ਅਪਰਾਧਖਬਰਾਂ

ਮਿੱਡੂਖੇੜਾ ਕਤਲ ਮਾਮਲੇ ਦੀ ਤਾਰ ਦਿੱਲੀ ਤੇ ਹਰਿਆਣਾ ਨਾਲ ਜੁੜੀ

ਮੋਹਾਲੀ– ਲੰਘੇ ਦਿਨੀ ਮੋਹਾਲੀ ਚ ਯੂਥ ਅਕਾਲੀ ਆਗੂ ਮਿੱਡੂਖੇੜਾ ਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ, ਉਸ ਦੇ ਕਤਲ ਮਾਮਲੇ ‘ਚ ਪੁਲਿਸ ਵਲੋਂ 2 ਗੈਂਗਸਟਰਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਇਕ ਗੈਂਗਸਟਰ ਦਿੱਲੀ ਤੇ ਇਕ ਹਰਿਆਣਾ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਹਾਲੇ ਦੋਵਾਂ ਗੈਂਗਸਟਰਾਂ ਦੀ ਪਛਾਣ ਨਹੀਂ ਦੱਸੀ ਜਾ ਰਹੀ। ਇਸ ਮਾਮਲੇ ‘ਚ ਮੁਹਾਲੀ ਦੀ ਇਕ ਪੁਲਿਸ ਟੀਮ ਦਿੱਲੀ ਪਹੁੰਚ ਚੁੱਕੀ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਵਲੋਂ ਦੋਵਾਂ ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰਨ ਲਈ ਕਈ ਸਬੰਧਿਤ ਰਾਜਾਂ ‘ਚ ਦਬਿਸ਼ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਹੱਥ ਕਈ ਸਬੂਤ ਲੱਗੇ ਹਨ ਤੇ ਜਲਦ ਹੀ ਮੁਲਜ਼ਮਾਂ ਸਬੰਧੀ ਖੁਲਾਸਾ ਕੀਤਾ ਜਾਵੇਗਾ। ਉਧਰ ਪੁਲਿਸ ਨੂੰ ਹਾਲੇ ਤੱਕ ਵਾਰਦਾਤ ‘ਚ ਸ਼ਾਮਲ ਕਾਰ ਵੀ ਨਹੀਂ ਲੱਭੀ, ਜਦਕਿ ਉਕਤ ਕਾਰ ਨੂੰ ਆਖਰੀ ਵਾਰ ਪਾਊਂਟਾ ਸਾਹਿਬ ਨੇੜੇ ਦੇਖਿਆ ਗਿਆ ਸੀ। ਇਸ ਮਾਮਲੇ ਵਿਚ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਦਾ ਕਹਿਣਾ ਹੈ ਕਿ ਵਿੱਕੀ ਦੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਸੀ, ਪ੍ਰੰਤੂ ਉਹ ਵੀ ਸੱਚ ਜਾਨਣਾ ਚਾਹੁੰਦੇ ਹਨ ਕਿ ਵਿੱਕੀ ਦਾ ਕਤਲ ਕਿਸੇ ਨੇ ਕੀਤਾ ਤੇ ਕਰਵਾਇਆ ਹੈ। ਭਾਵੇਂ ਪਰਿਵਾਰ ਵਿੱਕੀ ਦੇ ਕਿਸੇ ਵੀ ਗੈਂਗਸਟਰ ਗਰੁੱਪ ਨਾਲ ਸਬੰਧ ਹੋਣ ਤੋਂ ਇਨਕਾਰ ਕਰ ਰਿਹਾ ਹੈ, ਪ੍ਰੰਤੂ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿੱਕੀ ਮਿੱਡੂਖੇੜਾ ਦੇ ਯੂਨੀਵਰਸਿਟੀ ਪੜ੍ਹਦੇ ਸਮੇਂ ਲਾਰੇਂਸ ਬਿਸ਼ਨੋਈ ਨਾਲ ਨੇੜਲੇ ਸਬੰਧ ਸਨ, ਜੋ ਕਿ ਲਗਾਤਾਰ ਚੱਲ ਰਹੇ ਸਨ। ਇਨ੍ਹਾਂ ਸਬੰਧਾਂ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਲਾਰੇਂਸ ਬਿਸ਼ਨੋਈ ਗੈਂਗ ਵਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸੋਸ਼ਲ ਮੀਡੀਆ ‘ਤੇ ਬਕਾਇਦਾ ਪੋਸਟ ਪਾਈ ਗਈ ਸੀ। ਵਿੱਕੀ ਮਿੱਡੂਖੇੜਾ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵਲੋਂ ਵੀ ਲਾਰੇਂਸ ਬਿਸ਼ਨੋਈ ਗੈਂਗ ਦਾ ਸਾਥੀ ਦੱਸ ਕੇ ਨਸ਼ਾ ਤਸਕਰੀ ਤੇ ਅਸਲ੍ਹਾ ਐਕਟ ਦੇ ਤਹਿਤ ਅਕਤੂਬਰ 2020 ‘ਚ ਮਾਮਲਾ ਦਰਜ ਕੀਤਾ ਗਿਆ ਸੀ।

Comment here