ਸਰੀ-ਪੰਜਾਬ ਪੁਲਿਸ ਨੇ ਕੈਨੇਡਾ ਵਿਚ ਬੈਠੇ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਹਵਾਲਗੀ ਦੀ ਮੰਗ ਕੀਤੀ ਹੈ। ਨਿੱਝਰ ਪੰਜਾਬ ਵਿਚ ਖਾੜਕੂਵਾਦ ਨੂੰ ਸੁਰਜੀਤ ਕਰਨ ਦੀਆਂ ਸਾਜ਼ਿਸ਼ਾਂ ਘਡ਼ਨ ਦੇ ਦੋਸ਼ ਵਿਚ ਲੋਡ਼ੀਂਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਸਦੀ ਹਵਾਲਗੀ ਦੀ ਮੰਗ 23 ਜਨਵਰੀ, 2015 ਨੂੰ ਉਸ ਖਿਲਾਫ਼ ਜਾਰੀ ਲੁੱਕਆਊਟ ਨੋਟਿਸ ਤੇ 14 ਮਾਰਚ, 2016 ਨੂੰ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਭਾਰਤ ਨੇ ਇਕ ਜੁਲਾਈ, 2020 ਨੂੰ ਨਿੱਝਰ ਨੂੰ ਅੱਠ ਹੋਰ ਖਾਲਿਸਤਾਨੀਆਂ ਨਾਲ ਭਗੌਡ਼ਾ ਖਾੜਕੂ ਐਲਾਨ ਦਿੱਤਾ ਸੀ।ਇਸ ਸਾਲ ਜੁਲਾਈ ਵਿਚ ਉਸ ਦੇ ਸਿਰ ’ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਪੰਜਾਬ ਪੁਲਿਸ ਵੱਲੋਂ ਤਿਆਰ ਕੀਤੇ ਡੋਜ਼ੀਅਰ ਵਿਚ ਕਿਹਾ ਗਿਆ ਹੈ ਕਿ ਨਿੱਜਰ ਜਗਤਾਰ ਸਿੰਘ ਤਾਰਾ ਦਾ ਨਜ਼ਦੀਕੀ ਸਹਿਯੋਗੀ ਸੀ ਜਿਹਡ਼ਾ ਪਾਕਿਸਤਾਨ ਵਿਚ ਰਹਿੰਦਾ ਸੀ ਤੇ 2012 ਵਿਚ ਪਾਕਿਸਤਾਨ ’ਚ ਉਸ ਨੂੰ ਮਿਲਣ ਲਈ ਵੀ ਗਿਆ ਸੀ। ਨਿੱਝਰ ਨੇ ਰੋਪਡ਼ ਜ਼ਿਲ੍ਹੇ ਦੇ ਪਿੰਡ ਮੁਗ਼ਲ ਮਾਜਰੀ ਦੇ ਪਰਮਿੰਦਰ ਸਿੰਘ ਕਾਲਾ ਨਾਲ ਮਿਲ ਕੇ ਸੂਬੇ ਵਿਚ ਕੇਟੀਐੱਫ ਮਡਿਊਲ ਤਿਆਰ ਕਰਨ ਦੀ ਯੋਜਨਾ ਬਣਾਈ ਸੀ। ਇਸ ਤਹਿਤ ਪਿਆਰਾ ਸਿੰਘ ਭਨਿਆਰਾਵਾਲਾ ਤੇ ਸ਼ਿਵ ਸੈਨਾ ਆਗੂ ਸੰਜੀਵ ਘਨੌਲੀ ਤੇ ਹਮਲਾ ਕੀਤੇ ਜਾਣ ਦੀ ਯੋਜਨਾ ਸੀ। ਦਸੰਬਰ, 2015 ਨਿੱਝਰ ਨੇ ਹਥਿਆਰਾਂ ਦੀ ਸਿਖਲਾਈ ਲਈ ਕੈਨੇਡਾ ਵਿਚ ਇਕ ਕੈਂਪ ਲਾਇਆ ਸੀ ਜਿੱਥੇ ਦੱਸਿਆ ਜਾਂਦਾ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਚੱਕ ਕਲਾਂ ਪਿੰਡ ਦੇ ਮਨਦੀਪ ਸਿੰਘ ਧਾਲੀਵਾਲ ਤੇ ਤਿੰਨ ਹੋਰਨਾਂ ਨੂੰ ਏਕੇ-47 ਅਸਾਲਟ ਰਾਈਫਲ, ਸਨਿਪਰ ਰਾਈਫਲਾਂ ਤੇ ਪਿਸਤੌਲਾਂ ਦੀ ਵਰਤੋਂ ਦੀ ਸਿਖਲਾਈ ਦਿੱਤੀ ਗਈ ਸੀ। ਮਨਦੀਪ ਨੂੰ ਜਨਵਰੀ, 2016 ਵਿਚ ਖਾੜਕੂ ਸਰਗਰਮੀਆਂ ਲਈ ਪੰਜਾਬ ਭੇਜਿਆ ਗਿਆ ਪਰ ਵਾਰਦਾਤਾਂ ਦੇ ਅੰਜਾਮ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਦੇ ਡੋਜ਼ੀਅਰ ਮੁਤਾਬਕ, ਨਿੱਝਰ ਨੇ ਮੋਗੇ ਦੇ ਗੈਂਗਸਟਰ ਅਰਸ਼ਦੀਪ ਡਾਲ ਨਾਲ ਮਿਲ ਕੇ 2020 ’ਚ ਪੰਜਾਬ ’ਵਿਚ ਚਾਰ ਮੈਂਬਰੀ ਕੇਟੀਐੱਫ ਮਾਡਿਊਲ ਤਿਆਰ ਕੀਤਾ ਸੀ। ਇਸੇ ਮਡਿਊਲ ਤਹਿਤ ਬਠਿੰਡੇ ਦੇ ਭਗਤਾ ਭਾਈਕਾ ਵਿਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਮਨੋਹਰ ਲਾਲ ਦੀ ਹੱਤਿਆ ਕੀਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੇ ਸ਼ਕਤੀ ਸਿੰਘ, ਮੋਗਾ ਦੇ ਤਜਿੰਦਰ ਪਿੰਕਾ ਦੀ ਹੱਤਿਆ ਕੀਤੀ ਸੀ। ਮਡਿਊਲ ਦੇ ਤਿੰਨ ਮੈਂਬਰ ਹਥਿਆਰਾਂ ਨਾਲ ਗ੍ਰਿਫ਼ਤਾਰ ਕਰ ਲਏ ਗਏ ਸਨ। ਸਤੰਬਰ, 2021 ਵਿਚ ਨਿੱਝਰ ਨੇ ਹਥਿਆਰਾਂ ਦੀ ਇਕ ਖੇਪ ਭੇਜੀ ਸੀ ਜਿਸ ਵਿਚ ਦੋ ਟਿਫਨ ਬੰਬ, ਦੋ ਹੈਂਡ ਗ੍ਰਨੇਡ ਤੇ ਤਿੰਨ ਪਿਸਤੌਲਾਂ ਸਨ।
ਨਿੱਝਰ ਦਾ ਇਕ ਹੋਰ ਤਿੰਨ ਮੈਂਬਰੀ ਮਡਿਊਲ 19 ਫਰਵਰੀ 2022 ’ਚ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਗਰੁੱਪ ਪੰਜਾਬਵਿ’ਚ ‘ਕੰਟਰੈਕਟ ਕਿਲਿੰਗ’ ਵਿਚ ਸ਼ਾਮਲ ਸੀ। ਉਨ੍ਹਾਂ ਨੇ ਸਰਪੰਚ ਅਵਤਾਰ ਸਿੰਘ ਦੀ ਹੱਤਿਆ ਕੀਤੀ ਸੀ। ਉਨ੍ਹਾਂ ਦੇ ਕਬਜ਼ੇ ’ਚੋਂ ਇਕ ਏਕੇ-47 ਰਾਈਫਲ ਤੇ 49 ਕਾਰਤੂਸ ਤੇ ਤਿੰਨ ਅਮਰੀਕੀ ਪਿਸਤੌਲਾਂ ਬਰਾਮਦ ਹੋਈਆਂ ਸਨ। ਐੱਨਆਈਏ ਵੱਲੋਂ ਤਿਆਰ ਇਕ ਅਲੱਗ ਡੋਜ਼ੀਅਰ ਦੇ ਮੁਤਾਬਕ, ਨਿੱਜਰ ਦੇ ਸਿੰਘ ਆਗੂ ਰਿਪੂਦਮਨ ਸਿੰਘ ਮਲਿਕ ਦੀ ਹੱਤਿਆ ਵਿਚ ਵੀ ਹੱਥ ਹੋਣ ਦਾ ਸ਼ੱਕ ਹੈ। ਦੂਜੇ ਪਾਸੇ ਨਿੱਝਰ ਨੇ ਹਿੰਸਕ ਸਰਗਰਮੀਆਂ ਵਿਚ ਸ਼ਮੂਲੀਅਤ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋ ਕੈਨੇਡਾ ’ਚ ਰਹਿ ਰਿਹਾ ਹੈ। ਉਹ ਵੈਨਕੂਵਰ ਵਿਚ ਗੁਰਦੁਆਰੇ ਦਾ ਸੇਵਾਦਾਰ ਹੈ ਤੇ ਉਸ ਨੂੰ ਗ਼ਲਤ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


Comment here