ਖਬਰਾਂ

ਕਿਸਾਨ ਦੇ ਪੁੱਤ ਤਨਵੀਰ ਨੇ ਜੰਮੂ ਕਸ਼ਮੀਰ ਦਾ ਨਾਂ ਕੀਤਾ ਰੌਸ਼ਨ

ਕੁਲਗਾਮ– ਸੰਘ ਲੋਕ ਸੇਵਾ ਆਯੋਗ (ਯੂ. ਪੀ. ਐੱਸ. ਸੀ.) ਵਲੋਂ ਆਯੋਜਿਤ ਵੱਕਾਰੀ ਭਾਰਤੀ ਆਰਥਿਕ ਸੇਵਾ ਪ੍ਰੀਖਿਆ ’ਚ ਦੂਜਾ ਰੈਂਕ ਹਾਸਲ ਕਰਕੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਰਹਿਣ ਵਾਲੇ ਤਨਵੀਰ ਅਹਿਮਦ ਖਾਨ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਦਾ ਨਾਂ ਰੋਸ਼ਨ ਕੀਤਾ ਹੈ। ਨਗੀਨਪੋਰਾ ਕੁੰਡ ਦੇ ਤਨਵੀਰ ਇਹ ਪ੍ਰੀਖਿਆ ਪਾਸ ਕਰਨ ਵਾਲੇ ਜੰਮੂ-ਕਸ਼ਮੀਰ ਦੇ ਪਹਿਲੇ ਨੌਜਵਾਨ ਹਨ। ਤਨਵੀਰ ਦੇ ਪਿਤਾ ਇਕ ਕਿਸਾਨ ਹਨ। ਤਨਵੀਰ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਜੱਦੀ ਪਿੰਡ ਤੋਂ ਕੀਤੀ। ਹਾਈ ਸਕੂਲ ਦੀ ਪੜ੍ਹਾਈ ਵਾਲਤੇਂਗੂ ਤੋਂ , ਸਰਕਾਰੀ ਹਾਇਰ ਸੰਕੈਡਰੀ ਸਕੂਲ, ਰਜਲੂ ਕੁੰਡ ਤੋਂ 12ਵੀਂ ਜਮਾਤ ਪਾਸ ਕੀਤੀ ਅਤੇ 2016 ਵਿਚ ਸਰਕਾਰੀ ਡਿਗਰੀ ਕਾਲਜ ਅਨੰਤਨਾਗ ਤੋਂ ਬੈਚਲਰ ਆਫ਼ ਆਟਰਜ਼ ਦੀ ਡਿਗਰੀ ਹਾਸਲ ਕੀਤੀ। ਉਸ ਨੇ ਅਰਥਸ਼ਾਸਤਰ ਵਿਚ ਜੂਨੀਅਰ ਰਿਸਰਚ ਫੈਲੋਸ਼ਿਪ ਵੀ ਕਲੀਅਰ ਕੀਤੀ ਹੋਈ ਹੈ। ਤਨਵੀਰ ਦਾ ਕਹਿਣਾ ਹੈ ਕਿ ਜਦੋਂ ਕੋਈ ਧਿਆਨ ਕੇਂਦਰਿਤ ਕਰਦਾ ਹੈ ਤਾਂ ਸਖ਼ਤ ਮਿਹਨਤ ਨਾਲ ਸਫ਼ਲਤਾ ਜ਼ਰੂਰ ਮਿਲਦੀ ਹੈ ਅਤੇ ਕੁਝ ਵੀ ਅਸੰਭਵ ਨਹੀਂ ਰਹਿ ਜਾਂਦਾ। ਕੋੋਰੋਨਾ ਦੇ ਦੌਰ ਦੌਰਾਨ ਉਸ ਨੇ ਖ਼ੁਦ ਨੂੰ ਆਪਣੇ ਕਮਰੇ ਦੀ ਚਾਰ ਦੀਵਾਰੀ ਤੱਕ ਸੀਮਤ ਕਰ ਲਿਆ ਅਤੇ ਐੱਮ. ਫਿਲ ਕਰਦੇ ਹੋਏ ਆਈ. ਈ. ਐੱਸ. ਪ੍ਰੀਖਿਆ ਦੀ ਤਿਆਰੀ ਕੀਤੀ।  ਉਨ੍ਹਾਂ ਦੱਸਿਆ ਕਿ ਇਹ ਇਕ ਮੁਸ਼ਕਲ ਸੰਘਰਸ਼ ਸੀ ਪਰ ਉਸ ਨੇ ਕਦੇ ਉਮੀਦ ਨਹੀਂ ਛੱਡੀ।ਉਸ ਦੀ ਪ੍ਰਾਪਤੀ ਤੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਵੀ ਉਸ ਨੂੰ ਵਧਾਈ ਦਿੱਤੀ ਹੈ।

Comment here