ਸਿਆਸਤਖਬਰਾਂ

ਕੇਂਦਰ ਨੇ ਪੰਜਾਬ ਨੂੰ ਕਿਸਾਨ ਅੰਦੋਲਨ ਕਾਰਨ ਬੰਦ ਟੋਲ ਪਲਾਜ਼ੇ ਖੁਲਵਾਉਣ ਲਈ ਕਿਹਾ

ਨਵੀਂ ਦਿੱਲੀ-ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਕਰਕੇ ਟੋਲ ਪਲਾਜ਼ੇ ਬੰਦ ਹਨ, ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਹੁਣ ਤੱਕ 830 ਕਰੋੜ ਰੁਪਏ ਦੀ ਰਾਹਤ ਮਿਲ ਗਈ ਹੈ। ਪੰਜਾਬ ’ਚ ਕਿਸਾਨ ਅੰਦੋਲਨ ਪਹਿਲੀ ਸਤੰਬਰ 2020 ਤੋਂ ਚੱਲ ਰਿਹਾ ਹੈ ਜਦੋਂ ਕਿ ਟੋਲ ਪਲਾਜੇ ਪਹਿਲੀ ਅਕਤੂਬਰ 2020 ਤੋਂ ਬੰਦ ਕੀਤੇ ਗਏ। ਕੇਂਦਰ ਸਰਕਾਰ ਨੇ ਹੁਣ ਪੰਜਾਬ ਦੀ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸੂਬੇ ਦੇ ਟੌਲ ਪਲਾਜ਼ੇ ਖੁਲ੍ਹਵਾਏ ਜਾਣ ਤਾਂ ਜੋ ਜਨਤਕ ਖ਼ਜ਼ਾਨੇ ਦਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ। ਕੇਂਦਰ ਸਰਕਾਰ ਨੂੰ ਵੱਡਾ ਡਰ ਇਹ ਵੀ ਹੈ ਕਿ ਟੋਲ ਪਲਾਜ਼ੇ ਚਲਾਉਣ ਵਾਲੀਆਂ ਕੰਪਨੀਆਂ ਵਾਧੂ ਕਲੇਮ ਵੀ ਪਾ ਸਕਦੀਆਂ ਹਨ ਜੋ 830 ਕਰੋੜ ਤੋਂ ਵੱਖਰੇ ਹੋਣਗੇ। ਪਹਿਲਾਂ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਸਾਲ 19 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਸੀ ਅਤੇ ਉਸ ਤੋਂ ਪਹਿਲਾਂ ਮੁੱਖ ਸਕੱਤਰ ਨੂੰ ਵੀ 16 ਅਕਤੂਬਰ ਨੂੰ ਪੱਤਰ ਭੇਜਿਆ ਗਿਆ ਸੀ। ਕੇਂਦਰੀ ਸੜਕ ਆਵਾਜਾਈ ਮੰਤਰਾਲੇ ਦੇ ਸਕੱਤਰ ਨੇ ਹੁਣ ਮੁੱਖ ਸਕੱਤਰ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਵਿਚਲੇ ਟੋਲ ਪਲਾਜ਼ੇ ਖੁਲ੍ਹਵਾਏ ਜਾਣ। ਪੰਜਾਬ ਸਰਕਾਰ ਨੇ ਅਜੇ ਕੋਈ ਹੁੰਗਾਰਾ ਨਹੀਂ ਭਰਿਆ ਹੈ। ਪੰਜਾਬ ਵਿਚ ਕੌਮੀ ਸੜਕਾਂ ’ਤੇ ਪੈਂਦੇ 17 ਟੋਲ ਪਲਾਜ਼ੇ ਬੰਦ ਹਨ ਜਦੋਂ ਕਿ ਇਨ੍ਹਾਂ ਤੋਂ ਬਿਨਾਂ ਪੰਜਾਬ ਸਰਕਾਰ ਦੇ 15 ਟੌਲ ਪਲਾਜ਼ੇ ਵੱਖਰੇ ਹਨ। ਹਰਿਆਣਾ ਵਿਚ 12 ਟੋਲ ਪਲਾਜ਼ੇ 12 ਦਸੰਬਰ ਤੋਂ ਬੰਦ ਹਨ ਜਿਸ ਕਰਕੇ ਹਰਿਆਣਾ ਵਿਚ ਔਸਤਨ ਪ੍ਰਤੀ ਦਿਨ ਲੋਕਾਂ ਦਾ 3.39 ਕਰੋੜ ਰੁਪਿਆ ਟੋਲ ਟੈਕਸ ਦਾ ਬਚ ਰਿਹਾ ਹੈ। ਰਾਜਸਥਾਨ ਵਿਚ ਸਿਰਫ਼ ਸੱਤ ਟੋਲ ਪਲਾਜ਼ੇ ਬੰਦ ਹਨ, ਇਥੇ ਦੇਸ਼ ਚ ਸਭ ਤੋੰ ਵਧ 91 ਟੋਲ ਪਲਾਜਾ ਹਨ।

ਫਿਲਹਾਲ ਇਹ ਸਪੱਸ਼ਠ ਨਹੀਂ ਹੋ ਸਕਿਆ ਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਹੀ ਟੋਲ ਖੁਲਵਾਉਣ ਲਈ ਕਿਹਾ ਹੈ ਜਾਂ ਹਰਿਆਣਾ ਤੇ ਰਾਜਸਥਾਨ ਸਰਕਾਰਾਂ ਨੂੰ ਇਸ ਬਾਬਤ ਚਿੱਠੀਆਂ ਪਾਈਆਂ ਹਨ।

Comment here