ਵਿਸ਼ੇਸ਼ ਲੇਖ

ਮਨੁੱਖਤਾ ਲਈ ਕਿੰਨਾ ਘਾਤਕ ਹੈ ਪਲਾਸਟਿਕ!!

ਮਨੁੱਖਤਾ ’ਚ ਹਮੇਸ਼ਾਂ ਆਪਣੀ ਜ਼ਿੰਦਗੀ ਨੁੰ ਬਿਹਤਰ ਬਣਾਉਣ ਦੀ ਤਾਂਘ ਰਹੀ ਹੈ, ਮਨੁੱਖ ਲਗਾਤਾਰ ਕੁਦਰਤ ਨਾਲ਼ ਸੰਘਰਸ਼ ’ਚ ਚੀਜਾਂ, ਪ੍ਰਕਿਰਿਆਵਾਂ ਜਾਣਦਾ, ਸਿੱਖਦਾ ਆਇਆ ਹੈ ਅਤੇ ਇਨ੍ਹਾਂ ਜਾਣਕਾਰੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਵਰਤਦਾ ਆਇਆ ਹੈ। ਆਪਣੇ ਇਤਿਹਾਸ ਵਿੱਚ ਮਨੁੱਖ ਨੇ ਅੱਗ ਦੀ ਭਾਲ ਕੀਤੀ, ਪਹੀਆ ਇਜਾਦ ਕੀਤਾ ਅਤੇ ਭਾਸ਼ਾ ਜਿਹੀ ਉੱਨਤ ਤਕਨੀਕ ਵਿਕਸਤ ਕੀਤੀ। 19ਵੀਂ-20ਵੀਂ ਸਦੀ ’ਚ ਮਨੁੱਖ ਨੇ ਨਵੀਆਂ ਪੁਲਾਂਘਾਂ ਪੁੱਟੀਆ ਅਤੇ ਰੇਲ, ਜਹਾਜ, ਟੈਲੀਫੋਨ ਆਦਿ ਵਰਗੀਆਂ ਉੱਨਤ ਕਾਢਾਂ ਮਨੁੱਖਤਾ ਦੇ ਲੇਖੇ ਲਾਈਆਂ। ਇਸੇ ਸਮੇਂ ਵਧ ਰਹੀ ਪੈਦਾਵਾਰ ਨੇ ਕੱਚੇ ਮਾਲ ਦੀ ਮੰਗ ਨੂੰ ਕਈ ਗੁਣਾ ਵਧਾ ਦਿੱਤਾ ਜਿਸ ਕਰਕੇ ਵੱਖ-ਵੱਖ ਧਾਤਾਂ ਦੀ ਮੰਗ ਵੀ ਕਈ ਗੁਣਾ ਵਧ ਗਈ। ਇਸਦੇ ਨਾਲ਼ ਹੀ ਲੱਕੜ/ਰੁੱਖਾਂ, ਹਾਥੀ ਦੰਦ ਤੇ ਹੋਰ ਜੀਵਾਂ ਦੇ ਅੰਗਾਂ ਦੀ ਮੰਗ ਵੀ ਵਧ ਗਈ।

ਇਹ ਵਧਦੀ ਮੰਗ ਇਹਨਾਂ ਜੀਵਾਂ, ਦਰੱਖਤਾਂ ਜਾਂ ਧਾਤਾਂ ਲਈ ਇੱਕ ਤਰ੍ਹਾਂ ਖਤਰੇ ਦੀ ਘੰਟੀ ਸੀ। ਇੱਕ ਅਮਰੀਕੀ ਕੰਪਨੀ ਫੈਲੇਨ ਐਂਡ ਕੋਲੇਂਡਰ ਜੋ ਕਿ ਹਾਥੀ ਦੰਦਾਂ ਤੋਂ ਬਿਲਿਆਰਡ ਦੀਆਂ ਗੇਂਦਾ ਬਣਾਉਦੀ ਸੀ, ਨੇ 10,000 ਡਾਲਰ (ਜੋ ਕਿ ਉਸ ਸਮੇਂ ਇੱਕ ਵੱਡੀ ਰਕਮ ਸੀ) ਦਾ ਬਜਟ ਇਸ ਖੋਜ ਲਈ ਰੱਖਿਆ ਕਿ ਕੋਈ ਵਿਗਿਆਨੀ ਇਸਦਾ ਬਦਲ ਪੇਸ਼ ਕਰੇ। 