ਸਿਆਸਤਖਬਰਾਂਚਲੰਤ ਮਾਮਲੇ

ਤੂੰ-ਤੂੰ ਮੈਂ-ਮੈਂ: ਪੰਜਾਬ ਚ ਚੋਣ ਸਰਗਰਮੀ ਮਘੀ, ਸ਼ਬਦੀ ਹੱਲਿਆਂ ਦਾ ਦੌਰ ਸ਼ੁਰੂ

ਮਜੀਠੀਆ, ਸਿੱਧੂ, ਮਨਪ੍ਰੀਤ, ਢੀਂਡਸਾ ਦੇ ਵਿਰੋਧੀਆਂ ਤੇ ਸ਼ਬਦੀ ਹੱਲੇ

ਜਲੰਧਰ- ਪੰਜਾਬ ਚ ਚੋਣ ਵਰੇ ਚ ਸਿਆਸੀ ਫਿਜ਼ਾ ਪੂਰੀ ਗਰਮਾਅ ਰਹੀ ਹੈ। ਹਾਲ ਹੀ ਚ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਰੇ ਕਿਹਾ ਸੀ ਕਿ ਨਸ਼ੇ ਨਾਲ ਪੰਜਾਬ ਦੀ ਜਵਾਨੀ ਨੂੰ ਕਥਿਤ ਤੌਰ ਤੇ ਤਬਾਹ ਕਰਨ ਵਾਲੇ ਮਜੀਠੀਆ ਨੂੰ ਥਾਣੇ ਡੱਕਾਂਗੇ, ਪਟਾ ਫੇਰਾਂਗੇ। ਇਸ ਤੋਂ ਜੁਆਬੀ ਵਾਰ ਕਰਦਿਆਂ ਮਜੀਠੀਆ ਨੇ ਸਿੱਧੂ ਨੂੰ ਰਾਧੇ ਮਾਂ ਦ ਚੇਲਾ ਕਿਹਾ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸਿੱਧੂ ਤਾਂ ਰਾਧੇ ਮਾਂ ਦਾ ਚੇਲਾ ਹੈ ਜੋ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ 3 ਰੁਪਏ ਬਿਜਲੀ ਦੇਣ ਦੀ ਗੱਲ ਕਰਦਾ ਹੈ, ਹੁਣ ਵੀ ਤਾਂ ਉਨ੍ਹਾਂ ਦੀ ਹੀ ਸਰਕਾਰ ਹੈ ਅਤੇ ਉਹ ਲੋਕਾਂ ਨੂੰ ਦੱਸੇ ਕਿ ਇਹ ਵਾਅਦਾ ਇਸ ਵੇਲੇ ਚਲ ਰਹੀ ਮੌਜੂਦਾ ਕਾਂਗਰਸ ਸਰਕਾਰ ਪੂਰਾ ਕਿਉਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਹ ਸਾਨੂੰ ਅੰਦਰ ਕਰਨ ਦੀਆਂ ਗੱਲਾਂ ਕਰਦਾ ਹੈ ਇਹ ਭਾਵੇਂ ਦੂਜਾ ਜਨਮ ਵੀ ਲੈ ਲਵੇਂ ਜਦੋਂ ਤੱਕ ਪਰਮਾਤਮਾ ਸਾਡੇ ਨਾਲ ਹੈ ਇਹ ਸਾਡਾ ਕੁਝ ਨਹੀਂ ਵਿਗਾੜ ਸਕਦਾ ਪਰ ਇਸ ਨੂੰ ਸਮਾਂ ਆਉਣ ‘ਤੇ ਸਬਕ ਜ਼ਰੂਰ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਦੀਆਂ ਗੱਲਾਂ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਓਹੀ ਵਿਅਕਤੀ ਹੈ ਜੋ ਕਦੇ ਕਹਿੰਦਾ ਹੁੰਦਾ ਸੀ ਕਿ ਭਾਵੇਂ ਤੁਸੀਂ ਮੇਰੇ ਚੰਮ ਦੀਆਂ ਜੁਤੀਆਂ ਬਣਾ ਕੇ ਪਾ ਲਵੋ। 