ਸਿਆਸਤਖਬਰਾਂਦੁਨੀਆ

ਬ੍ਰਿਕਸ ਸਿਖ਼ਰ ਸੰਮੇਲਨ ’ਚ ਅਫਗਾਨ ਦੇ ਹਾਲਾਤ ’ਤੇ ਵਿਚਾਰ-ਚਰਚਾ

ਨਵੀਂ ਦਿੱਲੀ –  ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਸੰਗਠਨ ਬ੍ਰਿਕਸ ਨੇ ਲੰਘੇ ਦਿਨ ਅਫ਼ਗਾਨਿਸਤਾਨ ਦੇ ਹਾਲਾਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਅਤੇ ਇਸ ਦੇਸ਼ ਨੂੰ ਅੱਤਵਾਦ ਦੀ ਪਨਾਹਗਾਹ ਬਣਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਬ੍ਰਿਕਸ ਦੇਸ਼ਾਂ ਦੇ ਪ੍ਰਮੁੱਖਾਂ ਦੀ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਸਿਰਫ਼ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਭਾਸ਼ਣ ਵਿਚ ਅਫ਼ਗਾਨਿਸਤਾਨ ਦੇ ਹਾਲਾਤ ਦਾ ਸਿੱਧੇ ਤੌਰ ’ਤੇ ਜ਼ਿਕਰ ਕੀਤਾ ਪਰ ਸਾਰੇ ਦੇਸ਼ਾਂ ਵੱਲੋਂ ਬਾਅਦ ਵਿਚ ਦੱਸਿਆ ਗਿਆ ਕਿ ਅੰਦਰੂਨੀ ਚਰਚਾ ਵਿਚ ਅਫ਼ਗਾਨਿਸਤਾਨ ਇਕ ਵੱਡਾ ਮੁੱਦਾ ਰਿਹਾ। ਮੀਟਿੰਗ ਵਿਚ ਅੱਤਵਾਦ ਅਤੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਹਿਯੋਗ ’ਤੇ ਵੀ ਚਰਚਾ ਹੋਈ। ਮੀਟਿੰਗ ਤੋਂ ਬਾਅਦ ਜਾਰੀ ਐਲਾਨਨਾਮੇ ਵਿਚ ਅਫ਼ਗਾਨਿਸਤਾਨ ਵਿਚ ਸੱਤਾ ਹਾਸਲ ਕਰਨ ਵਾਲੇ ਤਾਲਿਬਾਨ ਤੋਂ ਸਿੱਧੇ ਤੌਰ ’ਤੇ ਉਮੀਦ ਪ੍ਰਗਟਾਈ ਗਈ ਕਿ ਉੱਥੇ ਦੂਜੇ ਦੇਸ਼ਾਂ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸੰਗਠਨਾਂ ਨੂੰ ਪੈਦਾ ਹੋਣ ਨਹੀਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਰੂਸ, ਚੀਨ ਅਤੇ ਭਾਰਤ ਨੇ ਖ਼ਾਸ ਤੌਰ ’ਤੇ ਆਪਣੀਆਂ ਚਿੰਤਾਵਾਂ ਨੂੰ ਸਾਹਮਣੇ ਰੱਖਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਬ੍ਰਿਕਸ ਦੇਸ਼ਾਂ ਨੇ ਅੱਤਵਾਦ ਦੇ ਖ਼ਿਲਾਫ਼ ਇਕ ਕਾਰਜ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਰਜ ਯੋਜਨਾ ਦਾ ਮਤਾ ਭਾਰਤ ਵੱਲੋਂ ਹੀ ਲਿਆਂਦਾ ਗਿਆ ਸੀ। ਬ੍ਰਿਕਸ ਦੀ ਇਹ 15ਵੀਂ ਸਾਲਾਨਾ ਮੀਟਿੰਗ ਸੀ ਅਤੇ ਭਾਰਤ ਇਸ ਸਾਲ ਲਈ ਇਸ ਦਾ ਮੁਖੀ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਲੰਬੇ ਸਮੇਂ ਬਾਅਦ ਇਕ ਹੀ ਵਰਚੁਅਲ ਮੰਚ ’ਤੇ ਆਹਮੋ-ਸਾਹਮਣੇ ਸਨ। ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ ਦਾ ਸਾਇਆ ਨਾ ਤਾਂ ਮੀਟਿੰਗ ਵਿਚ ਦਿੱਸਿਆ ਅਤੇ ਨਾ ਹੀ ਇਸ ਸਿਖ਼ਰ ਸੰਮੇਲਨ ਵਿਚ ਇਸ ਦੀ ਕੋਈ ਝਲਕ ਦਿਸੀ। ਪ੍ਰਧਾਨ ਮੰਤਰੀ ਮੋਦੀ ਨੇ ਚੀਨ ਸਮੇਤ ਸਾਰੇ ਦੇਸ਼ਾਂ ਨੂੰ ਮੀਟਿੰਗ ਨੂੰ ਸਫ਼ਲ ਬਣਾਉਣ ਵਿਚ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਤੋਂ ਇਲਾਵਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੇਨਾਰੋ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਈਰਲ ਰਾਮਾਫੋਸਾ ਨੇ ਵੀ ਮੀਟਿੰਗ ਵਿਚ ਬਿ੍ਰਕਸ ਨੂੰ ਅੱਗੋਂ ਵੀ ਇਕ ਸਫ਼ਲ ਸੰਗਠਨ ਬਣਾਉਣ ਵਿਚ ਹਰ ਸਹਿਯੋਗ ਦੇਣ ਦੀ ਗੱਲ ਕਹੀ। ਬ੍ਰਿਕਸ ਦੇਸ਼ਾਂ ਦੇ ਐਲਾਨਨਾਮੇ ਵਿਚ ਅੱਤਵਾਦ ਦੇ ਖ਼ਿਲਾਫ਼ ਸਾਂਝੀ ਲੜਾਈ ਅਤੇ ਕੌਮਾਂਤਰੀ ਪੱਧਰ ’ਤੇ ਹੋਰ ਡੂੰਘੇ ਸਹਿਯੋਗ ਦੀ ਗੱਲ ਹੈ, ਪਰ ਇਸ ਸਾਲ ਦੇ ਐਲਾਨਨਾਮੇ ਵਿਚ ਅੱਤਵਾਦੀ ਸੰਗਠਨਾਂ ਦਾ ਨਾਂ ਨਹੀਂ ਹੈ, ਜਿਸ ਦੇ ਖ਼ਿਲਾਫ਼ ਇਹ ਦੇਸ਼ ਕਾਰਵਾਈ ਕਰਨ ਦਾ ਮੁੱਦਾ ਚੁੱਕਦੇ ਰਹੇ ਹਨ। ਇਸ ਵਿਚ ਇਹ ਜ਼ਰੂਰ ਹੈ ਕਿ ਬ੍ਰਿਕਸ ਦੇਸ਼ਾਂ ਵਿਚਾਲੇ ਅੱਤਵਾਦ ਦੇ ਖ਼ਿਲਾਫ਼ ਇਕ ਰਣਨੀਤੀ ਬਣਾਉਣ ’ਤੇ ਸਹਿਮਤੀ ਬਣੀ ਹੈ, ਜਿਸ ਦੇ ਤਹਿਤ ਇਕ ਕਾਰਜ ਯੋਜਨਾ ਨੂੰ ਹਰੀ ਝੰਡੀ ਦਿਖਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਹੁਣ ਪਾਕਿਸਤਾਨ ਸਮਰਥਤ ਅੱਤਵਾਦੀ ਸੰਗਠਨਾਂ ਦੇ ਖ਼ਿਲਾਫ਼ ਚੀਨ ਅਤੇ ਦੂਜੇ ਬ੍ਰਿਕਸ ਦੇਸ਼ਾਂ ਦਾ ਜ਼ਿਆਦਾ ਸਮਰਥਨ ਹਾਸਲ ਕਰ ਸਕਦਾ ਹੈ। ਅਫ਼ਗਾਨਿਸਤਾਨ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਐਲਾਨਨਾਮੇ ਵਿਚ ਸਾਰੀਆਂ ਧਿਰਾਂ ਨੂੰ ਕਿਹਾ ਗਿਆ ਹੈ ਕਿ ਉਹ ਛੇਤੀ ਤੋਂ ਛੇਤੀ ਹਿੰਸਾ ਦਾ ਰਸਤਾ ਛੱਡ ਕੇ ਹਾਲਾਤ ਦਾ ਹੱਲ ਸ਼ਾਂਤੀਪੂਰਵਕ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕਰਨ। ਇੱਥੇ ਸਥਿਰਤਾ ਲਈ ਅਫ਼ਗਾਨਿਸਤਾਨ ਦੀਆਂ ਸਾਰੀਆਂ ਧਿਰਾਂ ਵਿਚਾਲੇ ਗੱਲਬਾਤ ਨੂੰ ਉਤਸ਼ਾਹਤ ਕਰਨ ਦੇ ਨਾਲ ਹੀ ਹਾਲ ਵਿਚ ਹਾਮਿਦ ਕਰਜਈ ਹਵਾਈ ਅੱਡੇ ’ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਗਈ ਹੈ। ਬ੍ਰਿਕਸ ਨੇ ਉਮੀਦ ਪ੍ਰਗਟਾਈ ਕਿ ਅਫ਼ਗਾਨਿਸਤਾਨ ਵਿਚ ਅੱਤਵਾਦ ਦੇ ਖ਼ਿਲਾਫ਼ ਲੜਾਈ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਲੜਾਈ ਵਿਚ ਅਫ਼ਗਾਨਿਸਤਾਨ ਨੂੰ ਦੂਜੇ ਦੇਸ਼ਾਂ ਵਿਚ ਅੱਤਵਾਦੀ ਹਮਲੇ ਕਰਨ ਵਾਲਿਆਂ ਦੀ ਪਨਾਹਗਾਹ ਨਹੀਂ ਬਣਨ ਦਿੱਤਾ ਜਾਵੇਗਾ। ਨਾਲ ਹੀ ਅਫ਼ਗਾਨਿਸਤਾਨ ਨੂੰ ਨਸ਼ੀਲੇ ਉਤਪਾਦਾਂ ਦੇ ਕਾਰੋਬਾਰ ਦਾ ਕੇਂਦਰ ਨਹੀਂ ਬਣਨ ਦਿੱਤਾ ਜਾਵੇਗਾ। ਉੱਥੇ ਅਫ਼ਗਾਨੀ ਔਰਤਾਂ, ਬੱਚਿਆਂ ਅਤੇ ਘੱਟ-ਗਿਣਤੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਕਦਮ ਚੁੱਕੇ ਜਾਣਗੇ।

Comment here