1869 ’ਚ ਜੌਹਨ ਵੈਸਲੇ ਹੈਆਤ ਨੇ ਕਪਾਹ ਦੇ ਸੈਲੂਲੋਜ ਨੂੰ ਵਰਤ ਕੇ ਪਲਾਸਟਿਕ ਬਣਾਈ। ਪਰ ਇਸਦੇ ਛੇਤੀ ਅੱਗ ਫੜਨ ਕਾਰਨ ਇਸਨੂੰ ਜਿਆਦਾ ਸਫਲਤਾ ਨਾ ਮਿਲ਼ ਸਕੀ। ਫਿਰ 1907 ਬੈਕਲੈਂਡ ਇੱਕ ਨਵੀਂ ਤਰ੍ਹਾਂ ਦੀ ਸਿੰਥੇਟਿਕ ਪਲਾਸਟਿਕ ਦੀ ਖੋਜ ਕੀਤੀ ਜਿਸਨੂੰ ਉਸਨੇ ਬੇਕੇਲਾਈਟ ਦਾ ਨਾਮ ਦਿੱਤਾ। ਇਹ ਪਹਿਲੀ ਪਲਾਸਟਿਕ ਸੀ ਜਿਸਨੂੰ ਸਫਲਤਾ ਹਾਸਲ ਹੋਈ, ਇਹ ਇੱਕ ਤਰ੍ਹਾਂ ਦਾ ਚਮਤਕਾਰ ਸੀ, ਜਾਦੂ ਸੀ ਕਿਉਂਕਿ ਇਹ ਮਨੁੱਖ ਹੱਥੋਂ ਬਣੀ ਕੋਈ ਪਹਿਲੀ ਤਲਿਸਮੀ ਵਸਤ ਸੀ ਜਿਸਨੂੰ ਕਿਸੇ ਵੀ ਆਕਾਰ, ਬਣਤਰ ਜਾਂ ਰੰਗ-ਰੂਪ ਵਿੱਚ ਢਾਲ਼ਿਆ ਜਾ ਸਕਦਾ ਸੀ ਇਹ ਲੰਮਾਂ ਸਮਾਂ ਬਿਨਾਂ ਕਿਸੇ ਜੰਗ ਲੱਗੇ ਜਾਂ ਗਲੇ ਸੜੇ ਹਰ ਤਰ੍ਹਾਂ ਦੇ ਮੌਸਮਾਂ ਨੂੰ ਝੱਲ ਸਕਦੀ ਸੀ।

ਅੱਜ 2021 ਵਿੱਚ ਪਲਾਸਟਿਕ ਬਣਾਉਣ ਦੀਆਂ ਹੋਰ ਕਈ ਵਿਧੀਆਂ ਵਿਕਸਤ ਹੋ ਚੁੱਕੀਆਂ ਹਨ ਇਹ ਪੈਟਰੋਕੈਮਿਕਲਜ ਤੋਂ ਵੀ ਬਣ ਰਹੀ ਹੈ ਅਤੇ ਇਸਨੂੰ ਰੰਗ-ਰੂਪ ਜਾਂ ਆਕਾਰ ਬਦਲੀ ਲਈ ਇਸ ਵਿੱਚ ਹੋਰ ਕਈ ਤਰ੍ਹਾਂ ਦੇ ਰਸਾਇਣ ਮਿਲ਼ਾਏ ਜਾ ਰਹੇ ਹਨ ਜੋ ਇਸਨੂੰ ਸਖਤ ਜਾਂ ਲਚਕੀਲੀ ਬਣਾਉਣ ਲਈ ਮਦਦਗਾਰ ਹਨ। ਇਹ ਅਧੁਨਿਕ ਸਨਅਤ ਲਈ ਵਰਦਾਨ ਬਣਕੇ ਆਈ। ਪਲਾਸਟਿਕ ਫੇਰ ਫੈਕਟਰੀਆਂ, ਮਸ਼ੀਨਰੀ ’ਚੋਂ ਨਿੱਕਲ ਕੇ ਆਮ ਲੋਕਾਂ ਤੱਕ ਪਹੁੰਚ ਗਈ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕਾ ’ਚ ਪਲਾਸਟਿਕ ਦੀ ਪੈਦਾਵਾਰ ਵਿੱਚ 300 ਫੀਸਦੀ ਵਾਧਾ ਹੋਇਆ ਜਿਸਦਾ ਮੁੱਖ ਕਾਰਨ ਸੀ ਕਿ ਯੁੱਧ ਦੌਰਾਨ ਅਮਰੀਕਾ ਆਪਣੇ ਸ੍ਰੋਤ ਬਚਾਉਣਾ ਚਾਹੁੰਦਾ ਸੀ ਜੋ ਵੱਡੇ ਪੱਧਰ ’ਤੇ ਬਣ ਰਹੇ ਜੰਗੀ ਸਮਾਨ ਲਈ ਵਰਤੇ ਜਾ ਰਹੇ ਸਨ। ਆਉਣ ਵਾਲ਼ੇ ਸਮੇਂ ਵਿੱਚ ਇਹੋ ਪਲਾਸਟਿਕ ਘਰ-ਘਰ ਆਮ ਹੋ ਗਈ। 