ਅਪਰਾਧਸਿਆਸਤਖਬਰਾਂਦੁਨੀਆ

ਕੌਣ ਸੁਣੇ ਕਾਬੁਲੀਵਾਲਿਆਂ ਦਾ ਦਰਦ…

ਨਵੀਂ ਦਿੱਲੀ- ਅਫਗਾਨਿਸਤਾਨ ਵਿੱਚ ਤਾਲਿਬਾਨਾਂ ਵਲੋਂ ਸੱਤਾ ਤੇ ਕਬਜ਼ਾ ਕਰਨ ਤੋਂ ਬਾਅਦ ਪੈਦਾ ਹੋਏ ਅਸਥਿਰਤਾ ਵਾਲੇ ਮਹੌਲ ਕਾਰਨ ਹੋਰ ਮੁਲਕਾਂ ਚ ਰੁਜ਼ਗਾਰ ਖਾਤਰ ਗਏ ਅਫਗਾਨ ਦੇ ਲੋਕ ਬੇਹੱਦ ਖੌਫਜ਼ਦਾ ਤੇ ਗਮਗੀਨ ਹਨ। ਅਸਲ ਵਿੱਚ ਜਦ ਤੋਂ ਜੰਗ ਦਾ ਮਹੌਲ ਭਖਿਆ, ਉਦੋਂ ਤੋਂ ਹੀ ਉਹਨਾਂ ਦਾ ਆਪਣੇ ਪਿੱਛੇ ਰਹਿੰਦੇ ਪਰਿਵਾਰਾਂ, ਦੋਸਤਾਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਭਾਰਤ ਵਿੱਚ ਰਹਿੰਦੇ ਅਫਗਾਨੀ ਮੂਲ ਦੇ ਕਾਬੁਲੀਵਾਲੇ ਵੀ ਪ੍ਰੇਸ਼ਾਨ ਹਨ। ਕੋਲਕਾਤਾ ਵਿੱਚ ਰਹਿੰਦੇ ਕਾਬੁਲੀਵਾਲੇ ਫਿਕਰਮੰਦ ਹਨ ਕਿ ਉਨ੍ਹਾਂ ਦਾ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਉਹ ਇੱਥੇ ਘਰ-ਘਰ ਫੇਰੀ ਪਾ ਕੇ ਆਪਣੇ ਮੁਲਕ ਦੇ ਸੁੱਕੇ ਮੇਵੇ, ਕਾਲੀਨ ਤੇ ਪਰਫਿਊਮ ਵੇਚਦੇ ਹਨ। ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ 58 ਵਰ੍ਹਿਆਂ ਦੇ ਓਮਾਰ ਮਸੂਦ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਉਸ ਦਾ ਕੰਦੂਜ਼ ਰਹਿੰਦੇ ਪਰਿਵਾਰ ਤੇ ਦੋਸਤਾਂ ਨਾਲ ਰਾਬਤਾ ਨਹੀਂ ਹੋ ਰਿਹਾ ਹੈ। ਮਸੂਦ ਨੇ ਦੱਸਿਆ ਕਿ ਜੁਲਾਈ ਵਿੱਚ ਆਖ਼ਰੀ ਵਾਰ ਉਸ ਦੀ ਆਪਣੇ ਛੋਟੇ ਭਰਾ ਅਤੇ ਪਰਿਵਾਰ ਨਾਲ ਗੱਲ ਹੋਈ ਸੀ। ਉਹ ਮਈ ਤੋਂ ਉਨ੍ਹਾਂ ਨੂੰ ਅਫ਼ਗਾਨਿਸਤਾਨ ਛੱਡ ਕੇ ਭਾਰਤ ਜਾਂ ਹੋਰ ਮੁਲਕ ਵਿੱਚ ਜਾਣ ਲਈ ਕਹਿ ਰਿਹਾ ਸੀ। ਇਸੇ ਤਰ੍ਹਾਂ ਮੁਹੰਮਦ ਖ਼ਾਨ (49) ਜੋ ਕਾਬੁਲ ਤੋਂ ਪਿਛਲੇ ਸਾਲ ਵਾਪਸ ਕੋਲਕਾਤਾ ਆ ਗਿਆ ਸੀ, ਨੇ ਕਿਹਾ ਕਿ ਜਦੋਂ ਤਾਲਿਬਾਨ ਨੇ ਪਹਿਲੀ ਵਾਰ ਅਫ਼ਗਾਨਿਤਾਨ ਨੂੰ ਆਪਣੇ ਕੰਟਰੋਲ ਹੇਠ ਲਿਆ ਸੀ ਤਾਂ ਉਸ ਨੇ 90ਵਿਆਂ ਦੇ ਅੱਧ ਵਿੱਚ ਅਫ਼ਗਾਨਿਸਤਾਨ ਛੱਡਿਆ ਸੀ। ਮਗਰੋਂ ਹਾਲਾਤ ਠੀਕ ਹੋਏ ਤਾਂ ਉਸ ਨੇ ਮੁੜ ਘਰ ਜਾਣ ਦਾ ਫ਼ੈਸਲਾ ਕੀਤਾ ਅਤੇ ਉੱਥੇ ਦੁਕਾਨ ਵੀ ਖੋਲ੍ਹੀ। ਫੇਰ ਬਾਅਦ ਵਿੱਚ ਅਮਰੀਕਾ ਨੇ ਦੇਸ਼ ਤੋਂ ਆਪਣੀਆਂ ਫੌਜਾਂ ਵਾਪਸ ਸੱਦਣ ਦਾ ਫ਼ੈਸਲਾ ਕਰ ਲਿਆ ਜਿਸ ਮਗਰੋਂ ਸਥਿਤੀ ਭਿਆਨਕ ਹੋਣੀ ਸ਼ੁਰੂ ਹੋ ਗਈ। ਉਸ ਕੋਲ ਆਪਣੇ ਪਰਿਵਾਰ ਸਮੇਤ ਵਾਪਸ ਕੋਲਕਾਤਾ ਆਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਅੱਜ ਓਥੇ ਦੀਆਂ ਖਬਰਾਂ ਪੜ ਸੁਣ ਕੇ ਉਹ ਡਾਢੇ ਪ੍ਰੇਸ਼ਾਨ ਹੋ ਰਹੇ ਹਨ ਤੇ ਕਹਿੰਦੇ ਹਨ ਕਿ ਦੁਆ ਹੀ ਕਰ ਸਕਦੇ ਹਾਂ ਕਿ ਅੱਲਾ ਸਭ ਠੀਕ ਕਰ ਦੇਵੇ।

Comment here