ਕਿਹਾ-ਅੰਦੋਲਨ ਨਾਲ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ
ਕਿਸਾਨ ਜਥੇਬੰਦੀਆਂ ਵਲੋਂ ਸਿਆਸੀ ਧਿਰਾਂ ਦੇ ਵਿਰੋਧ ਤੇ ਭੰਬਲਭੂਸਾ ਬਰਕਰਾਰ
ਚੜੂਨੀ ਦੀ ਚੋਣ ਚਰਚਾ ਤੇ ਆਪਕਿਆਂ ਨੇ ਕਿਹਾ ਸਥਿਤੀ ਸਾਫ ਕਰੋ
ਰਾਜੇਵਾਲ ਨੂੰ ਕਾਂਗਰਸ ਜੁਆਇਨ ਕਰਨ ਦੀ ਸਲਾਹ
(ਕਿਸਾਨ ਅੰਦੋਲਨ ਤੇ ਪੰਜਾਬ ਦੀ ਸਿਆਸਤ ਬਾਰੇ ਵਿਸ਼ੇਸ਼ ਰਿਪੋਰਟ-ਅਵਤਾਰ ਸਿੰਘ)
ਜਲੰਧਰ- ਪੰਜਾਬ ਦੀਆਂ ੩੨ ਕਿਸਾਨ ਜਥੇਬੰਦੀਆਂ ਵਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣ ਪਰਚਾਰ ਤੇ ਹੋਰ ਵਡੇ ਸਿਆਸੀ ਸਮਾਗਮ ਕਰਨ ਤੋਂ ਵਰਜਣ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਇਸ ਉਤੇ ਕਾਂਗਰਸ, ਅਕਾਲੀ, ਆਪਕੇ ਸਭ ਆਪੋ ਆਪਣੇ ਤਰੀਕੇ ਨਲਾ ਨਰਾਜ਼ਗੀ ਜਿਹੀ ਜਤਾ ਰਹੇ ਹਨ। ਕੈਪਟਨ ਨੇ ਤਾਂ ਕਿਸਾਨਾਂ ਨੂੰ ਦਿੱਲੀ ਜਾ ਕੇ ਲੜਾਈ ਲੜਨ ਤੇ ਪੰਜਾਬ ਦਾ ਨੁਕਸਾਨ ਨਾ ਕਰਨ ਦੀ ਸਲਾਹ ਦਿੱਤੀ ਹੈ। ਅਸਲ ਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਾਂਸ਼ਹਿਰ ਵਿਚ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੁਸ਼ਿਆਰਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਦੇ ਪਿੰਡ ਮੁਖਲਿਆਣਾ ਵਿਖੇ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦੇ ਚੈੱਕ ਵੀ ਵੰਡੇ। ਕੈਪਟਨ ਵੱਲੋਂ ਇਥੇ ਜਿਹੜੇ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਦਾ ਨਾਂ ਉਨ੍ਹਾਂ ਨੇ ਡਾ. ਬੀ. ਆਰ. ਅੰਬੇਡਕਰ ਦੇ ਨਾਂ ’ਤੇ ਰੱਖਿਆ। ਇੱਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਕਿਸਾਨ ਦਿੱਲੀ ਜਾ ਕੇ ਆਪਣੀ ਲੜਾਈ ਲੜਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਸਮੇਂ ਕਰੀਬ 113 ਥਾਵਾਂ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਪੰਜਾਬ ’ਚ ਕਿਸਾਨ ਅੰਦੋਲਨ ਦੇ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ। ਪੰਜਾਬ ਦੀ ਆਰਥਿਕਤਾ ਨੂੰ ਖ਼ਰਾਬ ਨਾ ਕੀਤਾ ਜਾਵੇ ਅਤੇ ਅਸੀਂ ਪੰਜਾਬ ਦੇ ਵਿਕਾਸ ਵੱਲ ਧਿਆਨ ਦੇਈਏ। ਉਨ੍ਹਾਂ ਕਿਹਾ ਕਿ ਮੇਰੀ ਕਿਸਾਨਾਂ ਨੂੰ ਅਪੀਲ ਹੈ ਕਿ ਕਿਸਾਨ ਦਿੱਲੀ, ਹਰਿਆਣਾ ’ਚ ਜਾ ਕੇ ਆਪਣੀ ਲੜਾਈ ਲੜਨ। ਉਨ੍ਹਾਂ ਨੇ ਖੇਤੀ ਕਾਨੂੰਨਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦਾ ਸਾਥ ਦਿੱਤਾ ਹੈ, ਰੋਕਿਆ ਨਹੀਂ। ਜੇਕਰ ਪੰਜਾਬ ਰੋਕਦਾ ਤਾਂ ਦਿੱਲੀ ਤੱਕ ਆਵਾਜ਼ ਨਹੀਂ ਸੀ ਪਹੁੰਚਣੀ। ਉਨ੍ਹਾਂ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪਹਿਲਾਂ ਵੀ 127 ਵਾਰ ਸੰਵਿਧਾਨ ’ਚ ਸੋਧ ਹੋ ਚੁੱਕੀ ਹੈ ਅਤੇ ਹੁਣ ਵੀ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ 128ਵੀਂ ਵਾਰ ਸੰਵਿਧਾਨ ’ਚ ਸੋਧ ਕਰ ਸਕਦੀ ਹੈ। ਇਥੇ ਦੱਸ ਦੇਈਏ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ’ਚ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਿਆ, ਉਥੇ ਹੀ ਬੇਜ਼ਮੀਨੇ ਕਿਸਾਨ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਲਈ ਚੈੱਕ ਦਿੱਤੇ।
ਸਿਨੇਮੇ ਮੂਹਰੇ ਧਰਨਾ ਮਾਰ ਕੇ ਬੈਠੇ ਕਿਸਾਨ
ਕਿਸਾਨਾਂ ਦਾ ਵਿਰੋਧ ਪਰਦਰਸ਼ਨ ਆਪ ਮੁਹਾਰਾ ਹੈ, ਅੱਜ ਦੋਰਾਹਾ ਦੇ ਜੀਟੀ ਰੋਡ ਤੇ ਸਥਿਤ ਰਾਇਲਟਨ ਸਿਟੀ ‘ਚ ਬਣੇ ਸਿਨੇਮਾਹਾਲ ‘ਚ ਕੰਗਨਾ ਰਣੌਤ ਦੀ ਨਵੀਂ ਫ਼ਿਲਮ ਥਲਾਇਵੀ ਦਾ ਕਿਸਾਨਾਂ ਨੇ ਵਿਰੋਧ ਕੀਤਾ। ਉਨ੍ਹਾਂ ਸਿਨੇਮਾਹਾਲ ਦੇ ਬਾਹਰ ਧਰਨਾ ਦਿੱਤਾ ਤਾਂ ਸਿਨੇਮਾਹਾਲ ਦੇ ਜਨਰਲ ਮੈਨੇਜਰ ਨਵਦੀਪ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ। ਕਿਸਾਨ ਲੀਡਰਾਂ ਨੇ ਸਪਸ਼ਟ ਕਰ ਦਿੱਤਾ ਕਿ ਅਦਾਕਾਰ ਧਰਮੇਂਦਰ, ਅਕਸ਼ੇ ਕੁਮਾਰ, ਅਜੇ ਦੇਵਗਨ ਤੇ ਕੰਗਨਾ ਰਣੌਤ ਦੀ ਆਂ ਫ਼ਿਲਮਾਂ ਉਦੋਂ ਤਕ ਨਹੀਂ ਚੱਲਣ ਦਿਆਂਗੇ ਜਦੋਂ ਤਕ ਕਿਸਾਨ ਅੰਦੋਲਨ ਦਾ ਕੋਈ ਫੈਸਲਾ ਨਹੀਂ ਹੋ ਜਾਂਦਾ। ਸਿਨੇਮਾ ਦੇ ਜਨਰਲ ਮੈਨੇਜਰ ਨੇ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਵਾਦਤ ਕਲਾਕਾਰ ਦੀ ਫ਼ਿਲਮ ਸਿਨੇਮਾਹਾਲ ‘ਚ ਨਹੀਂ ਚਲਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕੰਗਨਾ ਦੀ ਫ਼ਿਲਮ ਵੀ ਬੰਦ ਕਰ ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਹਨ।
ਕਿਸਾਨਾਂ ਦੀ ਬਣੇਗੀ ਪੰਜਾਬ ਚ ਸਰਕਾਰ-ਚੜੂਨੀ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਪੰਜਾਬ ’ਚ ਕਿਸਾਨ-ਮਜ਼ਦੂਰ ਮਿਲ ਕੇ ਚੋਣਾਂ ਲੜਣਗੇ ਤੇ ਕਿਸਾਨਾਂ ਦੀ ਸਰਕਾਰ ਬਣੇਗੀ। ਚਢੂਨੀ ਨੇ ਇਹ ਐਲਾਨ ਵੀ ਕੀਤਾ ਕਿ ਮੈਂ ਖੁਦ ਚੋਣ ਨਹੀਂ ਲੜਾਗਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠਾਂ ਚੋਣ ਨਹੀਂ ਲੜੀ ਜਾਵੇਗੀ। ਇਸ ਖ਼ਾਤਰ ਆਮ ਲੋਕਾਂ ਨੂੰ ਇਕੱਠਾ ਕਰ ਕੇ ਇਕ ਮੰਚ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਸਾਫ਼ ਕੀਤਾ ਕਿ ‘ਮਿਸ਼ਨ ਪੰਜਾਬ’ ਮੇਰਾ ਨਿੱਜੀ ਵਿਚਾਰ ਹੈ, ਸੰਯੁਕਤ ਕਿਸਾਨ ਮੋਰਚੇ ਦਾ ਨਹੀਂ।
ਕਿਸਾਨ ਆਗੂ ਸਥਿਤੀ ਸਾਫ ਕਰਨ-ਆਪ
ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕਿਸਾਨ ਆਗੂ ਇਕਮਤ ਹੋ ਕੇ ਇਕ ਫੈਸਲਾ ਲਾਗੂ ਕਰਨ, ਤਾਂ ਜੋ ਸਿਆਸੀ ਸਰਗਰਮੀ ਨੂੰ ਲੈ ਕੇ ਸਪਸ਼ਟਤਾ ਹੋ ਜਾਵੇ, ਚੋਣ ਲੜਨ ਬਾਰੇ ਵੀ ਆਪਕਿਆਂ ਨੇ ਕਿਸਾਨ ਆਗੂਆਂ ਨੂੰ ਸਥਿਤੀ ਸਾਫ ਕਰਨ ਲਈ ਕਿਹਾ ਹੈ।
ਰਾਜੇਵਾਲ ਨੂੰ ਕਾਂਗਰਸ ਜੁਆਇਨ ਕਰਨ ਦੀ ਸਲਾਹ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ’ਤੇ ਕਟਾਖਸ਼ ਕਰਦਿਆਂ ਕਿਹਾ ਕਿ ਇਸ ਆਗੂ ਨੂੰ ਹੁਣ ਕਿਸਾਨ ਸੰਘਰਸ਼ ਦੀ ਬਜਾਏ ਕਾਂਗਰਸ ਦੇ ਹਿੱਤਾਂ ਦੀ ਜ਼ਿਆਦਾ ਤੜਫ਼ ਲੱਗੀ ਹੋਈ ਹੈ, ਇਸ ਲਈ ਰਾਜੇਵਾਲ ਨੂੰ ਕਾਂਗਰਸ ’ਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ ਤਾਂ ਜੋ ਪਰਦੇ ਹੇਠ ਲੁਕਿਆ ਸੱਚ ਜਗ ਜ਼ਾਹਿਰ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਰਾਜੇਵਾਲ ਜਿਸ ਤਰ੍ਹਾਂ ਆਪਣੀਆ ਵਿਅਕਤੀਗਤ ਨੀਤੀਆਂ ਸੰਯੁਕਤ ਕਿਸਾਨ ਮੋਰਚੇ ਰਾਹੀਂ ਲਾਗੂ ਕਰਵਾ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਰਾਜੇਵਾਲ ਕਾਂਗਰਸ ਲਈ ਕੰਮ ਕਰ ਰਿਹਾ ਹੈ, ਇਸ ਕਾਰਨ ਕਿਸਾਨ ਸੰਘਰਸ਼ ਨੂੰ ਢਾਅ ਲੱਗ ਰਹੀ ਹੈ ਤੇ ਸੰਘਰਸ਼ ਕਮਜ਼ੋਰ ਹੋ ਰਿਹਾ ਹੈ।
ਇਧਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਕਿਸਾਨ ਜੱਥੇਬੰਦਿਆ ਲੋਕਤੰਤਰ ਦਾ ਗਲਾ ਘੁੱਟਣ ਦਾ ਕੰਮ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਭਾਜਪਾ ਤੋਂ ਡਰਦੀਆਂ ਹਨ, ਜਿਸ ਕਾਰਨ ਪੰਜਾਬ ਵਿੱਚ ਭਾਜਪਾ ਨੂੰ ਲੋਕਾਂ ਵਿੱਚ ਗੱਲ ਰੱਖਣ ਤੋਂ ਰੋਕਿਆ ਜਾ ਰਿਹਾ ਹੈ। ਬੀਜੇਪੀ ਆਗੂ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਬੋਲਣ ਦਾ ਅਧਿਕਾਰ ਹੈ। ਜਿਸ ਤਰ੍ਹਾਂ ਕਿਸਾਨ ਵਿਰੋਧ ਕਰ ਰਹੇ ਹਨ, ਉਸੇ ਲੋਕਤੰਤਰ ਦੇ ਤਹਿਤ ਭਾਜਪਾ ਨੂੰ ਬੋਲਣ ਦਾ ਅਧਿਕਾਰ ਹੈ। ਲੋਕ ਫੈਸਲਾ ਕਰਨਗੇ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ। ਜੀਵਨ ਗੁਪਤਾ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀ ਸਰਕਾਰ ਬਣਾਉਣੀ ਹੈ, ਇਹ ਫੈਸਲਾ ਲੋਕਾਂ ਉੱਤੇ ਛੱਡ ਦੇਣਾ ਚਾਹੀਦਾ ਹੈ। ਭਾਜਪਾ ਨੂੰ ਪ੍ਰਚਾਰ ਕਰਨ ਤੋਂ ਰੋਕਣਾ ਕਿਸ ਪੱਖੋਂ ਵੀ ਸਹੀ ਨਹੀਂ ਹੈ। ਪੰਜਾਬ ਦੀ ਜਨਤਾ ਤੈਅ ਕਰੇ ਕਿਹੜੀ ਪਾਰਟ ਸਹੀ ਤੇ ਕਿਹੜੀ ਗਲਤ ਹੈ। ਲੋਕਤੰਤਰ ਅਧਿਕਾਰਾਂ ਦਾ ਗਲਾ ਘੱਟਣ ਦਾ ਕੰਮ ਲੋਕਤੰਤਰੀ ਪ੍ਰਕਿਰਿਆ ਵਾਸਤੇ ਮੰਦਭਾਗਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਜੱਥੇਬੰਦੀਆਂ ਵਾਂਗ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਭਾਜਪਾ ਤੋਂ ਡਰ ਲੱਗਦਾ ਹੈ।
Comment here