1950 ਤੋਂ ਹੁਣ ਤੱਕ 8 ਅਰਬ 30 ਕਰੋੜ ਟਨ ਪਲਾਸਟਿਕ ਪੈਦਾ ਕੀਤੀ ਜਾ ਚੁੱਕੀ ਹੈ। ਇਸ ਜਾਦੂਮਈ ਪਲਾਸਟਿਕ ਦੀ ਇਹੀ ਖੂਬੀ ਸੀ ਕਿ ਇਹ ਗਲਦੀ ਸੜਦੀ ਨਹੀਂ, ਇਹ ਟਿਕਾਉ ਹੈ। ਪਰ ਕੁੱਝ ਸਮੇਂ ਬਾਅਦ ਹੀ ਇਹ ਵਰਦਾਨ ਇੱਕ ਸ਼ਰਾਪ ਸਾਬਿਤ ਹੋਇਆ ਕਿਉਂਕਿ ਪਲਾਸਟਿਕ ਧੜਾ-ਧੜ ਬਣਾਈ ਤਾਂ ਜਾ ਰਹੀ ਸੀ ਪਰ ਇਸਨੂੰ ਖਤਮ ਨਹੀਂ ਸੀ ਕੀਤਾ ਜਾ ਸਕਦਾ। ਇਸਦਾ ਨਤੀਜਾ ਇਹ ਹੋਇਆ ਕਿ ਸਮੁੰਦਰਾਂ ਦੀ ਗਹਿਰਾਈ ਤੋਂ ਪਹਾੜਾਂ ਦੀ ਉਚਾਈ ਤੱਕ ਹਰ ਥਾਂ ਪਲਾਸਟਿਕ ਪਹੁੰਚ ਗਈ।

ਜਦੋਂ ਇਹ ਫਿਕਰ ਦਾ ਵਿਸ਼ਾ ਬਣਕੇ ਸਾਹਮਣੇ ਆਈ ਤਾਂ ਇੱਕ ਗੈਰ-ਸਰਕਾਰੀ ਸੰਸਥਾ ‘ਕੀਪਿੰਗ ਅਮੇਰਿਕਾ ਬਿਉਟੀਫੁੱਲ’ ਨੇ ਇੱਕ ਵਿਗਿਆਪਨ ਬਣਾਇਆ ਜਿਸ ਵਿੱਚ ਉਹਨਾਂ ਨੇ ਪਲਾਸਟਿਕ ਦੀ ਵਧ ਰਹੀ ਮਾਤਰਾ ਪ੍ਰਤੀ ਫਿਕਰਮੰਦੀ ਦਰਸਾਈ, ਪਰ ਇਹਨਾਂ ਅਨੁਸਾਰ ਜੋ ਵੀ ਪਲਾਸਟਿਕ ਬਣ ਰਹੀ ਹੈ ਜਾਂ ਇਸਦੇ ਕਰਕੇ ਜਿੰਨਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਇਸਦੇ ਜਿੰਮਵਾਰ ਆਮ ਲੋਕ ਹਨ। ਤੁਸੀ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਸੰਸਥਾਂ ਨੂੰ ਚਲਾਉਣ ਵਾਲ਼ੀ ਕੰਪਨੀ ਕੋਕਾ-ਕੋਲਾ ਹੈ, ਉਹ ਕੰਪਨੀ ਜੋਕਿ ਸਭ ਤੋਂ ਵੱਧ ਪਲਾਸਟਿਕ ਪੈਦਾ ਕਰਦੀ ਹੈ। ਇਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਇਸ ਸੰਸਥਾਂ ਨੇ ਪਲਾਸਟਿਕ ਪ੍ਰਦੂਸ਼ਣ ਦਾ ਸਾਰਾ ਦੋਸ਼ ਲੋਕਾਂ ਉੱਪਰ ਮੜ੍ਹ ਦਿੱਤਾ ਕਿਉਂਕਿ ਇਹਨਾਂ ਨੇ ਅਸਲੀ ਚੋਰ ਦਾ ਬਚਾਅ ਕਰਨਾ ਸੀ ਜੋ ਕਿ ਇਸ ਪਲਾਸਟਿਕ ਨੂੰ ਪੈਦਾ ਕਰਨ ਅਤੇ ਪ੍ਰਦੂਸ਼ਣ ਫੈਲਾਉਣ ਲਈ ਮੁੱਖ ਜਿੰਮੇਵਾਰ ਹੈ।

