ਚੰਡੀਗੜ੍ਹ-ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਿਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਮੋਹਾਲੀ ਸਰਹੱਦ ‘ਤੇ ਕੌਮੀ ਇਨਸਾਫ਼ ਮੋਰਚਾ ਲਾਇਆ ਹੋਇਆ ਹੈ, ਉਥੇ ਹੀ ਐਂਟੀ ਟੈਰਰਿਸਟ ਫਰੰਟ ਆਫ਼ ਇੰਡੀਆ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਇੱਕ ਬਿਆਨ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਮਸਲੇ ਨੂੰ ਹੋਰ ਭਖਾ ਦਿੱਤਾ ਹੈ। ਬਿੱਟਾ ਨੇ ਬੰਦੀ ਸਿੰਘਾਂ ਨੂੰ ਬਿਆਨ ਵਿੱਚ ਮੌਤ ਦਾ ਸੌਦਾਗਰ ਕਿਹਾ ਹੈ। ਬਿੱਟਾ ਨੇ ਕਿਹਾ ਕਿ ਇਨ੍ਹਾਂ ਨੂੰ ਬੰਦੀ ਸਿੱਖ ਨਹੀਂ ਕਹਿਣਾ ਚਾਹੀਦਾ, ਸਗੋਂ ਇਹ ਬੇਗੁਨਾਹਾਂ ਦੇ ਕਾਤਲ ਹਨ ਅਤੇ ਮੌਤ ਦੇ ਸੌਦਾਗਰ ਹਨ। ਉਨ੍ਹਾਂ ਕਿਹਾ ਕਿ ਕੀ ਬੰਦੀ ਸਿੰਘਾਂ ਨੇ ਹਜ਼ਾਰਾਂ ਬੇਗੁਨਾਹਾਂ ਦਾ ਕਤਲੇਆਮ ਨਹੀਂ ਕੀਤਾ, ਕੀ ਗੁਰੂ ਮਰਿਆਦਾ ਦੇ ਉਲਟ ਮਜਲੂਮਾਂ ਨੂੰ ਨਹੀਂ ਮਾਰਿਆ, ਇਨ੍ਹਾਂ ਸਵਾਲਾਂ ਦੇ ਪਹਿਲਾਂ ਜਵਾਬ ਦੇਣੇ ਚਾਹੀਦੇ ਹਨ।
ਬਿੱਟਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਕੌਮ ਮਜਲੂਮਾਂ ਦੀ ਰੱਖਿਆ ਲਈ ਕਾਇਮ ਕੀਤੀ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਕਸ਼ਮੀਰੀ ਪੰਡਤਾਂ ਲਈ ਆਪਣਾ ਸੀਸ ਵਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਜਦੋਂ ਜੀਅ ਕਰਦਾ ਹੈ ਤਲਵਾਰਾਂ ਕੱਢ ਲੈਂਦੇ ਹਨ ਅਤੇ ਧਰਨੇ ਲਾ ਦਿੰਦੇ ਹਨ, ਜਿਸ ਬਾਰੇ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਨੇ ਕਿਹੜੀ ਬਹਾਦਰੀ ਦਾ ਕੰਮ ਕੀਤਾ ਹੈ।
ਦੱਸ ਦੇਈਏ ਕਿ ਬੀਤੇ ਦਿਨ ਕੌਮੀ ਇਨਸਾਫ਼ ਮੋਰਚੇ ਅਤੇ ਪੁਲਿਸ ਵਿਚਕਾਰ ਲਾਠੀਆਂ ਡੰਡੇ ਵੀ ਖੂਬ ਚੱਲੇ ਸਨ ਅਤੇ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੋ ਗਿਆ ਸੀ। ਪੁਲਿਸ ਨੇ ਉਸ ਤੋਂ ਬਾਅਦ ਹੁਣ ਸੁਰੱਖਿਆ ਇੰਤਜ਼ਾਮ ਪੂਰੀ ਤਰ੍ਹਾਂ ਚੌਕਸ ਕਰ ਦਿੱਤੇ ਹਨ ਅਤੇ ਸਖਤੀ ਵਧਾ ਦਿੱਤੀ ਹੈ। ਕੌਮੀ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਸਜ਼ਾਵਾਂ ਤੋਂ ਉਪਰ ਜੇਲ੍ਹ ਕੱਟਦਿਆਂ ਕਈ ਸਾਲ ਹੋ ਗਏ ਹਨ, ਜਿਸ ਲਈ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਇਹ ਬੰਦੀ ਸਿੱਖ ਨਹੀਂ, ਮੌਤ ਦੇ ਸੌਦਾਗਰ ਹਨ : ਬਿੱਟਾ

Comment here