ਮਾਮਲਾ 1984 ਸਿੱਖ ਕਤਲੇਆਮ ਦਾ
ਕਾਨਪੁਰ (ਯੂ. ਪੀ.)-1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉਸ ਭੀੜ ਦਾ ਹਿੱਸਾ ਸਨ, ਜਿਸ ਨੇ ਹਿੰਸਾ ਦੌਰਾਨ ਇਕ ਘਰ ਨੂੰ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਉਥੇ 127 ਲੋਕਾਂ ਦੀ ਮੌਤ ਹੋ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰਵੀ ਸ਼ੰਕਰ ਮਿਸ਼ਰਾ (76), ਭੋਲਾ ਕਸ਼ਯਪ (70), ਜਸਵੰਤ ਜਾਟਵ (68), ਰਮੇਸ਼ ਚੰਦਰ ਦੀਕਸ਼ਿਤ (62) ਅਤੇ ਗੰਗਾ ਬਖਸ਼ ਸਿੰਘ (60) ਵਾਸੀ ਕਿਦਵਈ ਨਗਰ ਵਜੋਂ ਹੋਈ ਹੈ। ਐਸ.ਆਈ.ਟੀ. ਦੀ ਅਗਵਾਈ ਕਰ ਰਹੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਬਲੇਂਦੂ ਭੂਸ਼ਣ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ 1984 ‘ਚ ਗੁਰਦਿਆਲ ਸਿੰਘ ਦੇ ਘਰ ਨੂੰ ਅੱਗ ਲਾਉਣ ਲਈ ਦੋ ਬੱਸਾਂ ਵਿਚ ਭੀੜ ਨਾਲ ਨਿਰਾਲਾ ਨਗਰ ਗਏ ਸਨ। ਗੁਰਦਿਆਲ ਦੇ ਘਰ ‘ਵਿਚ 12 ਪਰਿਵਾਰ ਕਿਰਾਏਦਾਰ ਵਜੋਂ ਰਹਿੰਦੇ ਸਨ ਅਤੇ ਹਮਲੇ ਦੌਰਾਨ ਤਿੰਨ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਡੀ.ਆਈ.ਜੀ. ਨੇ ਦੱਸਿਆ ਕਿ ਦੋਸ਼ੀਆਂ ਨੂੰ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ‘ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 326 (ਖ਼ਤਰਨਾਕ ਹਥਿਆਰਾਂ ਜਾਂ ਸਾਧਨਾਂ ਨਾਲ ਸਵੈ-ਇੱਛਾ ਨਾਲ ਗੰਭੀਰ ਨੁਕਸਾਨ ਪਹੁੰਚਾਉਣਾ), 396 (ਕਤਲ ਨਾਲ ਡਕੈਤੀ) ਅਤੇ 436 (ਘਰ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਅੱਗ ਜਾਂ ਵਿਸਫੋਟਕ ਪਦਾਰਥ ਦੁਆਰਾ ਸ਼ਰਾਰਤ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀ.ਆਈ.ਜੀ. ਨੇ ਮੁਲਜ਼ਮਾਂ ਨੂੰ ਫੜਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ 17 ਮੈਂਬਰੀ ਪੁਲਿਸ ਟੀਮ ਦੀ ਸ਼ਲਾਘਾ ਕੀਤੀ ਤੇ ਇਸ ਲਈ 25,000 ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਡੀ.ਆਈ.ਜੀ. ਨੇ ਕਿਹਾ ਕਿ ਸਾਰੇ ਫ਼ਰਾਰ ਲੋਕਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਐਸ.ਆਈ.ਟੀ. ਨੇ ਘਾਟਮਪੁਰ ਤੋਂ ਚਾਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ 15 ਜੂਨ ਨੂੰ ਉਕਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਐਸ.ਆਈ.ਟੀ. ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਡੀ.ਆਈ.ਜੀ. ਨੇ ਦੱਸਿਆ ਕਿ ਅਸੀਂ ਦਿੱਲੀ, ਪੰਜਾਬ ਅਤੇ ਰਾਜਸਥਾਨ ‘ਚ ਵਸੇ ਗਵਾਹਾਂ ਤੋਂ ਤੱਥਾਂ ਦੀ ਪੜਚੋਲ ਕਰਕੇ 96 ਪ੍ਰਮੁੱਖ ਸ਼ੱਕੀਆਂ ਦੀ ਪਛਾਣ ਕਰਨ ਤੋਂ ਬਾਅਦ 11 ਮਾਮਲਿਆਂ ਦੀ ਜਾਂਚ ਕਰ ਰਹੇ ਹਾਂ, ਜਿਸ ਦੌਰਾਨ ਪਾਇਆ ਗਿਆ ਕਿ 22 ਲੋਕਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਿੱਖ ਅੰਗ ਰੱਖਿਅਕਾਂ ਵਲੋਂ ਕੀਤੀ ਗਈ ਹੱਤਿਆ ਤੋਂ ਬਾਅਦ ਹੋਈ ਹਿੰਸਾ ਦੇ ਸੰਬੰਧ ‘ਵਿਚ ਹੁਣ ਤੱਕ ਐਸ.ਆਈ.ਟੀ. ਨੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਤਲੇਆਮ ਨਾਲ ਸੰਬੰਧਿਤ ਮਾਮਲਿਆਂ ਦੀ ਮੁੜ ਜਾਂਚ ਲਈ ਤਿੰਨ ਸਾਲ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਵਲੋਂ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਸੀ।
ਯੋਗੀ ਸਰਕਾਰ ਤੋਂ ਕਤਲੇਆਮ ਪੀੜਤਾਂ ਨੂੰ ਹੈ ਨਿਆਂ ਦੀ ਆਸ
ਨਵੰਬਰ, 1984 ’ਚ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਮਾਰੇ ਗਏ 127 ਸਿੱਖਾਂ ਦੇ ਕਾਤਲਾਂ ਨੂੰ ਫੜਨ ਲਈ ਸੂਬੇ ਦੀ ਐੱਸ. ਆਈ. ਟੀ. ਨੇ ਫੜੋ-ਫੜੀ ਤੇਜ਼ ਕਰ ਦਿੱਤੀ ਹੈ। 2017 ’ਚ ਸੁਪਰੀਮ ਕੋਰਟ ’ਚ ਦਾਇਰ ਕੀਤੀ ਗਈ ਲੋਕਹਿੱਤ ਪਟੀਸ਼ਨ ’ਚ ਇਕ ਆਰ. ਟੀ. ਆਈ. ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਯੂ. ਪੀ. ਦੇ ਕਾਨਪੁਰ ’ਚ ਹੋਏ 1984 ਦੇ ਸਿੱਖ ਵਿਰੋਧੀ ਦੰਗਿਆਂ ’ਚ 127 ਸਿੱਖਾਂ ਦੇ ਮਾਰੇ ਜਾਣ ਦਾ ਅਧਿਕਾਰਤ ਰਿਕਾਰਡ ਹੈ ਅਤੇ ਇਸ ਮਾਮਲੇ ’ਚ ਕਈ ਐੱਫ. ਆਈ. ਆਰਜ਼ ਵੀ ਦਰਜ ਹੋਈਆਂ ਹਨ। ਇੰਨੇ ਸਾਲਾਂ ਬਾਅਦ ਵੀ ਇਕ ਵੀ ਦੋਸ਼ੀ ਨਹੀਂ ਫੜਿਆ ਗਿਆ। ਇਸ ਲਈ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਯੂ. ਪੀ. ਪੁਲਸ ਦੀ ਐੱਸ. ਆਈ. ਟੀ. ਬਣਾਈ ਜਾਵੇ ਜਾਂ ਇਨ੍ਹਾਂ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ। ਇਸ ਮੰਗ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀਨ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ ਨੇ ਸਾਂਝੇ ਤੌਰ ’ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿਸ ’ਤੇ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਪੁਲਸ ਨੂੰ ਐੱਸ. ਆਈ. ਟੀ. ਬਣਾਉਣ ਦਾ ਹੁਕਮ ਦਿੱਤਾ ਸੀ। ਯੋਗੀ ਆਦਿੱਤਿਆਨਾਥ ਨੇ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਲਈ 6 ਮਹੀਨਿਆਂ ਦਾ ਸਮਾਂ ਦੇ ਕੇ 5 ਫਰਵਰੀ, 2019 ਨੂੰ ਐੱਸ. ਆਈ. ਟੀ. ਬਣਾਈ ਸੀ, ਜਿਸ ਵੱਲੋਂ ਕੀਤੀ ਗਈ ਪੜਤਾਲ ਦੇ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਸ ਮਾਮਲੇ ’ਚ ਕਈ ਗਵਾਹ ਕਾਨਪੁਰ ਛੱਡ ਕੇ ਜਾ ਚੁੱਕੇ ਹਨ ਅਤੇ ਪੰਜਾਬ ’ਚ ਰਹਿੰਦੇ ਹਨ। ਇਸ ਲਈ ਦੋਸ਼ੀਆਂ ਨੂੰ ਫੜਨ ਲਈ ਸਾਰੇ ਸਬੂਤਾਂ ਦੇ ਨਾਲ ਗਵਾਹਾਂ ਦੇ ਬਿਆਨ ਲੈਣੇ ਜ਼ਰੂਰੀ ਹਨ। ਇਸ ਦੇ ਬਾਅਦ ਐੱਸ. ਆਈ. ਟੀ. ਦੀ ਮਿਆਦ 6-6 ਮਹੀਨੇ ਵਧਦੀ ਰਹੀ ਅਤੇ ਆਖਰੀ ਮਿਆਦ 31 ਮਈ, 2022 ਨੂੰ ਖਤਮ ਹੋ ਗਈ। ਇਸ ਦੌਰਾਨ ਸਰਕਾਰ ਨੂੰ ਸਫਲਤਾ ਨਹੀਂ ਮਿਲੀ, ਲਿਹਾਜ਼ਾ ਯੂ. ਪੀ. ਸਰਕਾਰ ਨੇ 6 ਮਹੀਨਿਆਂ ਦਾ ਹੋਰ ਵਾਧਾ ਦੇ ਕੇ ਇਸ ਨੂੰ ਨਵੰਬਰ 2022 ਤੱਕ ਵਧਾ ਦਿੱਤਾ। ਇਸ ਜੂਨ ਮਹੀਨੇ ’ਚ ਹੁਣ ਤੱਕ ਕੁਲ 11 ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਜਦਕਿ 65 ਵਿਅਕਤੀਆਂ ਦੀ ਦੋਸ਼ੀਆਂ ਦੇ ਤੌਰ ’ਤੇ ਨਿਸ਼ਾਨਦੇਹੀ ਕੀਤੀ ਗਈ ਹੈ। ਯੂ. ਪੀ. ਪੁਲਸ ਦੀ ਐੱਸ. ਆਈ. ਟੀ. ਵੱਲੋਂ ਲਗਾਤਾਰ ਦੋਸ਼ੀਆਂ ਨੂੰ ਫੜਨ ਦੀ ਹੋ ਰਹੀ ਕੋਸ਼ਿਸ਼ ਦੇ ਬਾਅਦ ਸਿੱਖ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕੀਤਾ ਹੈ। ਨਾਲ ਹੀ ਆਸ ਪ੍ਰਗਟਾਈ ਹੈ ਕਿ 37 ਸਾਲ ਬਾਅਦ ਕਾਨਪੁਰ ਦੇ ਦੰਗਾ ਪੀੜਤਾਂ ’ਚ ਨਿਆਂ ਮਿਲਣ ਦੀ ਆਸ ਪੈਦਾ ਹੋ ਗਈ ਹੈ।
Comment here