ਅਪਰਾਧਸਿਆਸਤਖਬਰਾਂ

ਸੋਨੀਪਤ ਤੋਂ ਖਾਲਿਸਤਾਨੀ ਹਮਾਇਤੀ ਗ੍ਰਿਫਤਾਰ

ਸੋਨੀਪਤ-ਦੇਸ਼ ਵਿਰੋਧੀ ਤੱਤਾਂ ਖਿਲਾਫ ਚੱਲ ਰਹੀ ਸੁਰੱਖਿਆ ਤੰਤਰ ਦੀ ਮੁਹਿੰਮ ਨੂੰ ਓਸ ਵਕਤ ਵੱਡੀ ਸਫਲਤਾ ਮਿਲੀ, ਜਦ ਹਰਿਆਣਾ ਦੇ ਸੋਨੀਪਤ ਤੋਂ ਗ੍ਰਿਫ਼ਤਾਰ ਖ਼ਾਲਿਸਤਾਨ ਹਮਾਇਤੀ ਅੱਤਵਾਦੀਆਂ ਦੇ ਇਕ ਹੋਰ ਸਾਥੀ ਨੂੰ ਪੁਲਿਸ ਨੇ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਮੋਹਾਨਾ ਥਾਣਾ ਖੇਤਰ ਦੇ ਪਿੰਡ ਜੁਆਂ ਦਾ ਰਹਿਣ ਵਾਲਾ ਤਰੁਣ ਉਰਫ ਤਰੁਣਜੀਤ ਹੈ। ਉਹ ਪਿੰਡ ’ਚ ਹੀ ਅਟਲ ਸੇਵਾ ਕੇਂਦਰ ਚਲਾਉਂਦਾ ਹੈ। ਦੋਸ਼ ਹੈ ਕਿ ਤਰੁਣ ਨੇ ਮੁੱਖ ਮੁਲਜ਼ਮ ਸਾਗਰ ਨਾਲ ਦੋਸਤੀ ਹੋਣ ਕਰ ਕੇ ਉਸ ਦਾ ਫ਼ਰਜ਼ੀ ਆਧਾਰ ਕਾਰਡ ਤੇ ਡਰਾਈਵਿੰਗ ਲਾਇਸੈਂਸ ਤਿਆਰ ਕਰ ਕੇ ਦਿੱਤਾ ਸੀ ਜਿਸ ’ਚ ਅਲੱਗ-ਅਲੱਗ ਨਾਂ ਨਾਲ ਚੰਡੀਗੜ੍ਹ ਤੇ ਫਤਿਹਾਬਾਦ ਦਾ ਪਤਾ ਦਿੱਤਾ ਗਿਆ ਸੀ। ਖ਼ੁਫ਼ੀਆ ਏਜੰਸੀ ਤੇ ਪੰਜਾਬ ਪੁਲਿਸ ਤੋਂ ਮਿਲੇ ਇਨਪੁਟ ਦੇ ਆਧਾਰ ’ਤੇ ਸੋਨੀਪਤ ਪੁਲਿਸ ਦੀ ਅਪਰਾਧ ਜਾਂਚ ਸ਼ਾਖਾ-ਇਕ ਨੇ 19 ਫਰਵਰੀ ਨੂੰ ਖ਼ਾਲਿਸਤਾਨ ਹਮਾਇਤੀ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਪਛਾਣ ਪਿੰਡ ਜੁਆਂ ਦੇ ਸਾਗਰ ਉਰਫ ਬਿੰਨੀ, ਸੁਨੀਲ ਉਰਫ ਭਲਵਾਨ, ਜਤਿਨ ਤੇ ਪਿੰਡ ਰਾਜਪੁਰ ਦੇ ਸੁਰਿੰਦਰ ਉਰਫ ਸੋਨੂੰ ਵਜੋਂ ਹੋਈ ਸੀ। ਇਨ੍ਹਾਂ ਕੋਲੋਂ ਏਕੇ-47, ਪੰਜ ਵਿਦੇਸ਼ੀ ਤੇ ਇਕ ਦੇਸ਼ੀ ਪਿਸਤੌਲਾਂ ਮਿਲੀਆਂ ਸਨ। ਇਸ ਮਾਮਲੇ ’ਚ ਸਾਗਰ ਤੇ ਸੁਨੀਲ ਹਾਲੇ ਵੀ ਪੁਲਿਸ ਰਿਮਾਂਡ ’ਤੇ ਹਨ ਜਦਕਿ ਉਨ੍ਹਾਂ ਦੇ ਸਾਥੀ ਜਤਿਨ ਤੇ ਸੁਰਿੰਦਰ ਨੂੰ ਪੁਲਿਸ ਜੇਲ੍ਹ ਭੇਜ ਚੁੱਕੀ ਹੈ। ਪੁਲਿਸ ਨੇ ਮੁਲਜ਼ਮ ਤਰੁਣ ਨੂੰ ਮੰਗਲਵਾਰ ਦੁਪਹਿਰ ਬਾਅਦ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਸਾਗਰ ਦੇ ਘਰੋਂ ਫ਼ਰਜ਼ੀ ਆਧਾਰ ਕਾਰਡ ਤੇ ਡਰਾਈਵਿੰਗ ਲਾਇਸੈਂਸ ਮਿਲੇ ਸਨ ਜਿਸ ’ਤੇ ਉਸ ਦਾ ਨਾਂ ਤੇ ਪਤਾ ਅਲੱਗ-ਅਲੱਗ ਸੀ। ਆਧਾਰ ਕਾਰਡ ’ਤੇ ਉਸ ਦਾ ਨਾਂ ਆਯੁਸ਼ ਬਰਾਲ ਪੁੱਤਰ ਗੁਰਬਚਨ ਸਿੰਘ ਵਾਸੀ ਸੈਕਟਰ-25 ਚੰਡੀਗੜ੍ਹ ਦਰਸਾਇਆ ਗਿਆ ਸੀ ਜਦਕਿ ਡਰਾਈਵਿੰਗ ਲਾਇਸੈਂਸ ’ਤੇ ਉਸ ਦਾ ਨਾਂ ਸਾਹਿਲ ਵਾਸੀ ਫਤਿਹਾਬਾਦ ਸੀ। ਇਸ ਤੋਂ ਬਾਅਦ ਪੁਲਿਸ ਨੇ ਸਾਗਰ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਫ਼ਰਜ਼ੀ ਆਧਾਰ ਕਾਰਡ ਤੇ ਡਰਾਈਵਿੰਗ ਲਾਇਸੈਂਸ ਆਪਣੇ ਪਿੰਡ ’ਚ ਅਟਲ ਸੇਵਾ ਕੇਂਦਰ ਚਲਾਉਣ ਵਾਲੇ ਤਰੁਣ ਤੋਂ ਬਣਵਾਉਣ ਦੀ ਜਾਣਕਾਰੀ ਪੁੁਲਿਸ ਨੂੰ ਦਿੱਤੀ ਸੀ। ਸਾਗਰ ਤੇ ਉਸ ਦੇ ਸਾਥੀ ਸੁਨੀਲ ਨੂੰ ਲੈ ਕੇ ਪੁਲਿਸ ਟੀਮ ਹੁਣ ਤੀਜੀ ਵਾਰ ਪੰਜਾਬ ਗਈ ਹੈ। ਪੁਲਿਸ ਨੂੰ ਇਨ੍ਹਾਂ ਤੋਂ ਕੁਝ ਅਹਿਮ ਜਾਣਕਾਰੀਆਂ ਮਿਲੀਆਂ ਹਨ। ਉਸ ਦੇ ਆਧਾਰ ’ਤੇ ਪੁਲਿਸ ਟੀਮ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਰਡਾਰ ’ਤੇ ਹਾਲੇ ਪੰਜਾਬ ਤੇ ਹਰਿਆਣੇ ਦੇ ਕਈ ਅਜਿਹੇ ਨੌਜਵਾਨ ਹਨ ਜਿਹੜੇ ਸਾਗਰ ਤੇ ਉਸ ਦੇ ਅੱਤਵਾਦੀ ਸਾਥੀਆਂ ਦੇ ਸੰਪਰਕ ’ਚ ਸਨ। ਖ਼ਾਲਿਸਤਾਨ ਹਮਾਇਤੀ ਅੱਤਵਾਦੀ ਸਾਗਰ ਦਾ ਫ਼ਰਜ਼ੀ ਆਧਾਰ ਕਾਰਡ ਤੇ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਤਰੁਣ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਲੈਪਟਾਪ ਤੇ ਪ੍ਰਿੰਟਰ ਬਰਾਮਦ ਕੀਤਾ ਗਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੇ ਬਾਕੀ ਸਾਥੀਆਂ ਦੀ ਤਲਾਸ਼ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

Comment here