ਅੱਜ ਤੁਸੀਂ ਆਪਣੇ ਆਲ਼ੇ ਦੁਆਲ਼ੇ ਦੇਖੋ, ਅਸੀਂ ਹਰ ਪਾਸਿਓ ਪਲਾਸਟਿਕ ਨਾਲ਼ ਘਿਰੇ ਹੋਏ ਹਾਂ, ਸਾਡੇ ਸਵੇਰ ਦੇ ਦੰਦ ਸਾਫ ਕਰਨ ਵਾਲ਼ੇ ਬੁਰਸ਼ ਤੋਂ ਲੈਕੇ ਸਾਬਣ, ਸੈਂਪੂਆਂ ਦੇ ਲਿਫਾਫਿਆਂ ਤੱਕ, ਖਾਣ ਪੀਣ ਵਾਲ਼ੇ ਬਰੈੱਡਾਂ ਜਾਂ ਦੁੱਧ ਦੇ ਪੈਕਟਾਂ ਤੋਂ ਕੁਰਕਰੇ, ਲੇਜ਼ ਤੱਕ ਹਰ ਵਸਤ ਰਾਹੀ ਅਸੀਂ ਪਲਾਸਟਿਕ ਨਾਲ਼ ਘਿਰੇ ਹੋਏ ਹਾਂ। ਇਹੀ ਪਲਾਸਟਿਕ ਸਾਡੇ ਨਦੀਆਂ, ਨਾਲ਼ੇ, ਸਮੁੰਦਰਾਂ ’ਚ ਵੀ ਹਿੱਸਾ ਬਣ ਚੁੱਕੀ ਹੈ। ਵੱਡੇ ਸ਼ਹਿਰਾਂ ਦੇ ਬਾਹਰ ਕੂੜੇ ਦੇ ਢੇਰ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਕੋਈ ਇਹ ਪਹਾੜ ਹੋਣ। ਪਹਾੜਾਂ ਉੱਪਰ ਵੀ ਭਾਵੇਂ ਇਹ ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਹੀ ਕਿਉਂ ਨਾ ਹੋਵੇ ਉੱਥੇ ਵੀ ਪਲਾਸਟਿਕ ਮੌਜੂਦ ਹੈ। ਸਮੁੰਦਰਾਂ ਦੀ ਗਹਿਰਾਈ ਵਿੱਚ ਜਿੱਥੇ ਸੂਰਜ ਦੀ ਰੌਸ਼ਨੀ ਵੀ ਨਹੀਂ ਪਹੁੰਚਦੀ ਉੱਥੇ ਵੀ ਅੱਜ ਪਲਾਸਟਿਕ ਪਹੁੰਚ ਚੁੱਕੀ ਹੈ। ਇਸ ਲਈ ਇਹ ਪਲਾਸਟਿਕ ਅੱਜ ਸਾਡੇ ਗ੍ਰਹਿ ਧਰਤੀ ਉੱਪਰ ਇੱਕ ਵੱਡੀ ਮਾਤਰਾ ’ਚ ਪਾਈ ਜਾਣ ਵਾਲ਼ੀ ਗੈਰ-ਕੁਦਰਤੀ ਵਸਤ ਬਣ ਚੁੱਕੀ ਹੈ ਜੋ ਕਿ ਕੁੱਲ ਧਰਤੀ ਦੇ ਵਾਤਾਵਰਣ ਅਤੇ ਜੀਵਨ ਲਈ ਖਤਰਾ ਬਣ ਕੇ ਖੜ੍ਹੀ ਹੈ। ਹੁਣ ਤੱਕ ਪੈਦਾ ਹੋ ਚੁੱਕੀ 830 ਕਰੋੜ ਮੀਟਰਿਕ ਟਨ ਪਲਾਸਟਿਕ ਦਾ ਸਿਰਫ 9 ਫਿਸਦੀ ਹਿੱਸਾ ਹੀ ਮੁੜ-ਵਰਤਿਆ ਗਿਆ ਹੈ, ਵੱਡੀ ਗੱਲ ਇਹ ਹੈ ਕਿ ਇਸ ਪਲਾਸਟਿਕ ਦਾ ਅੱਧ ਤਾਂ ਸਿਰਫ ਪਿਛਲੇ ਪੰਦਰਾਂ ਸਾਲਾਂ ਵਿੱਚ ਹੀ ਪੈਦਾ ਹੋਇਆ ਹੈ। ਇਸਦੀ ਪੈਦਾਵਾਰ ’ਚ ਇਹ ਵਾਧਾ ਹੋਰ ਵੀ ਖਤਰੇ ਦੀ ਘੰਟੀ ਹੈ।