2016 ਤੱਕ ਤਾਂ ਇਸ ਨੂੰ ਸਭ ਠੀਕ ਹੀ ਲੱਗਦਾ ਸੀ ਪਰ ਜਦੋਂ ਇਸ ਨੇ ਸਰਕਾਰ ਬਦਲੀ ਤਾਂ ਇਸ ਨੂੰ ਸਭ ਗਲਤ ਲੱਗਣ ਲੱਗ ਪਿਆ। ਉਨ੍ਹਾਂ ਕਿਹਾ ਜਿਹੜਾ ਵਿਅਕਤੀ ਕਾਂਗਰਸ ਨੂੰ ਮੁੰਨੀ ਨਾਲੋਂ ਵੱਧ ਬਦਨਾਮ ਕਹਿੰਦਾ ਸੀ ਉਹ ਹੁਣ ਉਸੇ ਪਾਰਟੀ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਅਜਿਹੇ ਵਿਅਕਤੀ ਦਾ ਕੀ ਭਰੋਸਾ ਕੀਤਾ ਜਾ ਸਕਦਾ ਹੈ। ਮਜੀਠੀਆ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਇਹ ਵੀ ਪੁੱਛਿਆ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦੇ ਉਦੋਂ ਕਿਉਂ ਪੂਰੇ ਨਹੀਂ ਕੀਤੇ ਜਦੋਂ ਉਹ ਢਾਈ ਸਾਲ ਤੱਕ ਮੰਤਰੀ ਰਹੇ ਯਾਨੀ ਕਿ ਸਰਕਾਰ ਦੇ ਕਾਰਜਕਾਲ ਦਾ ਅੱਧਾ ਸਮਾਂ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਅਤੇ ਕਿਸਾਨਾਂ ਲਈ ਪੂਰੀ ਤਰ੍ਹਾਂ ਕਰਜ਼ਾ ਮੁਆਫੀ ਕਿੱਥੇ ਹੈ ? ਉਨ੍ਹਾਂ ਕਿਹਾ ਕਿ ਹੁਣ ਸਿੱਧੂ ਜ਼ਾਅਲੀ ਤੇ ਝੂਠੇ ਵਾਅਦਿਆਂ ਦੀ ਇਕ ਹੋਰ ਪੰਡ ਨਾਲ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ।

ਸਾਬਕਾ ਅਕਾਲੀ ਤੇ ਮੌਜੂਦਾ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਦੀਆਂ ਟਿੱਪਣੀਆਂ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚਾਰਧਾਰਕ ਤੌਰ ’ਤੇ ਪੂਰੀ ਤਰ੍ਹਾਂ ਕੰਗਾਲ ਹੋ ਚੁੱਕੀ ਹੈ। ਇਹ ਪਾਰਟੀ ਡੁੱਬੇ ਹੋਏ ਬੈਂਕ ਵਰਗੀ ਹੈ, ਜਿਸ ਨੇ ਆਪਣੀ ਵਿਚਾਰਧਾਰਾ ਗਹਿਣੇ ਰੱਖੀ ਹੋਈ ਹੈ ਅਤੇ ਹੁਣ ਬਾਊਂਸ ਚੈੱਕ ਜਾਰੀ ਕਰ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, “ਅਕਾਲੀ ਦਲ ਉਨ੍ਹਾਂ ਦੋ ਅਹਿਮ ਮੁੱਦਿਆਂ ’ਤੇ ਬੁਰੀ ਤਰ੍ਹਾਂ ਅਸਫ਼ਲ ਰਿਹਾ ਹੈ, ਜਿਨ੍ਹਾਂ ਦਾ ਉਹ ਆਪਣੇ ਆਪ ਨੂੰ ਚੈਂਪੀਅਨ ਕਹਿੰਦਾ ਆ ਰਿਹਾ ਸੀ।”