ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਦੁਕਾਨ ‘ਚ ਗੱਭਰੂ ਦਾ ਕਤਲ

ਵਿਦੇਸ਼ ‘ਵਿਚ ਬੈਠੇ ਗੈਂਗਸਟਰ ਲੰਡਾ ਨੇ ਕੁਝ ਮਹੀਨੇ ਪਹਿਲਾਂ ਮੰਗੀ ਸੀ ਫਿਰੌਤੀ
ਤਰਨ ਤਾਰਨ-ਇਥੋਂ ਦੇ ਨਜ਼ਦੀਕ ਪਿੰਡ ਅਲਾਦੀਨਪੁਰ ਵਿਖੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਦੀ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਕਾਤਲ ਨੌਜਵਾਨ ਨੂੰ ਉਸ ਸਮੇਂ ਤੱਕ ਗੋਲੀਆਂ ਮਾਰਦੇ ਰਹੇ, ਜਦ ਤੱਕ ਉਸ ਦੇ ਪ੍ਰਾਣ ਨਹੀਂ ਨਿਕਲ ਗਏ ।ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ ‘ਤੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ । ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐੱਸ.ਪੀ. ਵਿਸ਼ਾਲਜੀਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ।ਅਜਾਇਬ ਸਿੰਘ ਵਾਸੀ ਰਸੂਲਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਜੰਟ ਸਿੰਘ ਪਿਛਲੇ ਕੁਝ ਸਮੇਂ ਤੋਂ ਪਿੰਡ ਅਲਾਦੀਨਪੁਰ ਵਿਖੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਕਰ ਰਿਹਾ ਸੀ । ਸ਼ਾਮ ਨੂੰ ਜਦ ਗੁਰਜੰਟ ਸਿੰਘ ਦੁਕਾਨ ‘ਤੇ ਸੀ ਤਾਂ ਉੱਥੇ ਦੋ ਨੌਜਵਾਨ ਕੱਪੜਾ ਲੈਣ ਦੇ ਬਹਾਨੇ ਅੰਦਰ ਆਏ ਅਤੇ ਕੱਪੜੇ ਦੇਖਣ ਲੱਗ ਪਏ ।ਇਸੇ ਦੌਰਾਨ ਦੋਵਾਂ ਵਿਚੋਂ ਇਕ ਨੌਜਵਾਨ ਨੇ ਉਸ ਦੇ ਲੜਕੇ ‘ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਹਮਲਾਵਰ ਦੇ ਨਾਲ ਆਇਆ ਦੂਸਰਾ ਨੌਜਵਾਨ ਵੀ ਆਪਣੇ ਰਿਵਾਲਵਰ ਨਾਲ ਗੁਰਜੰਟ ਸਿੰਘ ‘ਤੇ ਗੋਲੀਆਂ ਚਲਾਉਣ ਲੱਗ ਪਿਆ ।ਗੁਰਜੰਟ ਸਿੰਘ ਦੇ ਸਰੀਰ ‘ਤੇ ਕਰੀਬ 1 ਦਰਜਨ ਗੋਲੀਆਂ ਲੱਗੀਆਂ । ਗੰਭੀਰ ਜ਼ਖ਼ਮੀ ਹਾਲਤ ਵਿਚ ਗੁਰਜੰਟ ਸਿੰਘ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ । ਸੂਤਰਾਂ ਅਨੁਸਾਰ ਇਸ ਪਰਿਵਾਰ ਪਾਸੋਂ ਵਿਦੇਸ਼ ਵਿਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਵਲੋਂ ਕੁਝ ਮਹੀਨੇ ਪਹਿਲਾਂ ਫਿਰੌਤੀ ਦੀ ਵੀ ਮੰਗ ਕੀਤੀ ਗਈ ਸੀ | ਇਸ ਸੰਬੰਧ ਵਿਚ ਐਸ.ਐਸ.ਪੀ. ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦਾ ਪਰਿਵਾਰਕ ਝਗੜਾ ਹੈ, ਜਿਸ ਵਿਚ ਅਰਸ਼ਦੀਪ ਸਿੰਘ ਨਾਮਕ ਨੌਜਵਾਨ ਦਾ ਨਾਂਅ ਸਾਹਮਣੇ ਆਇਆ ਹੈ ਅਤੇ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ । ਹਮਲਾਵਰਾਂ ਵਿਚ ਅਜਮੀਤ ਸਿੰਘ ਵਾਸੀ ਨੌਸ਼ਹਿਰਾ ਪੰਨੂੰਆਂ ਅਤੇ ਗੁਰਕੀਰਤ ਸਿੰਘ ਵਾਸੀ ਸ਼ੇਰੋਂ ਸ਼ਾਮਿਲ ਹਨ । ਅਰਸ਼ਦੀਪ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਸਪੈਸ਼ਲ ਸੈੱਲ ਵਲੋਂ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਿਸ ਨੂੰ ਪ੍ਰੋਟੈਕਸ਼ਨ ਵਾਰੰਟ ‘ਤੇ ਲਿਆ ਕੇ ਇਸ ਮਾਮਲੇ ਤੋਂ ਪਰਦਾ ਚੁੱਕਿਆ ਜਾਵੇਗਾ । ਇਸ ਵਾਰਦਾਤ ਦੀ ਜਿ਼ਮੇਵਾਰੀ ਸੋਸ਼ਲ ਮੀਡੀਆ ਜ਼ਰੀਏ ਗੈਂਗਸਟਰ ਲੰਡਾ ਨੇ ਲਈ ਹੈ ਤੇ ਗੁਰਜੰਟ ਸਿੰਘ ਨੂੰ ੰਪੁਲਸ ਦਾ ਦਲਾਲ ਕਿਹਾ ਹੈ।

Comment here