ਸਵਾਲ ਉੱਠਦਾ ਹੈ ਕਿ ਜੇ ਪਲਾਸਿਟਕ ਗਲ਼ਦੀ ਨਹੀਂ ਤਾਂ ਇਹ ਕਿੱਥੇ ਜਾ ਰਹੀ ਹੈ? ਤੁਸੀਂ ਗੂਗਲ ’ਤੇ ਜੀ.ਪੀ.ਜੀ.ਪੀ. ਲਿਖ ਕੇ ਵੇਖੋ ਤੁਹਾਨੂੰ ਇਹ ਜਾਨਣ ਵਿੱਚ ਮਦਦ ਮਿਲ਼ੇਗੀ ਕਿ ਇਹ ਬੇਹਿਸਾਬ ਪਲਾਸਟਿਕ ਵਰਤੋਂ ਤੋਂ ਬਾਅਦ ਕਿੱਥੇ ਜਾਂਦੀ ਹੈ। ਜੀ.ਪੀ.ਜੀ.ਪੀ. ਦਾ ਅਰਥ ਹੈ ‘ਦ ਗ੍ਰੇਟ ਪੇਸੇਫਿਕ ਗਾਰਬੇਜ ਪੈਚ’ ਜੋ ਕਿ ਕੂੜੇ ਦਾ ਇੱਕ ਸਮੁੰਦਰੀ ਟਾਪੂ ਹੈ ਜਿਸਦਾ ਅਕਾਰ ਫਰਾਂਸ ਤੋਂ ਵੀ ਤਿੰਨ ਗੁਣਾ ਵੱਡਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲਗਭਗ ਇਸ ਵਿੱਚ 30 ਤੋਂ ਵੱਧ ਪੰਜਾਬ ਆ ਜਾਣਗੇ। ਇਹ ਕੂੜੇ ਦਾ ਢੇਰ ਅਮਰੀਕਾ ਦੇ ਕੈਲੀਫੋਰਨੀਆਂ ਅਤੇ ਹਵਾਈ ਟਾਪੂ ਵਿਚਕਾਰ ਸਥਿਤ ਹੈ ਜਿਸ ਵਿੱਚ ਸਮੁੰਦਰੀ ਲਹਿਰਾਂ ਇੱਕੋਂ ਥਾਂ ਘੁੰਮਦੀਆਂ ਰਹਿੰਦੀਆਂ ਹਨ ਜੋ ਕਿ ਉੱਥੇ ਮੌਜੂਦ ਹਰ ਵਸਤ ਨੂੰ ਇਕੱਠਾ ਕਰ ਦਿੰਦੀਆਂ ਹਨ। ਪਲਾਸਟਿਕ ਵਰਤੋਂ ਤੋਂ ਬਾਅਦ ਸਮੁੰਦਰਾਂ, ਨਦੀਆਂ, ਨਾਲਿਆਂ ਵਿੱਚ ਵਹਾ ਦਿੱਤੀ ਜਾਂਦੀ ਹੈ। ਉੱਨਤ ਦੇਸ਼ ਆਪਣੇ ਮੁਲਕ ਦੀ ਸਾਰੀ ਪਲਾਸਟਿਕ ਤੀਜੀ ਦੁਨੀਆ ਦੇ ਦੇਸ਼ਾਂ ’ਚ ਭੇਜ ਦਿੰਦੇ ਹਨ। ਸਮੁੰਦਰੀ ਜੀਵ ਖਾਸ ਤੌਰ ’ਤੇ ਮੱਛੀਆ ਹਰ ਸਾਲ 12,000 ਤੋਂ 24,000 ਟਨ ਪਲਾਸਟਿਕ ਨਿਗਲ ਲੈਂਦੀਆਂ ਹਨ। 50 ਫੀਸਦੀ ਸਮੁੰਦਰੀ ਕੱਛੂ ਵੀ ਲਗਭਗ ਪਲਾਸਟਿਕ ਨਿਗਲ ਰਹੇ ਹਨ। ਇਹ ਕੁੱਲ ਭੋਜਨ ਲੜੀ ’ਚ ਮਨੁੱਖ ਜਾਂ ਹੋਰ ਸਾਰੇ ਜੀਵਾਂ ਲਈ ਵੀ ਖਤਰਾ ਹੈ ਜੋ ਕਿ ਸਮੁੰਦਰੀ ਜੀਵਾਂ ਉੱਪਰ ਨਿਰਭਰ ਹਨ। ਇਸਨੂੰ ਬਾਇਓ- ਮੇਗਨੀਫਿਕੇਸ਼ਨ ਆਖਦੇ ਹਨ ਜਿਸਦਾ ਅਰਥ ਹੈ ਕਿ ਜੋ ਭੋਜਨ ਲੜੀ ਵਿੱਚ ਸਭ ਤੋਂ ਹੇਠਲੇ ਜੀਵ ਜੋ ਖਾ ਰਹੇ ਹਨ ਉਹ ਉੱਪਰਲੇ ਪੱਧਰ ਤੱਕ ਜਾਂਦਾ ਹੈ, ਸਭ ਤੋਂ ਅਖੀਰ ’ਚ ਜੋ ਜੀਵ ਹੋਵੇਗਾ ਉਸ ਵਿੱਚ ਇਹ ਪ੍ਰਦੂਸ਼ਣ ਇਕੱਠਾ ਹੋ ਜਾਵੇਗਾ ਜਿਸ ਨਾਲ਼ ਉਸ ਪ੍ਰਜਾਤੀ ਦਾ ਅੰਤ ਵੀ ਹੋ ਜਾਂਦਾ ਹੈ। ਇਸ ਕਰਕੇ ਇਸ ਪਲਾਸਟਿਕ ਦੀ ਬਾਇਓ-ਮੈਗਨਿਫਿਕੇਸ਼ਨ ਵਿੱਚ ਭੋਜਨ ਲੜੀ ਦੇ ਸਭ ਤੋਂ ਉੱਪਰ ਵੀ ਮਨੁੱਖ ਹੀ ਹੈ।