ਮੁਲਕ ਦੀ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਤੋੜਨ ਵਾਲੀ ਭਾਜਪਾ ਨਾਲ ਭਾਈਵਾਲੀ ਦੌਰਾਨ ਅਕਾਲੀ ਦਲ ਨੇ ਤਿੰਨ ਖੇਤੀ ਬਿੱਲ ਪਾਸ ਕਰਵਾ ਕੇ ਦੇਸ਼ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਦੂਜਾ, ਅਕਾਲੀ ਦਲ ਵੱਲੋਂ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦੀ ਡੌਂਡੀ ਪਿੱਟੀ ਜਾਂਦੀ ਹੈ ਪਰ ਇਸ ਪਾਰਟੀ ਨੇ ਸਿੱਖ ਭਾਈਚਾਰੇ ਨਾਲ ਹਮੇਸ਼ਾ ਦਗਾ ਕਮਾਇਆ ਅਤੇ ਉਸ ਨੂੰ ਨਿਰਾਸ਼ ਕੀਤਾ ਹੈ- ਭਾਵੇਂ ਇਹ 1979 ਵਿੱਚ ਅੰਮਿ੍ਤਸਰ ਵਿਖੇ ਵਾਪਰੀ ਘਟਨਾ ਹੋਵੇ, ਜਿਸ ਨੇ ਪੰਜਾਬ ਸੰਕਟ ਪੈਦਾ ਕੀਤਾ, ਜਾਂ ਸਾਲ 2015 ਵਿੱਚ ਬਰਗਾੜੀ ਤੇ ਹੋਰ ਥਾਵਾਂ ’ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਹੋਣ। ਨਾਲ ਹੀ ਕਿਹਾ-“ਮੈਂ ਅਕਾਲੀ ਦਲ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਪਰ ਲੋਕ ਭਲੀ-ਭਾਂਤ ਜਾਣਦੇ ਹਨ ਕਿ ਅਕਾਲੀ ਦਲ ਵੇਲਾ ਵਿਹਾਅ ਚੁੱਕੀ ਅਤੇ ਵਿਚਾਰਧਾਰਕ ਤੌਰ ’ਤੇ ਦੀਵਾਲੀਆ ਹੋ ਚੁੱਕੀ ਪਾਰਟੀ ਹੈ, ਜੋ ਫੇਲ੍ਹ ਹੋ ਚੁੱਕੇ ਬੈਂਕ ਵਾਂਗ ਬਾਊਂਸ ਚੈੱਕ ਜਾਰੀ ਕਰ ਰਹੀ ਹੈ।’’

ਚੋਣ ਵਰੇ ਚ ਸਿਆਸੀ ਸਰਗਰਮੀ ਤੇਜ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਜਰਨਲ ਸਕੱਤਰ ਤੇ ਨੌਜੁਆਨ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਹਲਕਾ ਮੋਹਾਲੀ ਦੇ ਮੁਦਿਆ ਤੇ ਰੱਖੀ ਵਰਕਰ ਮਿਲਣੀ ਨੇ ਰੈਲੀ ਦਾ ਰੂਪ ਧਾਰ ਲਿਆ, ਇਸ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਪਹੁੰਚੇ  ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਡਸਾ ਨੇ ਵਿਸ਼ਾਲ ਠਾਠਾਂ ਮਾਰਦੇ ਜਨਤਕ ਸੈਲਾਬ ਨੂੰ ਸੰਬੋਧਨ  ਕਰਦਿਆਂ ਕਿਹਾ ਕਿ ਪੰਜਾਬ ਨੂੰ ਸਮੇ ਦਾ ਹਾਣੀ ਬਣਾਉਣ ਲਈ ਰਵਾਇਤੀ ਤੇ ਭਿ੍ਸ਼ਟ ਪਾਰਟੀਆਂ ਨੂੰ  ਲਾਂਭੇ ਕਰਨਾ ਬੇਹੱਦ ਜ਼ਰੂਰੀ ਹੈ ਉਹਨਾ ਕਿਹਾ ਕਿ ਜੋ ਹਲਾਤ ਹੁਕਮਰਾਨਾਂ ਨੇ ਬਣਾ ਦਿੱਤੇ ਹਨ ਉਹ ਪੰਜਾਬ ਦੀ ਵਿਗੜ ਰਹੀ ਆਰਥਿਕ, ਸਮਾਜਿਕ ਤੇ ਰਾਜਨੀਤਿਕ ਹਾਲਤ ਨੂੰ  ਹੋਰ ਵਿਗਾੜ ਦੇਣਗੇ | ਉਨਾਂ  ਕਿਹਾ ਕਿ ਗੁਲਾਮ ਭਾਰਤ ਨੂੰ  ਅੰਗਰੇਜ ਸਾਮਰਾਜ ਤੋ ਮੁਕਤੀ ਦਵਾਉਣ ਲਈ ਪੰਜਾਬੀਆਂ ਨੇ ਖੂਨ ਡੋਲਿਆ, ਗੋਲੀਆਂ ਖਾਧੀਆਂ, ਕਾਲੇ-ਪਾਣੀ ਦੀਆਂ ਸਜਾਵਾਂ ਕੱਟੀਆਂ, ਸ਼ਹੀਦ ਭਗਤ ਸਿੰਘ ਤੇ  ਸਾਥੀਆਂ ਫਾਂਸੀ ਦੇ ਰੱਸਿਆਂ ਨੂੰ  ਹੱਸਦੇ ਚੁੰਮਿਆ | ਸਭ ਤੋ ਜਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਪਰ ਅਫਸੋਸ  ਹੈ ਕਿ  ਇਹਨਾ ਦੀਆਂ ਕੁਰਬਾਨੀਆਂ ਦਾ ਫਾਇਦਾ  ਪੂੰਜੀਪਤੀਆਂ ਨੇ ਚੁੱਕਦਿਆ ਅਪਣੇ ਕਾਰੋਬਾਰ ਨੂੰ  ਵਧਾਉਣ ਲਈ ਪੰਜਾਬ ਦੇ ਲੋਕਾਂ ਦੀ ਲੁੱਟ ਘਸੁੱਟ ਕੀਤੀ ਅਤੇ ਪੰਜਾਬ ਨੂੰ  ਆਰਥਿਕ ਮੰਦਹਾਲੀ ਵਿਚ ਧੱਕ ਦਿੱਤਾ ਜਿਸਦਾ ਖਮਿਆਜ਼ਾ ਪੰਜਾਬ ਦੇ ਲੋਕ ਭੁਗਤ ਰਹੇ ਹਨ । ਉਨ੍ਹਾਂ ਮੋਹਾਲੀ ਦੀ ਸੰਗਤ ਨੂੰ  ਅਪੀਲ ਕੀਤੀ ਕਿ ਇਹਨਾ ਭਿ੍ਸ਼ਟ ਪਾਰਟੀਆਂ ਨੂੰ  ਪੰਜਾਬ ਵਿੱਚ ਚੱਲਦਾ ਕਰਨ ਲਈ ਉਹ ਉਨ੍ਹਾਂ ਦਾ ਸਾਥ ਦੇਣ ।  ਬੱਬੀ ਬਾਦਲ ਨੇ ਇਥੇ ਅਹਿਦ ਲਿਆ ਕਿ ਉਹ ਮੋਹਾਲੀ ਤੋਂ ਚੋਣ ਲੜ ਕੇ ਲੋਕਾਂ ਦੀ ਉਮੀਦਾਂ ਤੇ ਖਰਾਂ ਉਤਰਨ ਗੇ ਅਤੇ ਮੁਹਾਲੀ ਦੇ ਅਧੂਰੇ ਕੰਮਾਂ ਨੂੰ  ਨੇਪਰੇ ਚਾੜ੍ਹਨਗੇ।

Comment here