ਉੱਤਰ ਪ੍ਰਦੇਸ਼-ਇਥੋਂ ਦੇ ਪੀਲੀਭੀਤ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗਜਰੌਲਾ ਥਾਣਾ ਖੇਤਰ ਦੇ ਸ਼ਿਵਨਗਰ ਪਿੰਡ ‘ਚ ਇਕ ਔਰਤ ਨੇ ਆਪਣੇ ਪਤੀ ਨੂੰ ਮੰਜੇ ਨਾਲ ਬੰਨ੍ਹ ਕੇ ਕੁਹਾੜੀ ਨਾਲ ਕੱਟ ਕੇ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੁੱਤਰ ਨੇ ਗਜਰੌਲਾ ਥਾਣੇ ‘ਚ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ। ਬੇਟੇ ਨੇ ਮਾਂ ‘ਤੇ ਕਤਲ ਦਾ ਸ਼ੱਕ ਜਤਾਇਆ ਹੈ। ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਔਰਤ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸ ਦਾ ਕਤਲ ਕਰਕੇ ਲਾਸ਼ ਦੇ ਟੁਕੜੇ ਕਰ ਕੇ ਨਹਿਰ ‘ਚ ਸੁੱਟ ਦਿੱਤਾ ਸੀ। ਅਜੇ ਤੱਕ ਪੁਲਿਸ ਲਾਸ਼ ਨੂੰ ਬਰਾਮਦ ਨਹੀਂ ਕਰ ਸਕੀ ਹੈ।
ਦਰਅਸਲ ਗਜਰੌਲਾ ਥਾਣਾ ਖੇਤਰ ਦੇ ਸ਼ਿਵਨਗਰ ਪਿੰਡ ਵਾਸੀ ਸੋਮਪਾਲ ਦੇ ਪਿਤਾ ਰਾਮਪਾਲ ਘਰ ਤੋਂ ਗਾਇਬ ਹੋ ਗਏ ਸਨ। ਦੋ ਦਿਨਾਂ ਤੱਕ ਭਾਲ ਕਰਨ ਦੇ ਬਾਅਦ ਵੀ ਜਦੋਂ ਉਸ ਦਾ ਕੋਈ ਸੁਰਾਗ ਨਾ ਮਿਲਿਆ ਤਾਂ ਸੋਮਪਾਲ ਬੁੱਧਵਾਰ ਸ਼ਾਮ ਗਜਰੌਲਾ ਥਾਣੇ ਪਹੁੰਚਿਆ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ। ਆਪਣੀ ਮਾਂ ‘ਤੇ ਕਤਲ ਦਾ ਖਦਸ਼ਾ ਜ਼ਾਹਰ ਕਰਦਿਆਂ ਪੁੱਤਰ ਨੇ ਦੱਸਿਆ ਕਿ ਉਹ 3 ਮਹੀਨੇ ਪਹਿਲਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ। ਉਹ 20 ਦਿਨ ਪਹਿਲਾਂ ਹੀ ਘਰ ਪਰਤੀ ਹੈ। ਸੋਮਪਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਮਾਂ ਨੇ ਹੀ ਪਿਤਾ ਦਾ ਕਤਲ ਕੀਤਾ ਹੈ।
ਬੇਟੇ ਦੇ ਸ਼ੱਕ ਦੀ ਪੁਸ਼ਟੀ ਕਰਨ ਲਈ ਪੁਲਿਸ ਨੇ ਸੋਮਪਾਲ ਦੀ ਮਾਂ ਦੁਲਾਰੋ ਦੇਵੀ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ। ਸਖ਼ਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਦੁਲਾਰੋ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਤੋਂ ਬਾਅਦ ਸੋਮਵਾਰ ਰਾਤ ਉਸ ਨੇ ਆਪਣੇ ਪਤੀ ਨੂੰ ਮੰਜੇ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ। ਰਾਮਪਾਲ ਦੇ ਸਿਰ ‘ਤੇ ਕੁਹਾੜੀ ਮਾਰਨ ਕਾਰਨ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਨੇ ਲਾਸ਼ ਦੇ ਹੱਥ, ਲੱਤਾਂ ਅਤੇ ਧੜ ਵੱਢ ਕੇ ਬੋਰੀ ‘ਚ ਪਾ ਕੇ ਘਰ ਤੋਂ 500 ਮੀਟਰ ਦੂਰ ਨਿਗੋਹੀ ਬ੍ਰਾਂਚ ਨਹਿਰ ‘ਚ ਸੁੱਟ ਦਿੱਤਾ। ਪੁੱਛਗਿੱਛ ਦੌਰਾਨ ਦੁਲਾਰੋ ਨੇ ਆਪਣੇ ਨਾਲ ਇੱਕ ਹੋਰ ਸਾਥੀ ਹੋਣ ਬਾਰੇ ਦੱਸਿਆ ਹੈ। ਫਿਲਹਾਲ ਪੁਲਿਸ ਰਾਮਪਾਲ ਦੀ ਲਾਸ਼ ਦੀ ਭਾਲ ਕਰ ਰਹੀ ਹੈ।

Comment here