ਸਿਆਸਤਖਬਰਾਂ

ਮੋਗੇ ਚ ਅਕਾਲੀਆਂ ਦੀ ਰੈਲੀ ਦਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿਰੋਧ

ਪੁਲਸ ਤੇ ਕਿਸਾਨਾਂ ਚ ਝੜਪ, ਪਥਰਾਅ, ਲਾਠੀਚਾਰਜ

ਸੁਖਬੀਰ ਨੇ ਮੱਖਣ ਬਰਾੜ ਨੂੰ ਉਮੀਦਵਾਰ ਐਲਾਨਿਆ

ਮਜੀਠੀਆ ਨੇ ਵਿਰੋਧ ਪਿੱਛੇ ਕਾਂਗਰਸੀਆਂ ਤੇ ਆਪਕਿਆਂ ਨੂੰ ਦੋਸ਼ੀ ਠਹਿਰਾਇਆ

ਮੋਗਾ – ਅੱਜ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਦੀ ਮੋਗਾ ਰੈਲੀ ਦਾ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਨੇ ਵਿਰੋਧ ਕੀਤਾ, ਇਥੇ ਕਿਸਾਨ ਤੇ ਪੁਲਿਸ  ਆਹਮੋਸਾਹਮਣੇ ਹੋ ਗਏ। ਜਾਣਕਾਰੀ ਮੁਤਾਬਕ ਜਦੋਂ ਕਿਸਾਨਾਂ ਨੇ ਰੈਲੀ ਵਾਲੀ ਥਾਂ ਤੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋਈ। ਪਥਰਾਅ ਹੋਇਆ, ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਵੀ ਕੀਤਾ ਗਿਆ। ਕਈ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ‘ਚ ਲਿਆ ਗਿਆ। ਕਿਸਾਨਾਂ ਨੇ ਮੋਗਾ ਦੀ ਸੁਖਬੀਰ ਬਾਦਲ ਦੀ ਆਮਦ ‘ਤੇ ਲਗਾਏ ਗਏ ਸ਼ਹਿਰ ਤੇ ਅਨਾਜ ਮੰਡੀ ਵਿਚ ਫਲੈਕਸ ਬੋਰਡ ਵੀ ਪਾੜ ਦਿੱਤੇ ਹਨ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਿਸਾਨੀ ਮੋਰਚੇ ਵੱਲੋਂ ਲੋਕਾਂ ਦਾ ਧਿਆਨ ਖਿੱਚਣ ਲਈ ਵੋਟ ਵਟੋਰੂ ਰਾਜਨੀਤਕ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਕਰ ਰਹੀਆਂ ਹਨ ਤੇ ਪਿੰਡਾਂ ‘ਚ ਲੋਕਾਂ ‘ਚ ਵੰਡੀਆਂ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਹ ਸਰਕਾਰ ਹੈ ਜਿਸ ਨੇ 7 ਸਾਲ ਤੋਂ ਜ਼ਿਆਦਾ ਸਮਾਂ ਬੀਜੇਪੀ ਨਾਲ ਗੱਠਜੋੜ ਕਰਕੇ ਨਿੱਜੀ ਕਰਨ ਤੇ ਕਾਲੇ ਕਾਨੂੰਨਾਂ ਵਰਗੇ ਕਈ ਲੋਕ ਮਾਰੂ ਕਾਨੂੰਨ ਪਾਸ ਕੀਤੇ ਗਏ ਸਨ। ਅਕਾਲੀ ਦਲ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਸ਼ਾਂਤਮਈ ਧਰਨੇ ‘ਤੇ ਬੈਠੀਆਂ ਸੰਗਤਾਂ ‘ਤੇ ਗੋਲੀ ਚਲਵਾਈ ਗਈ ਤੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤੇ। ਨਸ਼ਾ ਸ਼ਰ੍ਹੇਆਮ ਵਿਕਿਆ, ਗੈਂਗਵਾਰ, ਬੇਰੁਜ਼ਗਾਰੀ ਕਿਸਾਨਾਂ, ਮਜ਼ਦੂਰਾਂ ਨੂੰ ਕਰਜ਼ੇ ਦੀ ਦਲਦਲ ਵੱਲ ਧੱਕਿਆ ਗਿਆ। ਜਦੋਂ ਦੇ ਖੇਤੀ ਕਾਨੂੰਨ ਪਾਸ ਕੀਤੇ ਨੇ ਉਸ ਸਮੇਂ ਤੋਂ ਅਕਾਲੀ ਦਲ ਨੇ ਨਾ ਕੋਈ ਟੋਲ ਪਲਾਜ਼ਾ ਤੇ ਨਾ ਕੋਈ ਪੈਟਰੋਲ ਪੰਪ ਰੋਕਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਰੈਲੀਆਂ ਦੇ ਨਾਮ ‘ਤੇ ਲੋਕਾਂ ਦਾ ਗੁੱਸਾ ਖ਼ਾਰਜ ਕਰਨ ‘ਤੇ ਤੁਲੀ ਹੋਈ ਹੈ।

 ਵਿਰੋਧ ਦੇ ਬਾਵਜੂਦ ਰੈਲੀ ਚ ਭਰਵਾਂ ਇਕੱਠ

ਮੋਗਾ ਚ ਗੱਲ ਪੰਜਾਬ ਦੀ ਮੁਹਿਮ ਤਹਿਤ ਸੁਖਬੀਰ ਬਾਦਲ ਦੀ ਫੇਰੀ ਦਾ ਬੇਸ਼ਕ ਵਿਰੋਧ ਹੋਇਆ ਪਰ ਇਸ ਦੇ ਬਾਵਜੂਦ ਭਰਵਾਂ ਇਕਠ ਰੈਲੀ ਚ ਹੋਇਆ। ਜਿਥੇ ਸੁਖਬੀਰ ਸਿੰਘ ਬਾਦਲ ਨੇ ਮੋਗਾ ਤੋਂ ਸਾਬਕਾ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸੁਖਬੀਰ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੇਰਾ ਸਿਆਸੀ ਜੀਵਨ ਮੋਗਾ ਤੋਂ ਸ਼ੁਰੂ ਹੋਇਆ ਹੈ। ਕਿਹਾ ਕਿ ਜੇਕਰ ਪੰਜਾਬ ਵਿੱਚ ਅਕਾਲੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਡੀਜ਼ਲ 10 ਰੁਪਏ ਸਸਤਾ ਕੀਤਾ ਜਾਵੇਗਾ।ਕੇਜਰੀਵਾਲ ਅਤੇ ਕੈਪਟਨ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਨੇ ਕਿਹਾ ਕਿ ਕਾਂਗਰਸ ਨੇ ਕਿਹੜੇ ਸੂਬੇ ਵਿੱਚ ਵਿਕਾਸ ਦਾ ਕਾਰਜ ਕੀਤਾ ਹੈ, ਉਸ ਦਾ ਨਾਂ ਦੱਸੇ। ਕੈਪਟਨ ਸਰਕਾਰ ਨੇ ਸੜਕਾਂ ਦਾ ਵਿਕਾਸ ਕਰਨਾ ਤਾਂ ਦੂਰ ਦੀ ਗੱਲ ਇਸ ਵਾਰ ਤਾਂ ਸੜਕਾਂ ’ਤੇ ਪੈਚ ਲਗਵਾਉਣ ਦਾ ਕੰਮ ਵੀ ਨਹੀਂ ਕੀਤਾ। ਬੀਜੇਪੀ, ਕਾਂਗਰਸ ਤੇ ‘ਆਪ’ ਦੇ ਫ਼ੈਸਲੇ ਦਿੱਲੀ ਵਾਲੇ ਕਰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਫ਼ੈਸਲੇ ਤੁਸੀਂ ਭਾਵ ਜਨਤਾ ਕਰਦੀ ਹੈ। ਸੁਖਬੀਰ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ ਅਤੇ ਉਸ ਦੀ ਹਮਦਰਦੀ ਵੀ ਦਿੱਲੀ ਦੇ ਲੋਕਾਂ ਨਾਲ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ, ਉਹ ਸਾਰੇ ਪੂਰੇ ਕੀਤੇ ਹਨ।

ਅਕਾਲੀਆਂ ਦੇ ਸਮਾਗਮਾਂ ਦੇ ਵਿਰੋਧ ਲਈ ਕਾਂਗਰਸ ਤੇ ਆਪ ਦੋਸ਼ੀ-ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਜੋ  ਅਕਾਲੀ ਵਿਧਾਇਕਾਂ ਅਤੇ ਵਰਕਰਾਂ ’ਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ, ਇਹ ਬਹੁਤ ਹੀ ਨਿੰਦਣਯੋਗ ਹਨ। ਇਹ ਸਭ ਕੁੱਝ ਕਾਂਗਰਸ ਅਤੇ ‘ਆਪ’ ਦੀ ਸ਼ਹਿ ’ਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਾਂ ਕਿਸਾਨੀ ਦਾ ਮੁੱਦਾ ਹੀ ਕੋਈ ਨਹੀਂ। ਪੰਜਾਬ ’ਚ ਤਾਂ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਹਨ। ਇਹ ਕਾਲੇ ਕਾਨੂੰਨ ਤਾਂ ਕੇਂਦਰ ਸਰਕਾਰ ਨੇ ਲਾਗੂ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਝੰਡੇ ਦੀ ਆੜ ’ਚ ਕਾਂਗਰਸ ਅਤੇ ‘ਆਪ’ ਆਪਣਾ ਏਜੰਡਾ ਚਲਾ ਰਹੀ ਹੈ ਅਤੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ, ਜਿਹੜੇ ਚਾਹੁੰਦੇ ਹਨ ਕਿ ਇੱਥੇ ਪੰਜਾਬ ’ਚ ਗਵਰਨਰੀ ਰਾਜ ਲੱਗ ਜਾਵੇ।

Comment here