ਪਲਾਸਟਿਕ /ਮਾਇਕਰੋਪਲਾਸਟਿਕ ਦੇ ਮਨੁੱਖ ਨੂੰ ਕੀ ਖਤਰੇ ਹਨ? ਮਾਈਕਰੋ-ਪਲਾਸਟਿਕ ਉਹ ਕਣ ਹੁੰਦੇ ਹਨ ਜਿਨਾਂ ਦਾ ਆਕਾਰ 0.01 ਮਿਲੀ ਮੀਟਰ ਹੁੰਦਾ ਹੈ। ਇਹ ਇੰਨਾ ਛੋਟਾ ਅਕਾਰ ਹੈ ਕਿ ਇਹ ਸਾਡੀਆਂ ਖੂਨ ਦੀਆਂ ਨਾੜਾਂ ਵਿੱਚ ਵੀ ਬੇਰੋਕ ਵਗ ਸਕਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਮਾਈਕਰੋ-ਪਲਾਸਟਿਕ ਦੇ ਬਹੁਤ ਭਿਅੰਕਰ ਨਤੀਜੇ ਸਾਹਮਣੇ ਆਉਣ ਵਾਲ਼ੇ ਹਨ ਕਿਉਂਕਿ ਇਹ ਪਲਾਸਟਿਕ ਹੁਣ ਵਿਕਸਤ ਹੋ ਰਹੇ ਭਰੂਣ ਦੇ ਨਾਲ਼ ਨਾਲ਼ ਮਾਂ ਦੇ ਪਲੇਸੇਂਟਾਂ (ਪਲੇਸੇਂਟਾ ਮਾਂ ਦੇ ਗਰਭ ਦਾ ਉਹ ਹਿੱਸਾ ਹੁੰਦਾ ਹੈ ਜੋ ਕਿ ਵਿਕਸਤ ਹੋ ਰਹੇ ਭਰੂਣ ਨਾਲ਼ ਜੁੜਿਆ ਹੁੰਦਾ ਹੈ ਜਿਸ ਰਾਹੀ ਭਰੂਣ ਖੁਰਾਕ ਅਤੇ ਆਕਸੀਜਨ ਹਾਸਲ ਕਰਦਾ ਹੈ) ਸੈੱਲਾਂ ਵਿੱਚ ਵੀ ਪਾਈ ਗਈ ਹੈ। ਚਾਰ ਤੰਦਰੁਸਤ ਔਰਤਾਂ ਦੇ ਅਧਿਐਨ ਅਨੁਸਾਰ ਜਿਹਨਾਂ ਨੇ ਬਿਲਕੁਲ ਸਹੀ ਬੱਚਿਆਂ ਨੂੰ ਜਨਮ ਦਿੱਤਾ ਉਹਨਾਂ ਦੇ ਪਲੇਸੇਂਟਾ ਵਿੱਚ ਇਹ ਪਾਇਆ ਗਿਆ ਕਿ ਲਗਭਗ 12 ਮਾਇਕਰੋ ਪਲਾਸਟਿਕ ਦੇ ਕਣ ਮੌਜੂਦ ਸਨ। ਇਹ ਕਣ ਅਲੱਗ ਅਲੱਗ ਰੰਗਾਂ ਦੇ ਸਨ ਜੋ ਕਿ ਪੈਕਿੰਗ ਦੇ ਕੰਮਕਾਰ, ਘਰਾਂ ’ਚ ਹੋ ਰਹੇ ਰੰਗ ਰਾਹੀਂ ਜਾਂ ਕੌਸਮੇਟਿਕਸ ਵਿੱਚੋਂ ਆਏ ਸਨ। ਇਹ ਰੁਝਾਨ ਇੰਨਾ ਖਤਰਨਾਕ ਹੈ ਕਿ ਵਿਗਿਆਨੀਆਂ ਨੇ ਇਸਨੂੰ ਇਸ ਸ਼ਬਦ ਨਾਲ਼ ਸੰਬੋਧਿਤ ਕੀਤਾ ਹੈ ਕਿ ਇਹ ਪੈਦਾ ਹੋਣ ਵਾਲ਼ੇ ਬੱਚੇ ਜਨਮ ਤੋਂ ਪਹਿਲਾਂ ਹੀ ਪ੍ਰਦੂਸ਼ਿਤ ਹਨ। ਇਹ ਪਲਾਸਟਿਕ ਸਾਡੇ ਸਰੀਰ ਵਿੱਚ ਬਹੁਤ ਤਰੀਕਿਆਂ ਨਾਲ਼ ਪਹੁੰਚ ਰਹੀ ਹੈ ਜਿਵੇਂ ਕਿ ਡਿਸਪੋਜੇਬਲ ਗਲਾਸਾਂ ਵਿੱਚ ਪੀਤੇ ਜਾਣ ਵਾਲ਼ੇ ਗਰਮ ਪੇਅ ਪਦਾਰਥ, ਕੋਲਡ ਡਰਿੰਕਸ ਜਾਂ ਅਲਕੋਹਲ ਆਦਿ। ਗਾਰਡੀਅਨ ਦੀ ਹੀ ਰਿਪੋਰਟ ਅਨੁਸਾਰ ਨਵਜੰਮੇ ਬੱਚੇ ਜੋ ਕਿ ਚੁੰਘਣੀ ਨਾਲ਼ ਜਦੋਂ ਦੁੱਧ ਜਾਂ ਕੁੱਝ ਹੋਰ ਪੀਂਦੇ ਹਨ ਤਾਂ ਇਹ ਇੱਕ ਵਾਰ ’ਚ ਲੱਖਾਂ ਪਲਾਸਟਿਕ ਕਣ ਅੰਦਰ ਲੈ ਜਾਂਦੇ ਹਨ।

ਅਨਟੋਨਿਓ ਰਿਗੁਸਾ ਅਨੁਸਾਰ, “ਇਹ ਇੰਝ ਹੈ ਜਿਵੇਂ ਸਾਡੇ ਨਵ-ਜਨਮੇ ਬੱਚੇ ਸਾਈਬੋਰਗ ਹੋਣ, ਜੋ ਹੁਣ ਸਿਰਫ ਮਨੁੱਖੀ ਸੈੱਲਾਂ ਤੋਂ ਹੀ ਨਹੀਂ ਬਣੇ ਸਗੋਂ ਇਹ ਜੈਵਿਕ ਅਤੇ ਅਜੈਵਿਕ ਵਸਤਾਂ ਦਾ ਮਿਸ਼ਰਣ ਹੋਣ।” (ਸਾਈਬੋਰਗ ਦਾ ਮਤਲਬ ਇੱਕ ਕਾਲਪਨਿਕ ਮਨੁੱਖ ਤੋਂ ਹੈ ਜੋ ਕਿ ਮਨੁੱਖ ਹੋਣ ਦੇ ਨਾਲ਼-ਨਾਲ਼ ਕੁੱਝ ਧਾਤਾਂ ਤੋਂ ਵੀ ਬਣਿਆ ਹੋਵੇ। )

ਇਹ ਪਲਾਸਟਿਕ ਜੋ ਕਿ ਮਨੁੱਖੀ ਸੈੱਲਾਂ ਅੰਦਰ ਵੀ ਪਹੁੰਚ ਚੁੱਕੀ ਹੈ ਅਤੇ ਬਾਹਰੀ ਵਾਤਾਵਰਣ ਵਿੱਚ ਵੀ ਮੌਜੂਦ ਹੈ ਇਸ ਦੇ ਨੁਕਸਾਨ ਬਹੁਤ ਜ਼ਿਆਦਾ ਹਨ। ਇਹਨਾਂ ਪਲਾਸਟਿਕ ਕਣਾਂ ਚੋਂ ਨਿੱਕਲਣ ਵਾਲ਼ੀਆਂ ਖਤਰਨਾਕ ਰੇਡੀਏਸ਼ਨ ਕਿਰਨਾਂ ਜੋ ਕਿ ਕੈਂਸਰ ਦਾ ਕਾਰਨ ਬਣਦੀਂਆਂ ਹਨ। ਤੁਸੀ ਸੋਚ ਕੇ ਵੇਖੋ ਕਿ ਹੁਣ ਇਹ ਪਲਾਸਟਿਕ ਇਹ ਬੱਚਿਆਂ ਜਾਂ ਮਾਂ ਦੇ ਗਰਭ ’ਚ ਮੌਜੂਦ ਹੈ। ਕੀ ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਲਈ ਸੱਦਾ ਨਹੀਂ ਹੈ? ਦੂਜਾ ਇਹ ਨਵਜਨਮੇ ਬੱਚਿਆ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਖਤਰੇ ਦੀ ਘੰਟੀ ਹੈ। ਮਾਈਕਰੋ ਪਲਾਸਟਿਕ ਕਰਕੇ ਬੱਚਿਆ ’ਚ ਬਿਮਾਰੀਆਂ ਨਾਲ਼ ਲੜਨ ਦੀ ਪ੍ਰਤੀਰੋਧਕ ਸ਼ਕਤੀ ਵੀ ਵਿਕਸਤ ਨਹੀਂ ਹੁੰਦੀ ਹੈ।

ਪਲਾਸਟਿਕ ਬਣਾਉਣ ਲਈ ਵਰਤੀਆਂ ਜਾਣ ਵਾਲ਼ੀਆਂ ਭਾਰੀ ਧਾਤਾਂ ਜਿਵੇਂ ਕਿ ਲੈੱਡ , ਕੈਡਮੀਅਮ, ਪਾਰਾ ਬਹੁਤ ਹੀ ਜ਼ਹਿਰੀਲੀਆਂ ਹਨ ਜੋ ਕਿ ਕੈਂਸਰ ਦਾ ਮੁੱਖ ਕਾਰਨ ਹਨ। ਪਲਾਸਟਿਕ ਕਰਕੇ ਬੱਚੇ ਬਹੁਤ ਸਾਰੇ ਜਨਮਜਾਤ ਰੋਗਾਂ ਨਾਲ਼ ਹੀ ਪੈਦਾ ਹੋ ਰਹੇ ਹਨ। ਪਲਾਸਟਿਕ ਨੂੰ ਪਾਰਦਰਸ਼ੀ ਬਣਾਉਣ ਲਈ ਬਿਸ-ਫਿਨੋਲ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਕੈਂਸਰ, ਥਾਇਓਰੋਏਡ, ਹੋਰਮੋਨਲ ਗੜਬੜਾਂ ਦਾ ਮੁੱਖ ਕਾਰਨ ਬਣਦਾ ਹੈ।

ਇਸ ਸਾਰੇ ਕਾਰੋਬਾਰ ਪਿਛੇ ਕੁੱਝ ਮੁੱਠੀ ਭਰ ਲੋਕਾਂ ਦਾ ਮੁਨਾਫਾ ਲੁਕਿਆ ਹੈ। ਪਲਾਸਟਿਕ ਨੂੰ ਰੋਕਣ ਲਈ ਬਹੁਤ ਸਾਰੇ ਕਨੂੰਨ ਜਾ ਤਰੀਕੇ ਲਿਆਂਦੇ ਜਾਂਦੇ ਹਨ ਪਰ ਇਹ ਸਭ ਚਿੱਟੇ ਹਾਥੀ ਸਾਬਿਤ ਹੁੰਦੇ ਹਨ। ਮਿਸਾਲ ਵਜੋਂ ਤੁਸੀਂ ਕਈ ਵਾਰ ਵੇਖਿਆ ਹੋਣਾ ਕਿ ਬਜਾਰ ਵਿੱਚ ਫਲ, ਸਬਜੀਆਂ ਲਈ ਪਲਾਸਟਿਕ ਦਾ ਲਿਫਾਫਾ ਨਹੀਂ ਮਿਲ਼ਦਾ ਕਿਉਂਕਿ ਇਸ ਉੱਪਰ ਰੋਕ ਲੱਗ ਚੁੱਕੀ ਹੈ, ਪਰ ਕੁਰਕਰੇ, ਲੇਜ ਜਾ ਬਿਸਕੁਟ ਵਰਗੇ ਹੋਰ ਬਹੁਤ ਸਾਰੀਆਂ ਕੰਪਨੀਆਂ ਇਹਨਾਂ ਹੀ ਲਿਫਾਫਿਆ ਵਿੱਚ ਪੈਕਿੰਗ ਕਰਕੇ ਵੇਚ ਰਹੀਆਂ ਹਨ। ਪਲਾਸਟਿਕ ਜਿਸ ਹੱਦ ਤੱਕ ਸਾਡੇ ਜੀਵਨ ਵਿੱਚ ਘੁਸਪੈਠ ਕਰ ਚੁੱਕਾ ਹੈ ਇਸ ਤੋਂ ਖਹਿੜਾ ਛੁਡਾਉਣਾ ਫਿਲਹਾਲ ਮੁਸ਼ਕਿਲ ਹੈ। ਅੱਜ ਵਿਗਿਆਨ ਜਿਸ ਪੜਾਅ ਉੱਪਰ ਪਹੁੰਚ ਚੁੱਕਾ ਹੈ ਉਸ ਵਿੱਚ ਪਲਾਸਟਿਕ ਦਾ ਬਦਲ ਲੱਭਣਾ, ਇਸਦੀ ਮੁੜ ਵਰਤੋਂ ਕਰਨਾ, ਇਸਦੇ ਨੁਕਸਾਨ ਘਟਾਉਣਾ ਤੇ ਇਸਦਾ ਢੁਕਵੇਂ ਢੰਗ ਨਾਲ਼ ਨਿਪਟਾਰਾ ਕਰਨਾ ਕੋਈ ਔਖੀ ਗੱਲ ਨਹੀਂ ਹੈ। ਪਰ ਜਿੰਨਾ ਚਿਰ ਪੈਦਾਵਾਰ ਤੇ ਸਿਆਸਤ ਉੱਪਰ ਮੁਨਾਫੇਖੋਰ ਸਰਮਾਏਦਾਰਾਂ ਦਾ ਕਬਜ ਹੈ ਓਨਾ ਚਿਰ ਇਹ ਪਲਾਸਟਿਕ ਨਾਲ਼ ਮਨੁੱਖਤਾ ਤੇ ਕੁਦਰਤ ਦੀ ਤਬਾਹੀ ਕਰਦੇ ਰਹਿਣਗੇ।

-ਰਤਨ

Comment here