ਸਿਆਸਤਖਬਰਾਂਦੁਨੀਆ

ਯੂ ਏ ਈ ਡਾਕਟਰਾਂ ਨੂੰ ਦੇਵੇਗਾ ਗੋਲਡਨ ਵੀਜ਼ਾ

ਦੁਬਈ –ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਿਰਦੇਸ਼ਾਂ ਤੋਂ ਬਾਅਦ ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ ਨੇ ਯੂ.ਏ.ਈ. ਵਿਚ ਰਹਿਣ ਵਾਲੇ ਡਾਕਟਰਾਂ ਨੂੰ ਗੋਲਡਨ ਵੀਜ਼ਾ ਜਾਰੀ ਕਰਨ ਦੀ ਸੁਵਿਧਾ ਲਈ ‘ਗੋਲਡਨ ਰੈਜ਼ੀਡੈਂਸੀ ਸਰਵਿਸਿਜ਼’ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ 10 ਸਾਲ ਦਾ ਰੈਜ਼ੀਡੈਂਸੀ ਵੀਜ਼ਾ ਮਿਲੇਗਾ। ਯੂ.ਏ.ਈ. ਇਹ ਸੁਵਿਧਾ ਇਸ ਲਈ ਦੇ ਰਿਹਾ ਹੈ ਤਾਂ ਕਿ ਗਲੋਬਲ ਮੰਚ ’ਤੇ ਨੌਕਰੀ, ਨਿਵਾਸ ਅਤੇ ਪੜ੍ਹਾਈ ਲਈ ਉਹ ਆਪਣੀ ਪਛਾਣ ਸਭ ਤੋਂ ਪਸੰਦੀਦਾ ਦੇਸ਼ ਦੇ ਰੂਪ ਵਿਚ ਬਣਾ ਸਕਣ। ਆਈ.ਸੀ.ਏ. ਦੇ ਕਾਰਜਕਾਰੀ ਡਾਇਰੈਕਟਰ ਜਨਰਲ ਮੇਜਰ ਜਨਰਲ ਸੁਹੈਲ ਸਈਦ ਅਲ ਖਲੀ ਨੇ ਕਿਹਾ ਕਿ ਯੂ.ਏ.ਈ. ਦੇ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੋਲਡਨ ਵੀਜ਼ਾ ਦੇਣਾ ਉਨ੍ਹਾਂ ਦੀ ਪ੍ਰਸ਼ੰਸਾ ਕਰਨਾ ਹੈ, ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਆਪਣਾ ਯੋਗਦਾਨ ਦਿੱਤਾ। ਯੂ.ਏ.ਈ. ਵਿਚ ਵੱਡੀ ਸੰਖਿਆ ਵਿਚ ਭਾਰਤੀ ਡਾਕਟਰ ਕੰਮ ਕਰਦੇ ਹਨ, ਜਿਨ੍ਹਾਂ ਨੂੰ ਇਸ ਫ਼ੈਸਲੇ ਨਾਲ ਸਿੱਧਾ ਫ਼ਾਇਦਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਏ., ਸਿਹਤ ਅਤੇ ਰੋਕਥਾਮ ਮੰਤਰਾਲਾ ਅਤੇ ਹੋਰ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਹੈ ਤਾਂ ਕਿ ਰਜਿਸਟਰਡ ਡਾਕਟਰਾਂ ਲਈ ਗੋਲਡਨ ਵੀਜ਼ਾ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਕੀਤਾ ਜਾ ਸਕੇ ਅਤੇ ਸ਼ੇਖ ਮੁਹੰਮਦ ਦੇ ਫ਼ੈਸਲੇ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਕਦਮ ਦੁਨੀਆਭਰ ਦੇ ਤਜ਼ਰਬੇਕਾਰ ਮੈਡੀਕਲ ਪ੍ਰੋਫੈਸ਼ਨਲਜ਼ ਨੂੰ ਆਕਰਸ਼ਿਤ ਕਰੇਗਾ ਜੋ ਯੂ.ਏ.ਈ. ਦੇ ਹੈਲਥਕੇਅਰ ਇਕੋਸਿਸਟਮ ਨੂੰ ਵਧਾਉਣ ਵਿਚ ਮਦਦ ਕਰਨਾ ਚਾਹੁੰਦੇ ਹਨ। ਯੂ.ਏ.ਈ. ਦਾ ਇਹ ਫ਼ੈਸਲਾ ਸਥਿਰਤਾ ਅਤੇ ਜੀਵਨ ਦੀ ਗੁਣਵੱਤਾ ਦੇ ਮਾਮਲੇ ਵਿਚ ਦੁਨੀਆ ਦੇ ਮੋਹਰੀ ਦੇਸ਼ਾਂ ਵਿਚੋਂ ਇਕ ਬਣਨ ਲਈ ਮੁਲਕ ਦੀ ਮਦਦ ਕਰੇਗਾ। ਇਸ ਦੌਰਨ ਇਹ ਵੀ ਚਰਚਾ ਚ ਹੈ ਕਿ ਭਾਰਤ ਅਤੇ ਯੂ.ਏ.ਈ. ਵਿਚਾਲੇ ਸਿੱਧੀਆਂ ਉਡਾਣਾਂ ’ਤੇ ਕੋਰੋਨਾ ਮਹਾਮਾਰੀ ਕਾਰਨ ਪਾਬੰਦੀ ਲੱਗੀ ਹੋਈ ਹੈ, ਜਿਸ ਨਾਲ ਦੁਬਈ ਵਰਗੇ ਸ਼ਹਿਰਾਂ ਵਿਚ ਕੰਮ ਕਰਨ ਵਾਲੇ ਕਾਮੇ ਨਾ ਸਿਰਫ਼ ਭਾਰਤ ਵਿਚ ਫਸੇ ਹੋਏ ਹਨ, ਸਗੋਂ ਆਪਣੀ ਨੌਕਰੀ ਨੂੰ ਲੈ ਕੇ ਚਿੰਤਾ ਵਿਚ ਵੀ ਹਨ, ਅਜਿਹੇ ਸਮੇਂ ਦੁਬਈ ਵਲੋਂ ਇਹ ਐਲਾਨ ਕਰਨਾ ਵਡੀ ਰਾਹਤ ਵਾਲਾ ਕਦਮ ਸਮਝਿਆ ਜਾ ਰਿਹਾ ਹੈ।

Comment here