂ ਪ੍ਰਦਰਸ਼ਨ ਦੌਰਾਨ ਸਾਡੇ ਕੋਲੋਂ ਇਹ ਹੱਕ ਵੀ ਖੋਹਿਆ ਗਿਆ। ਅੱਜ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਪ੍ਰਦਰਸ਼ਨ ਲਈ ਦਿੱਲੀ ਗਏ ਤੇ ਸ਼ੰਭੂ ਬਾਰਡਰ, ਜਿੱਥੇ ਪ੍ਰਦਰਸ਼ਨ ਕਰਕੇ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸਨ, ਅੱਜ ਉੱਥੇ ਹੀ ਭਾਜਪਾ ਦਾ ਤਾਨਾਸ਼ਾਹੀ ਰੂਪ ਦੇਖਣ ਨੂੰ ਮਿਲਿਆ।
ਭਾਜਪਾ ਦਾ ਤਾਨਾਸ਼ਾਹੀ ਰਵੱਈਆ ਲੋਕਾਂ ਦੇ ਸਾਹਮਣੇ ਹੈ: ਚੀਮਾ

Comment here